ਕਰਤਾਰਪੁਰ ਸਾਹਿਬ ਲਾਂਘੇ ਨੂੰ ਰੱਦ ਕੀਤੇ ਜਾਣ ਦੀ ਸਾਜਿਸ਼ ਰੱਚਣ ਵਾਲੇ ਅਕਾਲੀਆਂ ਅਤੇ ਭਾਜਪਾ ਆਗੂਆਂ ਨੂੰ ਖਹਿਰਾ ਦੀ ਚਿਤਾਵਨੀ

ਚੰਡੀਗੜ, 25 ਅਗਸਤ, 2019: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਕਿ ਭਾਜਪਾ ਐਮ.ਪੀ ਸੁਬਰਾਮਨੀਅਮ ਸਵਾਮੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਰੱਦ ਕੀਤੇ ਜਾਣ ਵਾਲਾ ਚੰਡੀਗੜ ਵਿਖੇ ਦਿੱਤਾ ਗਿਆ ਬਿਆਨ ਭਾਜਪਾ ਅਤੇ ਇਸ ਦੀ ਗਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੋਮ ਖਿਲਾਫ ਰਚੀ ਜਾ ਰਹੀ ਸਾਜਿਸ਼ ਦਾ ਇੱਕ ਹਿੱੱਸਾ ਹੈ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸੁਬਰਾਮਨੀਅਮ ਸਵਾਮੀ ਵੱਲੋਂ ਦਿੱਤੇ ਗਏ ਇਸ ਬਿਆਨ ਉੱਪਰ ਨਾ ਤਾ ਪੰਜਾਬ ਭਾਜਪਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ।

ਇਸ ਮੁੱਦੇ ਉੱਪਰ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕੋਲੋਂ ਸਪੱਸ਼ਟੀਕਰਨ ਮੰਗਿਆ। ਉਹਨਾਂ ਖਦਸ਼ਾ ਜਤਾਇਆ ਕਿ ਕਸ਼ਮੀਰ ਮੁੱਦੇ ਉੱਪਰ ਅਕਾਲੀ ਲੀਡਰਸ਼ਿਪ ਵੱਲੋਂ ਲਏ ਗਏ ਸਟੈਂਡ ਅਨੁਸਾਰ ਅਕਾਲੀ ਦਲ ਮਹਿਜ ਹਰਸਿਮਰਤ ਕੋਰ ਬਾਦਲ ਦੀ ਇੱਕ ਵਜਾਰਤ ਨੂੰ ਬਚਾਉਣ ਲਈ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਨੂੰ ਭਾਜਪਾ ਕੋਲ ਗਿਰਵੀ ਰੱਖ ਚੁੱਕਾ ਹੈ।

ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਅਸਿੱਧੇ ਤੋਰ ਉੱਪਰ ਕਸ਼ਮੀਰ ਦੇ ਲੋਕਾਂ ਦੇ ਲੋਕਤੰਤਰਿਕ ਅਤੇ ਮਨੁੱਖੀ ਅਧਿਕਾਰ ਖੋਹ ਕੇ ਉਹਨਾਂ ਨੂੰ ਬੰਦੀ ਬਣਾ ਲਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸਨੇ ਕਿ ਮਜਬੂਤ ਫੈਡਰਲ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਅਨੇਕਾਂ ਚੋਣਾਂ ਜਿੱਤੀਆਂ ਹਨ, ਨੇ ਬਾਦਲ ਪਰਿਵਾਰ ਦੇ ਵਪਾਰਿਕ ਹਿੱਤਾਂ ਕਾਰਨ ਭਾਜਪਾ ਲੀਡਰਸ਼ਿਪ ਅੱਗੇ ਸਿਰ ਝੁਕਾ ਲਿਆ ਹੈ।

ਉਹਨਾਂ ਕਿਹਾ ਕਿ ਘੱਟ ਗਿਣਤੀਆਂ ਨੂੰ ਹਾਸ਼ੀਏ ਊੱਪਰ ਸੁੱਟਣ ਦੀ ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਭਾਜਪਾ ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਏ ਹੜ ਵੀ ਇਸੇ ਸਾਜਿਸ਼ ਦਾ ਹਿੱਸਾ ਹਨ ਜਿਸ ਦਾ ਕਿ ਖੁਲਾਸਾ ਉਹ ਬਾਅਦ ਵਿੱਚ ਕਰਨਗੇ।

ਖਹਿਰਾ ਨੇ ਕਿਹਾ ਕਿ ਭਾਜਪਾ ਪਹਿਲਾਂ ਹੀ ਪੰਜਾਬ ਕੋਲੋਂ ਇਸ ਦੇ ਦਰਿਆਈ ਪਾਣੀ ਖੋਹਣ ਅਤੇ ਇਸ ਦਾ ਫਾਇਦਾ ਹਰਿਆਣਾ ਨੂੰ ਦੇਣ ਦਾ ਆਪਣਾ ਰੁੱਖ ਦਿਖਾ ਚੁੱਕੀ ਹੈ ਜਿਥੇ ਕਿ ਭਾਜਪਾ ਨੇ ਇਸੇ ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਵਿਧਾਨ ਸਭਾ ਚੋਣਾਂ ਲੜਣੀਆਂ ਹਨ। ਉਹਨਾਂ ਕਿਹਾ ਕਿ ਮੋਜੂਦਾ ਹਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਕਦਮ ਦਾ ਵਿਰੋਧ ਕਰਨ ਦੀ ਜੁਰੱਅਤ ਵੀ ਨਹੀਂ ਹੈ।

ਖਹਿਰਾ ਨੇ ਕਿਹਾ ਕਿ ਸੁਬਰਾਮਨੀਅਮ ਸਵਾਮੀ ਦਾ ਬਿਆਨ ਹਲਕੇ ਵਿੱਚ ਨਹੀਂ iਲ਼ਆ ਜਾ ਸਕਦਾ। ਕਸ਼ਮੀਰ ਵਿੱਚੋਂ ਆਰਟੀਕਲ 370 ਖਤਮ ਕੀਤੇ ਜਾਣ ਦੇ ਆਪਣੇ ਫੈਸਲੇ ਨੂੰ ਜਾਇਜ ਠਹਿਰਾਉਣ ਲਈ ਕੇਂਦਰ ਵਿਚਲੀ ਭਾਜਪਾ ਸਰਕਾਰ ਨਿਰੰਤਰ ਡਰ ਦਾ ਮਾਹੋਲ ਬਣਾ ਕੇ ਰੱਖ ਰਹੀ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ਉੱਪਰ ਭਾਜਪਾ ਹਾਈ ਕਮਾਂਡ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਵਤੀਰਾ ਸ਼ੱਕੀ ਹੈ।

ਉਹਨਾਂ ਨੇ ਭਾਜਪਾ ਅਤੇ ਅਕਾਲੀ ਆਗੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਰੱਦ ਕੀਤੇ ਜਾਣ ਦੀ ਕਿਸੇ ਪ੍ਰਕਾਰ ਦੀ ਵੀ ਕੋਸ਼ਿਸ਼ ਖਿਲਾਫ ਤਾੜਣਾ ਕੀਤੀ। ਉਹਨਾਂ ਕਿਹਾ ਕਿ ਸੱਤ ਦਹਾਕਿਆਂ ਦੇ ਸੰਘਰਸ਼ ਦੇ ਬਾਅਦ ਸਿੱਖ ਕੋਮ ਨੂੰ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ਦਾ ਲਾਂਘਾ ਮਿਲ ਰਿਹਾ ਹੈ ਅਤੇ ਇਸ ਨੂੰ ਬੰਦ ਕੀਤੇ ਜਾਣ ਦੀ ਕਿਸੇ ਵੀ ਕੋਸ਼ਿਸ਼ ਨਾਲ ਭਾਰੀ ਨੁਕਸਾਨ ਹੋਵੇਗਾ।

ਉਹਨਾਂ ਕਿਹਾ ਕਿ ਨਵੰਬਰ 2019 ਤੱਕ ਲਾਂਘੇ ਨੂੰ ਖੋਲਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਲਗੀ ਪਾਕਿਸਤਾਨ ਸਰਕਾਰ ਲਗਭਗ 90 ਫੀਸਦੀ ਕੰਮ ਪੂਰਾ ਕਰ ਚੁੱਕੀ ਹੈ ਜਦਕਿ ਭਾਰਤ ਵੱਲ ਕੰਮ ਬਹੁਤ ਢਿੱਲੀ ਰਫਤਾਰ ਨਾਲ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਸਿੱਖ ਸ਼ਰਧਾਲੂ ਆਪਣੇ ਗੁਰੂ ਦੇ 550ਵੇ ਪ੍ਰਕਾਸ਼ ਉਤਸਵ ਦੇ ਇਤਿਹਾਸਕ ਮੋਕੇ ਦਾ ਬਹੁਤ ਹੀ ਬੇਸਬਰੀ ਅਤੇ ਸ਼ਰਧਾ ਨਾਲ ਇੰਤਜਾਰ ਕਰ ਰਹੇ ਹਨ। ਉਹਨਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਨਵੰਬਰ ਵਿੱਚ ਲਾਂਘੇ ਨੂੰ ਖੋਲਣ ਅਤੇ ਸੁਬਰਾਮਨੀਅਮ ਸਵਾਮੀ ਦੇ ਬਿਆਨ ਤੋਂ ਖੁਦ ਨੂੰ ਅਲੱਗ ਕਰਨ ਲਈ ਜਨਤਕ ਭਰੋਸਾ ਦੇਣ।

Share News / Article

Yes Punjab - TOP STORIES