ਕਰਤਾਰਪੁਰ ਲਾਂਘੇ ’ਤੇ ਸਰਵਿਸ ਚਾਰਜ ਨਾ ਲਾਉਣ ਲਈ ਪਾਕਿਸਤਾਨ ’ਤੇ ਦਬਾਅ ਬਣਾਇਆ ਜਾਵੇ: ਕੈਪਟਨ ਨੇ ਲਿਖ਼ਿਆ ਮੋਦੀ ਨੂੰ ਪੱਤਰ

ਚੰਡੀਗੜ, 12 ਸਤੰਬਰ, 2019 –
ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ’ਤੇ ਸਰਵਿਸ ਚਾਰਜ ਲਗਾਉਣ ਦੇ ਪ੍ਰਸਤਾਵ ਦੇ ਮਾਮਲੇ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਉਤੇ ਸਰਵਿਸ ਚਾਰਜ ਨਾ ਲਗਾਉਣ ਲਈ ਦਬਾਅ ਪਾਉਣ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਹੈ ਕਿ ਇਸ ਮਾਮਲੇ ਦੇ ਜਲਦੀ ਹੱਲ ਲਈ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਰਵਿਸ ਚਾਰਜ ਲਗਾਉਣ ਲਈ ਪਾਏ ਜਾ ਰਹੇ ਜ਼ੋਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਉਤੇ ਵੱਡਾ ਵਿੱਤੀ ਬੋਝ ਪਵੇਗਾ ਜਦੋਂ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਹ ਵਿੱਤੀ ਬੋਝ ਚੱਲਣ ਦੀ ਸਮਰੱਥਾ ਨਹੀਂ ਰੱਖਦੇ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਮੌਕਿਆਂ ’ਤੇ ਭਾਰਤ ਸਰਕਾਰ ਕੋਲ ਇਹ ਮੰਗ ਰੱਖ ਚੁੱਕੇ ਹਨ ਕਿ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਉਤੇ ਕੋਈ ਵੀਜ਼ਾ ਜਾਂ ਕੋਈ ਹੋਰ ਫੀਸ ਆਦਿ ਦੇਣ ਦੀ ਸ਼ਰਤ ਨਾ ਲਗਾਈ ਜਾਵੇ। ਉਨਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਸਥਿਤ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵੱਲੋਂ ਲੰਬੇ ਸਮੇਂ ਤੋਂ ‘ਖੁੱਲੇ ਦਰਸ਼ਨ ਦੀਦਾਰ’ ਕਰਨ ਦੀ ਕੀਤੀ ਜਾ ਰਹੀ ਅਰਦਾਸ ਪੂਰੀ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੀ ਇਤਿਹਾਸਕ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲਣ ਜਾ ਰਿਹਾ ਹੈ ਜਿਸ ਨੂੰ ਇਸ ਸਾਲ ਨਵੰਬਰ ਮਹੀਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

Share News / Article

YP Headlines