ਐਨ.ਆਰ.ਆਈ. ਦੀ ਪਤਨੀ ਦਾ ਕਤਲ, ਹਮਲਾਵਰਾਂ ਨੇ ਚਾਕੂ ਦੇ ਵਾਰ ਕਰ ਕਰ ਮਾਰ ਮੁਕਾਈ ਔਰਤ

ਯੈੱਸ ਪੰਜਾਬ

ਫ਼ਗਵਾੜਾ, 18 ਸਤੰਬਰ, 2019 –

ਫ਼ਗਵਾੜਾ ਵਿਚ ਬੁੱਧਵਾਰ ਨੂੰ ਇਕ ਔਰਤ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਸਨਸਨੀ ਫ਼ੈਲ ਗਈ। ਅਣਪਛਾਤੇ ਹਮਲਾਵਰ ਜਾਂ ਹਮਲਾਵਰਾਂ ਦਾ ਸ਼ਿਕਾਰ ਹੋਈ ਇਸ ਔਰਤ ਦਾ ਪਤੀ ਦੁਬਈ ਵਿਚ ਰਹਿੰਦਾ ਹੈ।

ਸ਼ਹਿਰ ਦੇ ਨਿਊ ਸੁਖ਼ਚੈਨ ਨਗਰ ਵਿਚ ਵਾਪਰੇ ਇਸ ਘਟਨਾ¬ਕ੍ਰਮ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੁਲਦੀਪ ਕੌਰ ਨਾਂਅ ਦੀ ਇਸ ਔਰਤ ਦਾ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰ ਉਸਦੇ ਪੇਟ ਵਿਚ ਕੀਤੇ ਗਏ।

ਪੁਲਿਸ ਅਨੁਸਾਰ ਕੁਲਦੀਪ ਕੌਰ ਦਾ ਪਤੀ ਨਰਿੰਦਰ ਸਿੰਘ ਲਗਪਗ 8-9 ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਲਗਪਗਰ 42 ਸਾਲਾ ਇਹ ਔਰਤ ਆਪਣੇ 8ਵੀਂ ਪੜ੍ਹਦੇ ਬੇਟੇ ਨਾਲ ਘਰ ਵਿਚ ਇਕੱਲੀ ਹੀ ਰਹਿ ਰਹੀ ਸੀ।

ਬੇਰਹਿਮੀ ਨਾਲ ਕੀਤੀ ਗਈ ਇਸ ਹੱਤਿਆ ਤੋਂ ਕੁਝ ਹੀ ਸਮਾਂ ਪਹਿਲਾਂ ਕੁਲਦੀਪ ਕੌਰ ਆਪਣੇ ਬੇਟੇ ਨੂੰ ਸਕੂਲ ਬੱਸ ਵਿਚ ਬਿਠਾ ਕੇ ਘਰ ਪਰਤੀ ਸੀ।

ਫ਼ਗਵਾੜਾ ਦੇ ਐਸ.ਪੀ.ਸ: ਮਨਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਹਮਲਾਵਰਾਂ ਨੇ ਔਰਤ ’ਤੇ ਹਮਲਾ ਕੀਤਾ ਉਹ ਆਪਣੀ ਭਰਜਾਈ ਨਾਲ ਫ਼ੋਨ ’ਤੇ ਗੱਲਬਾਤ ਕਰ ਰਹੀ ਸੀ ਅਤੇ ਚਾਕੂ ਦੇ ਵਾਰ ਕੀਤੇ ਜਾਣ ’ਤੇ ਉਸ ਵੱਲੋਂ ਪਾਇਆ ਚੀਕ ਚਿਹਾੜਾ ਭਰਜਾਈ ਨੇ ਵੀ ਸੁਣਿਆ।

ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਾਤਲ ਕੌਣ ਸਨ ਅਤੇ ਕਤਲ ਕਿਸ ਇਰਾਦੇ ਨਾਲ ਕੀਤਾ ਗਿਆ।

ਫ਼ਗਵਾੜਾ ਪੁਲਿਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

ਐਸ.ਪੀ. ਸ: ਮਨਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਖ ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਵੀ ਹਮਲਾਵਰਾਂ ਦੀ ਪਛਾਣ ਲਈ ਮਦਦ ਲਈ ਜਾਵੇਗੀ।

ਐਸ.ਐਸ.ਪੀ. ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੇ ਕਿਹਾ ਕਿ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਮਾਮਲੇ ਵਿਚ ਪੂਰੇ ਤੱਥ ਸਾਹਮਣੇ ਆ ਜਾਣ ਦੀ ਉਮੀਦ ਹੈ।

Share News / Article

Yes Punjab - TOP STORIES