ਐੱਲ. ਈ. ਡੀ. ਲਾਈਟਾਂ ਦੀ ਗੈਰ-ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਚੱਲਦਿਆਂ ਟਾਟਾ ਕੰਪਨੀ ਦਾ ਠੇਕਾ ਰੱਦ ਕਰਨ ਦਾ ਫੈਸਲਾ

ਲੁਧਿਆਣਾ, 19 ਸਤੰਬਰ, 2019 –
ਸ਼ਹਿਰ ਵਿੱਚ ਐੱਲ. ਈ. ਡੀ. ਲਾਈਟਾਂ ਦੀ ਗੈਰ-ਤਸੱਲੀਬਖ਼ਸ਼ ਕਾਰਗੁਜ਼ਾਰੀ ਤੋਂ ਤੰਗ ਆ ਕੇ ਲੁਧਿਆਣਾ ਸਮਾਰਟ ਸਿਟੀ ਨੇ ਟਾਟਾ ਕੰਪਨੀ ਦਾ ਠੇਕਾ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਫੈਸਲਾ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਕੀਤਾ ਗਿਆ।

ਇਸ ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰਾਂ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਜੈ ਪ੍ਰਕਾਸ਼ ਸ਼ਰਮਾ, ਸ੍ਰ. ਹਰਭਜਨ ਸਿੰਘ ਡੰਗ, ਸ੍ਰ. ਪਰਵਿੰਦਰ ਸਿੰਘ ਲਾਪਰਾਂ, ਸ੍ਰੀਮਤੀ ਸੁਨੀਤਾ ਸ਼ਰਮਾ, ਸ੍ਰੀ ਰਾਕੇਸ਼ ਪਰਾਸ਼ਰ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸੀ. ਈ. ਓ. ਸਮਾਰਟ ਸਿਟੀ ਸ੍ਰੀ ਸੰਯਮ ਅਗਰਵਾਲ ਅਤੇ ਹੋਰ ਵੀ ਹਾਜ਼ਰ ਸਨ।

ਦੱਸਣਯੋਗ ਹੈ ਕਿ ਬੇਤੇ ਦਿਨੀਂ ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਨੇ ਨਗਰ ਨਿਗਮ ਕਮਿਸ਼ਨਰ ਨੂੰ ਸਖ਼ਤ ਪੱਤਰ ਲਿਖ ਕੇ ਸਾਰੇ ਸ਼ਹਿਰ ਵਿੱਚ ਐੱਲ. ਈ. ਡੀ. ਲਾਈਟਾਂ ਲਗਾਉਣ ਅਤੇ ਕਾਰਗੁਜ਼ਾਰੀ ਬਾਰੇ ਸਵਾਲ ਉਠਾ ਕੇ ਸਪੱਸ਼ਟੀਕਰਨ ਮੰਗਿਆ ਸੀ।

ਕੌਂਸਲਰ ਮਮਤਾ ਆਸ਼ੂ ਨੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਸੀ ਕਿ ਲਾਈਟਾਂ ਲਗਾਉਣ ਦਾ ਕੰਮ 7 ਮਈ, 2019 ਤੱਕ ਮੁਕੰਮਲ ਕੀਤਾ ਜਾਣਾ ਸੀ ਪਰ ਕੰਪਨੀ ਇਹ ਕੰਮ ਕਰਨ ਵਿੱਚ ਅਸਫ਼ਲ ਰਹੀ। ਕੰਪਨੀ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲਾਈਟਾਂ ਜਗਦੀਆਂ ਹੀ ਨਹੀਂ ਹਨ, ਜਿਸ ਨਾਲ ਆਮ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਤਹਿਤ ਜ਼ੋਨ ਡੀ ਦੇ ਵਾਰਡ ਨੰਬਰ 53 ਅਤੇ 56 (ਪੁਰਾਣਾ) ਨੂੰ ਏਰੀਆ ਬੇਸਡ ਡਿਵੈੱਲਪਮੈਂਟ ਅਧੀਨ ਚੁਣਿਆ ਗਿਆ ਸੀ। ਪਰ ਉਥੇ ਵੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸਟਰੀਟ ਲਾਈਟਾਂ ਚੱਲੀਆਂ ਹੀ ਨਹੀਂ। ਇੱਕ ਮਹੀਨੇ ਤੋਂ ਇਹ ਸਭ ਬਰਦਾਸ਼ਤ ਕੀਤਾ ਜਾ ਰਿਹਾ ਸੀ।

ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਕੰਪਨੀ ਵੱਲੋਂ ਧੀਮੀ ਗਤੀ ਨਾਲ ਕੀਤੇ ਜਾ ਰਹੇ ਕੰਮ ਦੇ ਕਾਰਨ ਕਈ ਕੌਂਸਲਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਸਨ। ਕੰਪਨੀ ਆਪਣਾ ਕਰਾਰ ਮੁਕੰਮਲ ਕਰਨ ਜਾਂ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਕੰਪਨੀ ਦੀ ਘਟੀਆ ਕਾਰਗੁਜ਼ਾਰੀ ਕਾਰਨ ਇਹ ਪ੍ਰੋਜੈਕਟ ਕਈ ਮਹੀਨੇ ਲਟਕ ਗਿਆ। ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਮੀਟਿੰਗ ਦੌਰਾਨ ਸਾਰੇ ਕੌਂਸਲਰਾਂ ਨੇ ਲੁਧਿਆਣਾ ਸਮਾਰਟ ਸਿਟੀ ਦੇ ਸੀ. ਈ. ਓ. ਸ੍ਰੀ ਸੰਯਮ ਅਗਰਵਾਲ ਨੂੰ ਕੰਪਨੀ ਦਾ ਠੇਕਾ ਰੱਦ ਕਰਨ ਦੀ ਅਪੀਲ ਕੀਤੀ, ਜਿਸ ‘ਤੇ ਸ੍ਰੀ ਅਗਰਵਾਲ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਟਰਮੀਨੇਸ਼ਨ ਪੱਤਰ ਜਲਦ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਲਾਈਟਾਂ ਦੀ ਅਣਹੋਂਦ ਵਿੱਚ ਹੋਰ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਨਾ ਹੋਣ।

Share News / Article

Yes Punjab - TOP STORIES