ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਚੰਡੀਗੜ੍ਹ/ਐਸ.ਏ.ਐਸ ਨਗਰ, 12 ਦਸੰਬਰ, 2019 –

ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਜੋ ਬੁੱਧਵਾਰ ਸ਼ਾਮ ਅਕਾਲ ਚਲਾਣਾ ਕਰ ਗਏ ਸਨ, ਦੇ ਅੰਤਿਮ ਸੰਸਕਾਰ ਮੌਕੇ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮੁਹਾਲੀ ਦੇ ਸੈਕਟਰ-57 ਸਮਸ਼ਾਨ ਘਾਟ ਵਿਖੇ ਸ. ਭੁੱਲਰ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਪੁੱਤਰ ਸ. ਰਮਣੀਕ ਸਿੰਘ ਤੇ ਸ. ਚੇਤਨ ਪਾਲ ਸਿੰਘ ਨੇ ਅਗਨੀ ਦਿਖਾਈ।

ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਸ਼ੰਗਾਰਾ ਸਿੰਘ ਭੁੱਲਰ ਦੀ ਮ੍ਰਿਤਕ ਦੇਹ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।

ਸ. ਸਿੱਧੂ ਨੇ ਸ. ਭੁੱਲਰ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਭੁੱਲਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਇਕੱਲੇ ਪਰਿਵਾਰ ਲਈ ਘਾਟਾ ਨਹੀਂ, ਸਗੋਂ ਪੱਤਰਕਾਰੀ ਜਗਤ ਅਤੇ ਸਮੂਹ ਸਮਾਜ ਲਈ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ। ਸ. ਭੁੱਲਰ (74 ਸਾਲ) ਜੋ ਇਸ ਵੇਲੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸਨ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼ ਦੇ ਵੀ ਸੰਪਾਦਕ ਰਹੇ।

ਇਸ ਮੌਕੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ (ਪ੍ਰੈੱਸ) ਡਾ. ਅਜੀਤ ਕੰਵਲ ਸਿੰਘ ਹਮਦਰਦ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤਰਫੋਂ ਅਤੇ ਪੰਜਾਬ ਪਬਲਿਕ ਰਿਲੇਸ਼ਨਜ਼ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਤੇ ਪੀ.ਆਰ.ਓ. ਨਰਿੰਦਰ ਪਾਲ ਸਿੰਘ ਜਗਦਿਓ ਨੇ ਡੀ.ਪੀ.ਆਰ. ਪੰਜਾਬ ਤਰਫੋਂ ਮ੍ਰਿਤਕ ਦੇਹ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਚੰਡੀਗੜ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਸੌਰਭ ਦੁੱਗਲ ਨੇ ਵੀ ਰੀਥ ਰੱਖੀ।

ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ, ਰੋਜ਼ਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ, ਰੋਜ਼ਾਨਾ ਸਪੋਕਸਮੈਨ ਦੇ ਐਮ.ਡੀ. ਸ੍ਰੀਮਤੀ ਜਗਜੀਤ ਕੌਰ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸ. ਗੁਲਜ਼ਾਰ ਸਿੰਘ ਸੰਧੂ, ਸਿੱਧੂ ਦਮਦਮੀ ਤੇ ਸ. ਸੁਰਿੰਦਰ ਸਿੰਘ ਤੇਜ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਰੀ ਕਲਾਂ, ਚੀਫ ਜਨਰਲ ਮੈਨੇਜਰ ਆਫ ਜਾਗਰਣ ਗਰੁੱਪ ਸ੍ਰੀ ਮੋਹਿੰਦਰ ਕੁਮਾਰ, ਪੰਜਾਬੀ ਟ੍ਰਿਬਿਊਨ ਦੇ ਸਮਾਚਾਰ ਸੰਪਾਦਕ ਸ੍ਰੀਮਤੀ ਅਰਵਿੰਦਰ ਕੌਰ ਜੌਹਲ, ਲੇਖਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਜੀ.ਕੇ. ਸਿੰਘ, ਉੱਘੇ ਨਾਟਕਕਾਰ ਡਾ. ਆਤਮਜੀਤ, ਪ੍ਰਸਿੱਧ ਸਾਹਿਤਕਾਰ ਸ. ਮਨਮੋਹਨ ਸਿੰਘ ਦਾਊਂ, ਕਾਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ, ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਸ. ਵਰਿਆਮ ਸਿੰਘ ਢੋਟੀਆ, ਫਿਲਮ ਪ੍ਰੋਡਿਊਸਰ ਦਰਸ਼ਨ ਔਲਖ ਸਣੇ ਪੱਤਰਕਾਰੀ, ਸਾਹਿਤਕ, ਰਾਜਸੀ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Share News / Article

YP Headlines

Loading...