ਐਸ.ਸੀ ਅਤੇ .ਬੀ.ਸੀ ਵਰਗ ਦੀ ਭਲਾਈ ਲਈ ਸਰਕਾਰ ਵੱਚਨਬੱਧ: ਡਾ. ਰਾਜ ਕੁਮਾਰ ਵੇਰਕਾ

ਯੈੱਸ ਪੰਜਾਬ
ਅੰਮ੍ਰਿਤਸਰ, 18 ਦਸੰਬਰ, 2021 –
ਪੰਜਾਬ ਸਰਕਾਰ ਐਸ.ਸੀ ਅਤੇ .ਬੀ.ਸੀ ਵਰਗ ਦੀ ਭਲਾਈ ਲਈ ਵੱਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਵਲੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ 60 ਤੋ ਜਿਆਦਾ ਲੋਕ ਹਿਤੂ ਫੈਸਲੇ ਲਏ ਅਤੇ ਉਨ੍ਹਾਂ ਨੂੰ ਜਮੀਨੀ ਪੱਧਰ ਉਤੇ ਲਾਗੂ ਕੀਤਾ ਹੈ।

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਰਾਜ ਕੁਮਾਰ ਵੇਰਕਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਅੱਜ ਸਥਾਨਕ ਪੀ.ਡਬਲਯੂ.ਰੈਸਟ ਹਾਊਸ ਵਿਖੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਐਸ.ਸੀ ਅਤੇ ਬੀ.ਸੀ ਪਰਿਵਾਰਾਂ ਨੂੰ ਲਗਭਗ 6 ਕਰੋੜ 77 ਲੱਖ ਰੁਪਏ ਦੇ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡਣ ਸਮੇ ਕੀਤਾ। ਸ਼੍ਰੀ ਵੇਰਕਾ ਨੇ ਕਿਹਾ ਕਿ ਜਿਨ੍ਹਾਂ ਐਸ.ਸੀ ਅਤੇ ਬੀ.ਸੀ ਪਰਿਵਾਰਾਂ ਵਲੋ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਲਏ ਗਏ ਸਨ, ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ੍ਹ ਦੇ ਐਸ.ਸੀ ਕਾਰਪੋਰੇਸ਼ਨ ਤੋ 1113 ਪਰਿਵਾਰਾਂ ਦੇ 50 ਹਜਾਰ ਰੁਪਏ ਦੇ 4 ਕਰੋੜ 43 ਲੱਖ 48 ਹਜ਼ਾਰ 440 ਰੁਪਏ,ਬੀ.ਸੀ ਕਾਰਪੋਰੇਸ਼ਨ ਤੋ 222 ਲਾਭਪਾਤਰੀਆਂ ਦੇ 50 ਹਜ਼ਾਰ ਰੁਪਏ ਦੇ ਕਰਜੇ ਜਿੰਨ੍ਹਾਂ ਦੀ ਰਾਸ਼ੀ 99 ਲੱਖ 16 ਹਜ਼ਾਰ 103 ਰੁਪਏੇ ਅਤੇ ਜ਼ਿਲਾ੍ਹ ਤਰਨਤਾਰਨ ਦੇ 298 ਬੀ.ਸੀ ਪਰਿਵਾਰਾਂ ਦੇ 1 ਕਰੋੜ 35 ਲੱਖ 34 ਹਜ਼ਾਰ 815 ਰੁਪਏ ਦੇ ਕਰਜੇ ਮੁਆਫ ਕਰਕੇ ਸਰਟੀਫਿਕੇਟ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਚੰਨੀ ਨੇ ਬਿਜਲੀ ਦੇ ਖੇਤਰ ਵਿਚ ਕਈ ਲੀਹੋਂ-ਹਟਵੇਂ ਫੈਸਲੇ ਲਏ ਗਏ ਹਨ ਜਿਨ੍ਹਾਂ ਵਿਚ 2 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਦੇ ਬਕਾਏ ਮੁਆਫ ਕੀਤੇ ਗਏ ਜਿਸ ਨਾਲ 20 ਲੱਖ ਪਰਿਵਾਰਾਂ ਨੂੰ 1500 ਕਰੋੜ ਰੁਪਏ ਦੀ ਰਾਹਤ ਮਿਲੀ।

ਇਸੇ ਤਰ੍ਹਾਂ 7 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਕੀਤੀ ਗਈ ਜਿਸ ਨਾਲ 69 ਲੱਖ ਪਰਿਵਾਰਾਂ ਨੂੰ 3316 ਕਰੋੜ ਰੁਪਏ ਦੀ ਰਾਹਤ ਮਿਲੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਖਰੀਦ ਸਮਝੌਤੇ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਸਬੰਧ ਵਿਚ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਜਾ ਚੁੱਕੇ ਹਨ।

ਵਾਜਬ ਦਰਾਂ ਉਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ 250 ਮੈਗਾਵਾਟ ਸੂਰਜੀ ਊਰਜਾ ਘੱਟ ਦਰਾਂ 2.33 ਰੁਪਏ ਤੋਂ 2.34 ਰੁਪਏ ਪ੍ਰਤੀ ਯੂਨਿਟ ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਲਈ ਟੈਂਡਰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਏ ਹਨ। ਇਹ ਕੀਮਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨਾਲੋ 87 ਫੀਸਦੀ ਘੱਟ ਹਨ ਜੋ 17.91 ਰੁਪਏ ਪ੍ਰਤੀ ਯੂਨਿਟ ਸਨ।

ਇਸੇ ਤਰ੍ਹਾਂ ਪੇਂਡੂ ਵਿਕਾਸ ਦੇ ਸਬੰਧ ਵਿਚ ਲਾਲ ਲਕੀਰ ਦੇ ਅੰਦਰ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰਾ ਘਰ, ਮੇਰੇ ਨਾਮ’ ਸਕੀਮ ਲਾਗੂ ਕੀਤੀ ਗਈ ਜਿਸ ਤਹਿਤ 55 ਪਿੰਡਾਂ ਦੇ 4846 ਘਰਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਜਦਕਿ ਦਸੰਬਰ, 2022 ਤੱਕ ਲਾਲ ਲਕੀਰ ਅੰਦਰ ਸਾਰੇ ਘਰਾਂ ਨੂੰ ਸ਼ਾਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ਵਿਚ ਯੋਗ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕਰਨ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ।

ਸ੍ਰੀ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਚਾਇਤਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਸਬੰਧ ਵਿੱਚ 1168 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਹਨ ਅਤੇ ਨਾਲ ਹੀ ਇਹਨਾਂ ਜਲ ਸਪਲਾਈ ਸਕੀਮਾਂ ਦੇ ਭਵਿੱਖੀ ਬਿਜਲੀ ਬਿੱਲ ਵੀ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ।

ਇਸੇ ਤਰ੍ਹਾਂ ਪੇਂਡੂ ਜਲ ਸਪਲਾਈ (ਆਰਡਬਲਿਊਐਸ) ਕੁਨੈਕਸਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ 166 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਦੇ ਸਾਰੇ ਫੈਸਲੇ ਸਾਰੇ ਵਰਗਾਂ ਲਈ ਕੀਤੇ ਗਏ ਹਨ ਅਤੇ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਵੱਚਨਬੱਧ ਹੈ। ਸ਼੍ਰੀ ਵੇਰਕਾ ਨੇ ਕਿਹਾ ਕਿ ਆਪਣੇ ਵਿਕਾਸ ਕਾਰਜਾਂ ਦੀ ਬਦੋਲਤ ਹੀ ਕਾਂਗਰਸ ਸਰਕਾਰ 2022 ਵਿਚ ਮੁੜ ਸੱਤਾ ਵਿਚ ਆਵੇਗੀ।

ਇਸ ਮੌਕੇ ਸ਼੍ਰੀ ਰਮਨ ਬਖ਼ਸੀ ਸੀਨੀਅਰ ਡਿਪਟੀ ਮੇਅਰ,ਡੀ ਐਮ ਐਸ.ਸੀ ਕਾਰਪੋਰੇਸ਼ਨ ਸ਼੍ਰੀਮਤੀ ਦਲਜੀਤ ਕੌਰ, ਸ: ਕਰਮਜੀਤ ਸਿੰਘ ਸੇਖੋ, ਜ਼ਿਲਾ੍ਹ ਅਧਿਕਾਰਤਾ ਤੇ ਨਿਆਂ ਅਧਿਕਾਰੀ ਸ਼੍ਰੀ ਸੰਜੀਵ ਮੰਣਨ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ