ਐਸ.ਡੀ.ਐਮ. ਅਨੁਪ੍ਰੀਤ ਕੌਰ ਸਣੇ 6 ਵਿਅਕਤੀਆਂ ’ਤੇ ਡੇਢ ਕਰੋੜ ਤੋਂ ਵੱਧ ਦੀ ਧੋਖ਼ਾਧੜੀ ਦਾ ਕੇਸ ਦਰਜ

ਯੈੱਸ ਪੰਜਾਬ

ਤਰਨ ਤਾਰਨ, 6 ਸਤੰਬਰ, 2019 –

ਪੰਜਾਬ ਦੀ ਇਕ ਪੀ.ਸੀ.ਐਸ. ਅਧਿਕਾਰੀ ਅਤੇ ਪੱਟੀ ਦੀ ਤਤਕਾਲੀ ਐਸ.ਡੀ.ਐਮ. ਅਨੁਪ੍ਰੀਤ ਕੌਰ ਸਣੇ 6 ਵਿਅਕਤੀਆਂ ’ਤੇ ਡੇਢ ਕਰੋੜ ਰੁਪਏ ਤੋਂ ਵੱਧ ਦੇ ਗਬਨ ਲਈ ਧੋਖ਼ਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਪੁਲਿਸ ਥਾਣਾ ਪੱਟੀ ਸਿਟੀ, ਜ਼ਿਲ੍ਹਾ ਤਰਨ ਤਾਰਨ ਵਿਚ ਬਕਾਇਦਾ ਐਫ.ਆਈ.ਆਰ. ਨੰਬਰ 0155, 5 ਸਤੰਬਰ ਨੂੰ ਧਾਰਾ 419, 420, 409 ਅਤੇ 120-ਬੀ ਆਈ.ਪੀ.ਸੀ. ਤਹਿਤ ਦਰਜ ਕੀਤੀ ਗਈ ਹੈ।

ਇਹ ਐਫ.ਆਈ.ਆਰ. ਪੱਟੀ ਦੇ ਮੌਜੂਦਾ ਐਸ.ਡੀ.ਐਮ.ਸ: ਨਵਰਾਜ ਸਿੰਘ ਬਰਾੜ ਦੀ ਸ਼ਿਕਾਇਤ ’ਤੇ ਤਰਨ ਤਾਰਨ ਦੇ ਡੀ.ਸੀ. ਰਾਹੀਂ ਦਰਜ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ੍ਰੀਮਤੀ ਅਨੁਪ੍ਰੀਤ ਕੌਰ ਦੇ ਹਸਤਾਖ਼ਰਾਂ ਹੇਠ 1 ਕਰੋੜ 63 ਲੱਖ 67 ਹਜ਼ਾਰ 970 ਰੁਪਏ ਦੀ ਰਕਮ ਉਨ੍ਹਾਂ ਵਿਅਕਤੀਆਂ ਦੇ ਖ਼ਾਤਿਆਂ ਵਿਚ ਪਾਈ ਗਈ ਹੈ ਜਿਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ‘ਐਕਵਾਇਰ’ ਹੀ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਹਾਈਵੇਅ ਨੰਬਰ 15 (ਹੁਣ 54) ਲਈ ਜ਼ਮੀਨ ਅਕਵਾਇਰ ਕੀਤੀ ਗਈ ਸੀ ਅਤੇ ਇਸ ਲਈ ਐਸ.ਡੀ.ਐਮ.ਵਜੋਂ ਭੌਂ ਪ੍ਰਾਪਤੀ ਕੁਲੈਕਟਰ ਵੀ ਸ੍ਰੀਮਤੀ ਅਨੁਪ੍ਰੀਤ ਕੌਰ ਹੀ ਸੀ ਜਿਸ ਦੇ ਹਸਤਾਖ਼ਰਾਂ ਹੇਠ ਇਹ ਰਕਮਾਂ ਜਾਰੀ ਕੀਤੀਆਂ ਗਈਆਂ ਅਤੇ ਪੈਸੇ ਸਹਿ-ਦੋਸ਼ੀਆਂ ਦੇ ਖ਼ਾਤਿਆਂ ਵਿਚ ਜਮ੍ਹਾਂ ਹੋ ਗਏ।

ਸ੍ਰੀਮਤੀ ਅਨੁਪ੍ਰੀਤ ਕੌਰ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਜਸਬੀਰ ਕੌਰ ਮਾਨਾਂਵਾਲਾ, ਰਾਜਵਿੰਦਰ ਕੌਰ, ਗੁਰਜੀਤ ਕੌਰ, ਸਰਤਾਜ ਸਿੰਘ ਅਤੇ ਬਿਕਰਮਜੀਤ ਸਿੰਘ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ 16 ਫ਼ਰਵਰੀ 2019 ਨੂੰ ਹੋਏ ਤਬਾਦਲਿਆਂ ਦੌਰਾਨ ਅਨੁਪ੍ਰੀਤ ਕੌਰ ਨੂੰ ਐਸਟੇਟ ਅਫ਼ਸਰ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਅੰਮ੍ਰਿਤਸਰ ਵਜੋਂ ਤਬਦੀਲ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ 16 ਫ਼ਰਵਰੀ 2019 ਨੂੰ ਹੋਏ ਤਬਾਦਲਿਆਂ ਦੌਰਾਨ ਅਨੁਪ੍ਰੀਤ ਕੌਰ ਨੂੰ ਐਸਟੇਟ ਅਫ਼ਸਰ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਅੰਮ੍ਰਿਤਸਰ ਵਜੋਂ ਤਬਦੀਲ ਕੀਤਾ ਗਿਆ ਸੀ। ਇਸ ਵੇਲੇ ਸ੍ਰੀਮਤੀ ਅਨੂਪ੍ਰੀਤ ਕੌਰ ਅਸਿਸਟੈਂਟ ਕਮਿਸ਼ਨਰ ਗਰੀਵੈਂਸਿਸ, ਜਲੰਧਰ ਵਿਖ਼ੇ ਤਾਇਨਾਤ ਹੈ।

ਖ਼ਬਰ ਲਿਖ਼ੇ ਜਾਣ ਤਕ ਅਜੇ ਦੋਸ਼ੀਆਂ ਵਿਚੋਂ ਕਿਸੇ ਦੀ ਗਿਰਫ਼ਤਾਰੀ ਦੀ ਕੋਈ ਸੂਚਨਾ ਨਹੀਂ ਹੈ।

Share News / Article

Yes Punjab - TOP STORIES