ਐਸ.ਪੀ. ਰੈਂਕ ਦੇ ਅਧਿਕਾਰੀ ਬਿਰਧ ਆਸ਼ਰਮਾਂ ਵਿਚ ਪਹੁੰਚ ਕੇ ਸੁਨਣਗੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ: ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ

ਪਟਿਆਲਾ, 1 ਅਕਤੂਬਰ, 2019 –
ਪਟਿਆਲਾ ਪੁਲਿਸ ਨੇ ਬਜ਼ੁਰਗ ਦਿਵਸ ਮੌਕੇ ਇਕ ਨਿਵੇਕਲੀ ਪਹਿਲ ਕਰਦਿਆ ਈਲਡਰਜ਼ ਕਨੈਕਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਜਿਸ ਰਾਹੀਂ ਹੁਣ ਪਟਿਆਲਾ ਪੁਲਿਸ ਵੱਲੋਂ ਬਿਰਧ ਆਸ਼ਰਮਾਂ ਅਤੇ ਜ਼ਿਲ੍ਹੇ ‘ਚ ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਵਿਸ਼ੇਸ਼ ਸਹੂਲਤ ਦੇਣ ਦੇ ਮਕਸਦ ਨਾਲ ਇਕ ਵੱਖਰਾ ਕੰਟਰੋਲ ਰੂਮ ਦਾ ਮੋਬਾਇਲ ਨੰਬਰ ਅਤੇ ਈ-ਮੇਲ ਜਾਰੀ ਕੀਤਾ ਗਿਆ ਹੈ ਜਿਸ ਨਾਲ ਹੁਣ ਬਜ਼ੁਰਗਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਤਰਜੀਹ ਦਿੱਤੀ ਜਾ ਸਕੇਗੀ।

ਇਸ ਸਬੰਧੀ ਜਾਣਕਾਰੀ ਦੇਣ ਲਈ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਰਹਿੰਦੇ ਬਜ਼ੁਰਗਾਂ ਨੂੰ ਬਜ਼ੁਰਗ ਦਿਵਸ ਮੌਕੇ ਵਿਸ਼ੇਸ਼ ਸਹੂਲਤ ਪ੍ਰਦਾਨ ਕਰਨ ਲਈ ਈਲਡਰਜ਼ ਕਨੈਕਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਦਾ ਖਿਆਲ ਰੱਖਣਾ ਸਾਡਾ ਸਭ ਦਾ ਫਰਜ਼ ਹੈ ਇਸ ਲਈ ਪਟਿਆਲਾ ਪੁਲਿਸ ਵੱਲੋਂ ਬਜ਼ੁਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਐਸ.ਪੀ. ਮਹੀਨੇ ‘ਚ ਇਕ ਵਾਰ ਬਿਰਧ ਆਸ਼ਰਮਾਂ ਵਿਚ ਜਾ ਕੇ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ ਅਤੇ ਘਰਾਂ ਵਿਚ ਰਹਿੰਦੇ ਬਜ਼ੁਰਗਾਂ ਲਈ ਪਟਿਆਲਾ ਪੁਲਿਸ ਵੱਲੋਂ ਇਕ ਵੱਖਰਾ ਕੰਟਰੋਲ ਰੂਮ ਦਾ ਨੰਬਰ 95929-12500 ਅਤੇ ਈ-ਮੇਲ [email protected] ਜਾਰੀ ਕੀਤਾ ਗਿਆ ਹੈ।

ਜਿਸ ‘ਤੇ ਬਜ਼ੁਰਗ ਆਪਣੀਆਂ ਮੁਸ਼ਕਲਾਂ ਨੂੰ ਦੱਸ ਸਕਣਗੇ ਅਤੇ ਇਸ ਦੇ ਨੋਡਲ ਅਫ਼ਸਰ ਡੀ.ਐਸ.ਪੀ. ਹੈਡਕੁਆਟਰ ਸ. ਪੁਨੀਤ ਸਿੰਘ ਚਾਹਲ ਆਈਆਂ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣਗੇ ਅਤੇ ਇੰਚਾਰਜ ਸੀ.ਪੀ.ਆਰ.ਸੀ. ਸੁਖਵਿੰਦਰ ਕੌਰ ਸਹਾਇਕ ਨੋਡਲ ਅਫ਼ਸਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਹਰੇਕ ਥਾਣੇ ਵਿਚ ਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾ ਰਿਹਾ ਹੈ ਜੋ ਬਜ਼ੁਰਗਾਂ ਸਬੰਧੀ ਕਿਸੇ ਵੀ ਕਿਸਮ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰੇਗਾ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਐਸ.ਪੀ. ਹੈਡਕੁਆਟਰ ਸ. ਨਵਨੀਤ ਸਿੰਘ ਬੈਂਸ ਵੱਲੋਂ ਦਿੱਤੇ ਸੁਝਾਅ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਬਿਰਧ ਆਸ਼ਰਮਾਂ ਵਿਚ ਜਾਕੇ ਬਜ਼ੁਰਗਾਂ ਨਾਲ ਸਾਂਝ ਪਾਈ ਗਈ ਅਤੇ ਹੁਣ ਪਟਿਆਲਾ ਪੁਲਿਸ ਵੱਲੋਂ ਇਸ ਨੂੰ ਇਕ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਕੀਤਾ ਜਾ ਰਿਹਾ।

ਉਨ੍ਹਾਂ ਦੱਸਿਆ ਕਿ ਅੱਜ ਬਜ਼ੁਰਗ ਦਿਵਸ ਮੌਕੇ ਹਰੇਕ ਬਿਰਧ ਆਸ਼ਰਮ ਵਿਚ ਪਟਿਆਲਾ ਪੁਲਿਸ ਦੀ ਟੀਮ ਜਾਵੇਗੀ ਜਿਸ ਵਿਚ ਦੋ ਮਹਿਲਾ ਪੁਲਿਸ ਅਫਸਰ ਅਤੇ ਦੋ ਪੁਰਸ਼ ਪੁਲਿਸ ਅਫ਼ਸਰ ਹੋਣਗੇ ਜੋ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਹੱਲ ਕਰਵਾਉਣ ਲਈ ਯਤਨ ਕਰਨਗੇ।

ਐਸ.ਐਸ.ਪੀ. ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਮਕਸਦ ਬਾਰੇ ਦੱਸਦਿਆ ਕਿਹਾ ਕਿ ਇਸ ਦਾ ਮੁੱਖ ਮਕਸਦ ਸਮਾਜ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਪੜਾਅ ‘ਤੇ ਦਿੱਕਤਾਂ ਨਾ ਆਉਣ ਦੇਣਾ ਹੈ ਉਨ੍ਹਾਂ ਦੱਸਿਆ ਕਿ ਇਸ ਵਿਚ ਇਕੱਲੇ ਪੁਲਿਸ ਨਾਲ ਸਬੰਧਤ ਮਾਮਲੇ ਹੀ ਨਹੀ ਵਿਚਾਰੇ ਜਾਣਗੇ ਸਗੋਂ ਜੇ ਕੋਈ ਬਜ਼ੁਰਗ ਘਰ ਵਿਚ ਇਕੱਲਾ ਹੈ ਤਾਂ ਜੇਕਰ ਉਸਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਸਹਾਇਤਾ ਵੀ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ।

ਇਸ ਮੌਕੇ ਐਸ.ਪੀ. ਹੈਡਕੁਆਟਰ ਸ. ਨਵਨੀਤ ਸਿੰਘ ਬੈਂਸ, ਡੀ.ਐਸ.ਪੀ. ਹਰਵੰਤ ਕੌਰ, ਡੀ.ਐਸ.ਪੀ. ਹੈਡਕੁਆਟਰ ਸ. ਪੁਨੀਤ ਸਿੰਘ ਚਾਹਲ, ਇੰਚਾਰਜ ਸਾਂਝ ਕੇਂਦਰ ਸੁਖਵਿੰਦਰ ਕੌਰ, ਐਸ.ਐਚ.ਓ. ਥਾਣਾ ਵੂਮੈਨ ਮਨਪ੍ਰੀਤ ਕੌਰ ਸਮੇਤ ਪ੍ਰੋਬੇਸ਼ਨਲ ਐਸ.ਐਚ.ਓ ਹਾਜ਼ਰ ਸਨ।

Share News / Article

Yes Punjab - TOP STORIES