ਕਰਨਾਟਕ ਅੰਦਰ ਹੈ ਉੱਬਲੀ ਰਾਜਨੀਤੀ, ਕਾਂਗਰਸ ਟੱਬਰ ਨੂੰ ਲੱਗੀ ਹੈ ਸੰਨ੍ਹ ਮੀਆਂ

ਅੱਜ-ਨਾਮਾ

ਕਰਨਾਟਕ ਅੰਦਰ ਹੈ ਉੱਬਲੀ ਰਾਜਨੀਤੀ,
ਕਾਂਗਰਸ ਟੱਬਰ ਨੂੰ ਲੱਗੀ ਹੈ ਸੰਨ੍ਹ ਮੀਆਂ।

ਦਿੱਤਾ ਕਈਆਂ ਨੇ ਅੱਜ ਤਿਆਗ ਪੱਤਰ,
ਲਾਈਆਂ ਊਜਾਂ ਵੀ ਵੰਨ-ਸੁਵੰਨ ਮੀਆਂ।

ਕਹਿੰਦੇ ਚਿਰਾਂ ਦੇ ਅਸੀਂ ਰਹੇ ਭਰੇ-ਪੀਤੇ,
ਆਖਰ ਟੁੱਟਾ ਜੀ ਸਬਰ ਦਾ ਬੰਨ੍ਹ ਮੀਆਂ।

ਸ਼ਾਹੀ ਕੁਰਸੀਆਂ ਤੋਂ ਕਰਿਆ ਦੂਰ ਸਾਨੂੰ,
ਸੁੱਕਾ ਟੁੱਕੜ ਨਹੀਂ ਹੁੰਦਾ ਹੈ ਭੰਨ ਮੀਆਂ।

ਅਸਲੀ ਚੱਕਰ ਕਿ ਕਿਸੇ ਸੀ ਪਾਈ ਕੁੰਡੀ,
ਚੋਗਾ ਪਿਆ ਤਾਂ ਮੱਛੀਆਂ ਚਰ ਲਿਆ ਈ।

ਧੱਕਿਆ ਪਿਛਾਂਹ ਬੰਗਾਲ ਦਾ ਰਾਮ-ਰੌਲਾ,
ਓਦੋਂ ਮੂਹਰੇ ਕਰਨਾਟਕਾ ਕਰ ਲਿਆ ਈ।

-ਤੀਸ ਮਾਰ ਖਾਂ
ਜੁਲਾਈ 7, 2019

Share News / Article

YP Headlines