25.1 C
Delhi
Friday, March 29, 2024
spot_img
spot_img

ਐਨ.ਆਈ.ਏ. ਕਰੇਗੀ ਤਰਨ ਤਾਰਨ ਧਮਾਕੇ ਦੀ ਜਾਂਚ – ਕੈਪਟਨ ਅਮਰਿੰਦਰ ਦੀ ਕੇਂਦਰੀ ਜਾਂਚ ਦੀ ਮੰਗ ਕੇਂਦਰ ਵੱਲੋਂ ਪ੍ਰਵਾਨ

ਚੰਡੀਗੜ, 20 ਸਤੰਬਰ, 2019:
ਤਰਨਤਾਰਨ ਵਿਖੇ 5 ਸਤੰਬਰ ਨੂੰ ਹੋਏ ਧਮਾਕੇ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੇ ਹਵਾਲੇ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸ਼ਿਫਾਰਸ਼ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।

ਇਸ ਮਾਮਲੇ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਸਬੰਧ ਹੋਣ ਅਤੇ ਪਾਕਿਸਤਾਨ ਅਧਾਰਿਤ ਸਿੱਖ ਫਾਰ ਜਸਟਿਸ (ਐਸ.ਐਫ.ਜੇ) ਦੇ ਦੋਸ਼ੀਆਂ ਨਾਲ ਸ਼ੱਕੀ ਸਬੰਧ ਹੋਣ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਸਬੰਧੀ ਸੂਚਨਾ ਮੁੱਖ ਸਕੱਤਰ ਅਤੇ ਡੀ.ਜੀ.ਪੀ. ਪੰਜਾਬ ਨੂੰ ਪ੍ਰਾਪਤ ਹੋ ਗਈ ਹੈ।

ਤਰਨਤਾਰਨ ਜ਼ਿਲੇ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਖਾਲੀ ਪਲਾਟ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਨਾਲ ਸਬੰਧਤ ਇਕ ਕੇਸ ਐਫ.ਆਈ.ਆਰ. ਨੰਬਰ 0280, ਜ਼ੇਰੇ ਦਫਾ 304 ਆਈ.ਪੀ.ਸੀ. ਅਤੇ ਐਕਸ਼ਪਲੋਸਿਫ ਸਬਸਟਾਂਸਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ।

ਇਸ ਧਮਾਕੇ ਵਿਚ 2 ਵਿਅਕਤੀ ਮਾਰੇ ਗਏ ਸਨ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਮਾਰੇ ਗਏ ਵਿਅਕਤੀ ਬਰੂਦ ਦੀ ਖੇਪ ਨੂੰ ਕੱਢਣ ਲਈ ਇਕ ਟੋਆ ਪੁੱਟ ਰਹੇ ਸਨ।

ਪੰਜਾਬ ਪੁਲਿਸ ਨੇ ਪਾਕਿਸਤਾਨ ਅਧਾਰਿਤ ਗਿਰੋਹ ਦੇ 8 ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਹਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਗੁੰਝਲਦਾਰ ਸ਼ਾਜਿਸ਼ ਅਤੇ ਇਸ ਗਿਰੋਹ ਦੇ ਹਮਲਿਆਂ ਦੀ ਗੱਲ ਸਾਹਮਣੇ ਆਈ ਹੈ ਜਿਹਨਾਂ ਵਿਚ 2016 ਵਿਚ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ।

ਮੁੱਖ ਸ਼ਾਜਿਸ਼ਕਾਰ ਬਿਕਰਮਜੀਤ ਸਿੰਘ ਉਰਫ ਗ੍ਰੰਥੀ ਅਤੇ ਇਸ ਗਿਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਗ੍ਰੰਥੀ ਬਾਰੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਉਹ ਆਸਟਰੀਆ ਵਿਖੇ ਹੈ। ਪੇਸ਼ੇ ਵਜੋਂ ਗ੍ਰੰਥੀ ਅਤੇ ਦਮਦਮੀ ਟਕਸਾਲ ਦਾ ਪੈਰੋਕਾਰ ਬਿਕਰਮ ਪਾਠੀ ਵਜੋਂ ਕੰਮ ਕਰਦਾ ਹੈ। ਉਹ ਅੱਤ ਦਾ ਗਰਮ ਖਿਆਲੀ ਵਿਅਕਤੀ ਹੈ।

ਉਸ ਨੇ ਉੱਘੀਆਂ ਸਿਆਸੀ ਸ਼ਖਸ਼ੀਅਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਦੇਸੀ ਬੰਬਾਂ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਆਈ.ਈ.ਡੀ. ਦੇ ਇਸ ਮਾਹਿਰ ਨੇ ਸਥਾਨਕ ਬਣੇ ਬਹੁਮੰਤਵੀ ਬੰਬਾਂ ਨਾਲ ਪੁਲਸ ਮੁਲਾਜ਼ਮਾਂ ‘ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾਈ।

ਭਗੌੜੇ ਹੋਰਨਾਂ ਵਿਅਕਤੀਆਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ (ਕੈਲੀਫੋਰਨੀਆ, ਅਮਰੀਕਾ ਅਧਾਰਿਤ), ਗੁਰਵਿੰਦਰ ਸਿੰਘ ਪਿ੍ਰੰਸ (ਕੈਲੀਫੋਰਨੀਆ, ਅਮਰੀਕਾ ਅਧਾਰਿਤ), ਸੋਢੀ ਸਿੰਘ (ਇਸ ਵੇਲੇ ਅਰਮੀਨੀਆ ਰਹਿ ਰਿਹਾ), ਅਰਵਿੰਦਰ ਸਿੰਘ ਹਨੀ, ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਬੱਬੂ 3 ਜੂਨ, 2016 ਨੂੰ ਅੰਮਿ੍ਰਤਸਰ ਦੇ ਇਕ ਸ਼ਰਾਬ ਦੇ ਠੇਕੇ ਉਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਫਰਾਰ ਹੋ ਗਏ ਸਨ।

ਪੁਲਿਸ ਵਲੋਂ ਹੁਣ ਤੱਕ ਫੜੇ ਗਏ ਵਿਅਕਤੀਆਂ ਦੀ ਸ਼ਨਾਖਤ ਹਰਜੀਤ ਸਿੰਘ, ਮਨਪ੍ਰੀਤ ਸਿੰਘ ਮਾਨ, ਚੰਨਦੀਪ ਸਿੰਘ ਖਾਲਸਾ ਉਰਫ ਗੱਬਰ ਸਿੰਘ , ਮਲਕੀਤ ਸਿੰਘ ਉਰਫ ਸ਼ੇਰ ਸਿੰਘ ਉਰਫ ਸ਼ੇਰਾ, ਮਨਦੀਪ ਸਿੰਘ ਉਰਫ ਮੱਸਾ ਸਿੰਘ, ਅੰਮਿ੍ਰਤਪਾਲ ਸਿੰਘ ਉਰਫ ਅੰਮਿ੍ਰਤ, ਅਮਰਜੀਤ ਸਿੰਘ ਉਰਫ ਅਮਰ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਗੁਰਜੰਟ ਸਿੰਘ ਵਜੋਂ ਕੀਤੀ ਗਈ ਹੈ।

ਪੁਲਿਸ ਦੇ ਬੁਲਾਰੇ ਮੁਤਾਬਕ ਜਾਂਚ ਤੋਂ ਇਹ ਪਤਾ ਲਗਦਾ ਹੈ ਕਿ ਉਕਤ ਗਿਰੋਹ ਦੇ ਮੈਂਬਰਾਂ ਦੇ ਪਾਕਿਸਤਾਨ ਅਤੇ ਐਸ.ਐਫ.ਜੇ. ਨਾਲ ਗੂੜੇ ਰਿਸ਼ਤੇ ਸਨ। ਚੰਨਦੀਪ ਸਿੰਘ ਉਰਫ ਗੱਬਰ ਸਿੰਘ ਪਾਕਿਸਤਾਨ ਦੇ ਉਸਮਾਨ ਦੇ ਲਗਾਤਾਰ ਸੰਪਰਕ ਵਿੱਚ ਦੱਸਿਆ ਜਾਂਦਾ ਹੈ ਜਿਸਨੂੰ ਉਹ ਸਾਲ 2018 ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ।

ਉਸਮਾਨ ਚੰਨਦੀਪ ਨੂੰ ਖਾਲਿਸਤਾਨ ਅਤੇ ਭਾਰਤ ਸਰਕਾਰ ਵਲੋਂ ਕਸ਼ਮੀਰ ਧਾਰਾ 370 ਹਟਾਏ ਜਾਣ ਸਬੰਧੀ ਸੰਦੇਸ਼ ਭੇਜਦਾ ਰਹਿੰਦਾ ਸੀ ਅਤੇ ਚੰਨਦੀਪ ਸਿੰਘ ਨੂੰ ਕਸ਼ਮੀਰੀ ਜਿਹਾਦੀਆਂ ਨਾਲ ਰਲ਼ਕੇ ਇੱਕ ਵੱਖਰਾ ਮੁਲਕ ਖ਼ਾਲਿਸਤਾਨ ਸਥਾਪਤ ਕਰਨ ਲਈ ਪ੍ਰੇਰਦਾ ਸੀ। ਚੰਨਦੀਪ ਦੀ ਕੰਟੈਕਟ ਲਿਸਟ ਵਿੱਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਵਿਸਫੋਟਕ ਤਿਆਰ ਕਰਨ ਲਈ ਪੁਰਾਣੇ ਅੰਮਿ੍ਰਤਸਰ ਵਿੱਚ ਪੈਂਦੇ ਹਕੀਮਾ ਗੇਟ ਨੇੜਿਓਂ ਅਤੇ ਲੋਹਗੜ ਦੇ ਇਲਾਕੇ ਵਿਚੋਂ ਖਰੀਦਦਾ ਸੀ। ਉਸਨੇ ਘੱਲੂਘਾਰੇ ਦੇ ਦਿਨਾਂ (ਜੋ ਕਿ ਜੂਨ,2016 ਦੇ ਪਹਿਲਾ ਹਫਤਾ ਦੱਸਿਆ ਜਾਂਦਾ ਹੈ) ਵਿੱਚ ਗਿਰੋਹ ਦੇ ਕਈ ਮੈਂਬਰਾਂ ਨੂੰ ਇੱਕ ਧਾਰਮਿਕ ਸਥਾਨ ‘ਤੇ ਗਰਮ-ਖਿਆਲੀ ਸੋਚ ਅਖ਼ਤਿਆਰ ਕਰਾਉਣ ਵਿੱਚ ਸਫਲਤਾ ਵੀ ਹਾਸਲ ਕਰ ਲਈ ਸੀ।

ਇਸ ਤੋਂ ਬਾਅਦ ਉਸਨੇ ਗਿਰੋਹ ਦੇ ਮੈਂਬਰਾਂ ਨੂੰ ਪਿੰਡ ਪੰਜਵੜ ਵਿੱਚ ਸਥਿਤ ਆਪਣੇ ਘਰ ਅਤੇ ਗੁਰਜੰਟ ਸਿੰਘ ਦੇ ਪਿੰਡ ਬਚੇੜੇ(ਤਰਨ ਤਾਰਨ) ਵਿਚਲੇ ਘਰ ਆਈਈਡੀ ਤਿਆਰ ਕਰਨ ਸਬੰਧੀ ਸਿਖਲਾਈ ਵੀ ਦਿੱਤੀ ਸੀ। ਗਿਰੋਹ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਨ, ਆਈਈਡੀ ਤਿਆਰ ਕਰਨ ਦੀ ਸਿਖਲਾਈ ਦੇਣ ਤੇ ਹੋਰ ਛੋਟੇ ਵਿਸਫੋਟਕਾਂ ਦੀ ਸਪਲਾਈ ਦੇਣ ਪਿੱਛੋਂ ਉਹ ਸਾਲ 2018 ਵਿੱਚ ਉਹ ਅਰਮੀਨੀਆ ਦੇ ਰਸਤੇ ਆਸਟ੍ਰੀਆ ਲਈ ਫਰਾਰ ਹੋ ਗਿਆ ਸੀ।

ਇਸ ਗਿਰੋਹ ਨੇ ਐਸਐਫਜੇ ਨਾਲ ਸਬੰਧਤ ਗਿਰੋਹ ਦੀ ਮੁੱਖ ਕੜੀ ਵਜੋਂ ਜਾਣੇ ਜਾਂਦੇ ਅਰਮੀਨੀਆ ਦੇ ਸੋਢੀ ਸਿੰਘ ਖਾਲਸਾ ਦੇ ਇਸ਼ਾਰੇ ‘ਤੇ ਤਰਨ ਤਾਰਨ ਦੇ ਇੱਕ ਡੇਰੇ ਨੂੰ ਮਿਟਾਉਣ ਦੀ ਯੋਜਨਾ ਬਣਾਈ ਸੀ। ਉਹ ਹਿੰਦੂ ਸ਼ਿਵ ਸੈਨਾ ਲੀਡਰ ਨੂੰ ਵੀ ਸੋਧਾ ਲਾਉਣਾ ਚਾਹੁੰਦੇ ਸਨ।

ਰਣਜੀਤ ਸਿੰਘ ਬੱਬੂ ਪੁੱਤਰ ਬਲਬੀਰ ਸਿੰਘ ਸ਼ਰਾਬ ਦੇ ਠੇਕੇ ਉਤੇ ਹਮਲਾ ਕਰਨ ਨਾਲ ਸਬੰਧਿਤ ਹੈ ਜਦਕਿ ਹਰਮਨਜੀਤ ਸਿੰਘ ਕੈਪਟਨ ਨੇ ਅੰਮਿ੍ਰਤਸਰ ਦੇ ਚਾਟੀ ਪਿੰਡ ਨੇੜੇ ਇਕ ਦੇਸੀ ਬੰਬ ਨਾਲ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਹੁਣ ਉਹ ਜਮਾਨਤ ‘ਤੇ ਹੈ।

ਗੁਰਜੰਟ ਸਿੰਘ ਅਤੇ ਬਿਕਰਮਜੀਤ ਸਿੰਘ ਵਿੱਕੀ ਗਿੱਲ ਨੇ ਨਵੰਬਰ/ਦਸੰਬਰ, 2016 ਦੌਰਾਨ ਤਰਨਤਾਰਨ ਵਿਖੇ 2 ਦੇਸੀ ਬੰਬ ਸੁੱਟੇ ਸਨ। ਇਹ ਬੰਬ ਫਟੇ ਨਹੀਂ ਅਤੇ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ।

ਗੁਰਜੰਟ ਸਿੰਘ, ਹਰਜੀਤ ਸਿੰਘ ਅਤੇ ਵਿੱਕੀ ਗਿੱਲ ਨੇ 3 ਜਨਵਰੀ, 2019 ਨੂੰ ਤਰਨਤਾਰਨ ਦੇ ਪਿੰਡ ਬਚੇਰੇ ਵਿਖੇ ਨਵੇਂ ਚੁਣੇ ਗਏ ਸਰਪੰਚ ਗੁਰਜੰਟ ਸਿੰਘ ਦੇ ਘਰ ਉਤੇ ਚਾਰ ਦੇਸੀ ਬੰਬ ਸੁੱਟੇ ਜਿਸ ਦੇ ਨਤੀਜੇ ਵਜੋਂ 3 ਵਿਅਕਤੀ ਜ਼ਖਮੀ ਹੋ ਗਏ। ਬਿਕਰਮ ਸਿੰਘ ਵਿੱਕੀ ਗਿੱਲ ਅਤੇ ਗੁਰਜੰਟ ਸਿੰਘ ਨੇ 25 ਮਈ, 2016 ਨੂੰ ਰਈਆ-ਬਿਆਸ ਨੇੜੇ ਇਕ ਸੁੰਨਸਾਨ ਸੰਪਰਕ ਸੜਕ ‘ਤੇ ਵੀ ਦੇਸੀ ਬੰਬ ਚਲਾਇਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION