ਐਸ.ਟੀ.ਐਫ-ਅਫਸਰਾਂ ਦੀਆਂ ਬਦਲੀਆਂ ਦੀ ਨਹੀਂ ਐਕਸ਼ਨ ਦੀ ਜ਼ਰੂਰਤ: ਆਪ

ਚੰਡੀਗੜ੍ਹ, 19 ਜੁਲਾਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸੂਬਾ ਸਰਕਾਰ ਕੋਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਚੌਥੀ ਵਾਰ ਮੁਖੀ ਬਦਲੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਦੋਸ਼ ਲਗਾਇਆ ਹੈ ਕਿ ਸਰਕਾਰ ਤਸਕਰਾਂ ਨੂੰ ਨੱਥ ਪਾਉਣ ਦੀ ਥਾਂ ਸਿਰਫ਼ ‘ਦਿਖਾਵੇ ਬਾਜ਼ੀ’ ‘ਚ ਡੰਗ ਟਪਾ ਰਹੀ ਹੈ, ਜਦਕਿ ਨਸ਼ਾ ਮਾਫ਼ੀਆ ਨੂੰ ਕੁਚਲਨ ਲਈ ਫ਼ੈਸਲਾਕੁਨ ਐਕਸ਼ਨ (ਕਾਰਵਾਈ) ਦੀ ਜ਼ਰੂਰਤ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਅਤੇ ਸਾਬਕਾ ਐਮ.ਪੀ ਪ੍ਰੋ. ਸਾਧੂ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਸ਼ਾ ਮਾਫ਼ੀਆ ਵਿਰੁੱਧ ਐਸਟੀਐਫ ਗਠਿਤ ਹੋਇਆ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰੰਤੂ ਨਸ਼ਿਆਂ ਦਾ ਰੁਝਾਨ ਰੁਕਣ ਦੀ ਥਾਂ ਹੋਰ ਘਾਤਕ ਰੂਪ ਲੈ ਗਿਆ ਹੈ। ਸਰਕਾਰ ਨੇ ਐਸਟੀਐਫ ਦੀਆਂ ਰਿਪੋਰਟਾਂ ‘ਤੇ ਐਕਸ਼ਨ ਲੈਣ ਦੀ ਥਾਂ ਐਸਟੀਐਫ ਮੁਖੀਆਂ ਨੂੰ ਬਦਲਣ ‘ਚ ਹੀ ਸਮਾਂ ਲੰਘਾ ਦਿੱਤਾ।

‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਦੁਬਾਰਾ ਕਿਉਂ ਲਗਾਇਆ ਗਿਆ ਹੈ ਅਤੇ ਉਹ ਕਿਹੜੇ ਕਾਰਨ ਸਨ ਜਿਸ ਕਰ ਕੇ ਪਹਿਲਾ ਤਬਾਦਲਾ ਕੀਤਾ ਗਿਆ ਸੀ? ਕੁਲਤਾਰ ਸਿੰਘ ਸੰਧਵਾਂ ਨੇ ਸਪਸ਼ਟ ਕਿਹਾ, ਸਾਨੂੰ ਹਰਪ੍ਰੀਤ ਸਿੰਘ ਸਿੱਧੂ ਦੀ ਦਿਆਨਤਦਾਰੀ ਅਤੇ ਡਿਊਟੀ ਪ੍ਰਤੀ ਦ੍ਰਿੜ੍ਹਤਾ ‘ਤੇ ਕੋਈ ਸ਼ੱਕ ਸੰਦੇਹ ਨਹੀਂ ਹੈ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ‘ਚ ਖੋਟ ਸਾਫ਼ ਨਜ਼ਰ ਆ ਰਿਹਾ ਹੈ।

ਕੀ ਕੈਪਟਨ ਸਾਹਿਬ ਲੋਕਾਂ ਨੂੰ ਸਪਸ਼ਟ ਕਰਨਗੇ ਕਿ ਨਸ਼ਿਆਂ ਦੇ ਮਾਮਲੇ ‘ਚ ਜਿਸ ਸੀਨੀਅਰ ਪੁਲਸ ਅਫ਼ਸਰ ਰਾਜਜੀਤ ਸਿੰਘ ਦੇ ਖ਼ਿਲਾਫ਼ ਹਰਪ੍ਰੀਤ ਸਿੰਘ ਸਿੰਧੂ ਨੇ ਰਿਪੋਰਟ ਦਿੱਤੀ ਸੀ,ਉਸ ‘ਤੇ ਕੀ ਐਕਸ਼ਨ ਲਿਆ ਗਿਆ? ਜੇ ਨਹੀਂ ਤਾਂ ਸਰਕਾਰ ਕਿਸ ਦੇ ਦਬਾਅ ਹੇਠ ਹੈ?

ਪ੍ਰੋ. ਸਾਧੂ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੱਕ ਰਿਪੋਰਟ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਤਿਆਰ ਕੀਤੀ ਸੀ, ਪੰਜਾਬ ਦੇ ਲੋਕ ਉਸ ਬਾਰੇ ਵੀ ਜਾਣਨਾ ਚਾਹੁੰਦੇ ਹਨ।

Share News / Article

Yes Punjab - TOP STORIES