ਔਰੰਗਜ਼ੇਬ ਇੱਕ ਕਾਤਿਲ ਸੀ, ਉਸ ਦਾ ਮਹਿਮਾਗਾਨ ਕਰਨਾ ਗਲਤ: ਸਿਰਸਾ

ਨਵੀਂ ਦਿੱਲੀ, 1 ਦਸੰਬਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੀ ਔਰੰਗਜੇਬ ਰੋਡ ਦੇ ਬੋਰਡ ‘ਤੇ ਕਾਲਕ ਪੋਥ ਦਿੱਤੀ ਅਤੇ ਮੰਗ ਕੀਤੀ ਕਿ ਦੇਸ਼ ਦੀ ਸੰਸਦ ਵਿਚ ਇਸ ਗੱਲ ‘ਤੇ ਚਰਚਾ ਕੀਤੀ ਜਾਵੇ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਔਰੰਗਜੇਬ ਦਾ ਮਹਿਮਾਗਾਨ ਕਿਸ ਵੱਲੋਂ ਕੀਤਾ ਗਿਆ।

ਅੱਜ ਇਥੇ ਆਪਣੇ ਸਾਥੀਆਂ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਵਿੱਕੀ ਮਾਨ ਦੇ ਨਾਲ ਮਿਲ ਕੇ ਬੋਰਡ ‘ਤੇ ਕਾਲਕ ਪੋਥਣ ਤੋਂ ਬਾਅਦ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਇਸ ਦੇਸ਼ ਨੂੰ ਲੁੱਟਿਆ ਅਤੇ ਲੋਕਾਂ ‘ਤੇ ਅੰਨ੍ਹਾ ਤਸ਼ੱਦਦ ਕੀਤਾ, ਉਸਦਾ ਮਹਿਮਾਗਾਨ ਇਸ ਦੇਸ਼ ਵਿਚ ਉਦੋਂ ਕੀਤਾ ਗਿਆ ਜਦੋਂ ਦੇਸ਼ ਆਜ਼ਾਦ ਹੋ ਚੁੱਕਾ ਸੀ।

ਉਹਨਾਂ ਕਿਹਾ ਕਿ ਦੇਸ਼ ਦੀ ਸੰਸਦ ਵਿਚ ਇਸ ਗੱਲ ਚਰਚਾ ਹੋਣੀ ਚਾਹੀਦੀ ਹੈ ਕਿ ਇਹ ਮਹਿਮਾਗਾਨ ਕਿਸਦੇ ਕਾਰਜਕਾਲ ਵਿਚ ਹੋਇਆ ?

ਸ੍ਰੀ ਸਿਰਸਾ ਨੇ ਕਿਹਾ ਇਹ ਮਹਿਮਾਗਾਨ ਇਕ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਤੇ ਨਾ ਸਿਰਫ ਔਰੰਗਜੇਬ ਦੇ ਨਾਂ ‘ਤੇ ਸੜਕਾਂ ਦੇ ਨਾਂ ਰੱਖੇ ਗਏ ਬਲਕਿ ਉਸਦੇ ਬਾਰੇ ਸਕੂਲਾਂ ਤੇ ਕਾਲਜਾਂ ਵਿਚ ਅਧਿਆਇ ਸਿਲਬੇਸ ਵਿਚ ਸ਼ਾਮਲ ਕੀਤਾ ਗਿਆ। ਉਹਨਾਂ ਕਿਹਾ ਕਿ ਸੰਸਦ ਵਿਚ ਇਸ ਗੱਲ ‘ਤੇ ਚਰਚਾ ਕੀਤੀ ਜਾਵੇ ਕਿ ਇਸ ਸਭ ਲਈ ਕੌਣ ਜ਼ਿੰਮੇਵਾਰ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਔਰੰਗਜੇਬ ਇਕ ਵੱਡਾ ਜਾਬਰ ਸੀ ਜਿਸਨੇ ਗੁਰੂ ਸਾਹਿਬਾਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ‘ਤੇ ਵੱਡਾ ਤਸ਼ੱਦਦ ਕੀਤਾ।

ਉਹਨਾਂ ਕਿਹਾ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੀ ‘ਤੇ ਲੋਕਾਂ ਨੂੰ ਇਹ ਚੇਤੇ ਕਰਵਾਉਣ ਦੀ ਜ਼ਰੂਰਤ ਹੈ ਕਿ ਕਿਵੇਂ ਔਰੰਗਜੇਬ ਜ਼ੁਲਮ ਕੀਤਾ ਪਰ ਸਮੇਂ ਦੇ ਸ਼ਾਸਕਾਂ ਨੇ ਬਜਾਏ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੀ ਗੱਲ ਕਰਨ ‘ਤੇ ਉਲਟਾ ਔਰੰਗਜੇਬ ਦੇ ਨਾਂ ‘ਤੇ ਹੀ ਸੜਕਾਂ ਦੇ ਨਾਂ ਰੱਖ ਦਿੱਤੇ ਅਤੇ ਕਿਤਾਬਾਂ ਵਿਚ ਸਿਲੇਬਸ ਪਾ ਦਿੱਤੇ।

ਉਹਨਾਂ ਨੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਔਰੰਗਜੇਬ ਦੇ ਨਾਂ ‘ਤੇ ਜਿਹੜੀਆਂ ਸੜਕਾਂ ਦੇ ਨਾਂ ਹਨ, ਉਹ ਵੀ ਹਟਾਏ ਜਾਣ ਅਤੇ ਸਕੂਲਾਂ ਤੇ ਕਾਲਜਾਂ ਵਿਚੋਂ ਸਿਲੇਬਸ ਵਿਚੋਂ ਵੀ ਉਸਦੇ ਅਧਿਆਇ ਕੱਢੇ ਜਾਣ। ਉਹਨਾਂ ਕਿਹਾ ਕਿ ਜੋ ਸ਼ਾਸਕ ਸਾਡੇ ਦੇਸ਼ ਵਾਸਤੇ, ਸਾਡੇ ਸਮਾਜ ਤੇ ਸਾਡੇ ਗੁਰੂ ਸਾਹਿਬਾਨ ਲਈ ਬਹੁਤ ਘਟੀਆ ਇਨਸਾਨ ਸਾਬਤ ਹੋਇਆ, ਉਸ ਬਾਰੇ ਦੇਸ਼ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਕੁਝ ਵੀ ਪੜ੍ਹਾਉਣ ਤੇ ਸਿਖਾਉਣ ਦੀ ਜ਼ਰੂਰਤ ਨਹੀਂ ਹੈ।