ਕਰਦਾ ਜਾਂਦਾ ਤਰੱਕੀ ਆ ਮੁਲਕ ਸਾਡਾ, ਕਹਿੰਦੀ ਰੋਜ਼ ਆ ਪਈ ਸਰਕਾਰ ਬੇਲੀ

ਅੱਜ-ਨਾਮਾ

ਕਰਦਾ ਜਾਂਦਾ ਤਰੱਕੀ ਆ ਮੁਲਕ ਸਾਡਾ,
ਕਹਿੰਦੀ ਰੋਜ਼ ਆ ਪਈ ਸਰਕਾਰ ਬੇਲੀ।

ਰੁਕਣ ਦੇਣਾ ਤਰੱਕੀ ਦਾ ਨਹੀਂ ਪਹੀਆ,
ਡਿੱਗਣ ਦੇਣੀ ਹੈ ਨਹੀਂ ਰਫਤਾਰ ਬੇਲੀ।

ਵਾਸੀ ਮੁਲਕ ਦੇ ਲਾਉਣਗੇ ਤਾਣ ਸਾਰਾ,
ਟ੍ਰਿਲੀਅਨ ਰੇਖਾ ਤੋਂ ਟੱਪਣਾ ਪਾਰ ਬੇਲੀ।

ਸਾਡੀ ਵਿੰਹਦਾ ਤਰੱਕੀ ਹੈਰਾਨ ਹੋਇਆ,
ਚਾਰੇ ਈ ਤਰਫ ਤੋਂ ਕੁੱਲ ਸੰਸਾਰ ਬੇਲੀ।

ਦੂਸਰੇ ਪਾਸਿਓਂ ਖਬਰ ਸੀ ਆਣ ਪਹੁੰਚੀ,
ਦਰ ਵਿਕਾਸ ਦੀ ਰਹੀ ਆ ਲੁੜਕ ਬੇਲੀ।

ਸੁਣ ਕੇ ਸਭ ਤਰੱਕੀ ਦੇ ਦਾਅਵਿਆਂ ਦੀ,
ਸਾਰੀ ਗੱਲ ਗਈ ਲੋਕਾਂ ਨੂੰ ਖੁੜਕ ਬੇਲੀ।

-ਤੀਸ ਮਾਰ ਖਾਂ
ਸਤੰਬਰ 01, 2019

Share News / Article

YP Headlines