ਉੜੀਸਾ ਸਰਕਾਰ ਨੇ ‘ਨਾਨਕ ਮੱਠ’ ‘ਸੀਲ’ ਕੀਤਾ, ਮੱਠਾਂ ਨੂੰ ਢਾਹੁਣ ਤੋਂ ਪਹਿਲਾਂ ਦੀ ਮੰਨੀ ਜਾ ਰਹੀ ਹੈ ਇਹ ਕਾਰਵਾਈ

ਯੈੱਸ ਪੰਜਾਬ
ਜਲੰਧਰ, 3 ਦਸੰਬਰ, 2019:
ਗੁਰੂ ਨਾਨਕ ਦੇਵ ਜੀ ਦੀ ਉੜੀਸਾ ਫ਼ੇਰੀ ਨਾਲ ਸੰਬੰਧਤ ਪੁਰੀ ਵਿਚ ਸਥਿਤ ਮੰਗੂ ਮੱਠ, ਬਉਲੀ ਮੱਠ ਅਤੇ ਨਾਨਕ ਮੱਠ (ਪੰਜਾਬੀ ਮੱਠ) ਨੂੰ ਲੰਬੇ ਸਮੇਂ ਤੋਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਉੜੀਸਾ ਸਰਕਾਰ ਨੇ ਸੋਮਵਾਰ ਨੂੰ ‘ਨਾਨਕ ਮੱਠ’ ਨੂੰ ‘ਸੀਲ’ ਕਰ ਦਿੱਤਾ ਹੈ। ‘ਸੀਲ’ ਕਰਨ ਦੇ ਵਰਤਾਰੇ ਨੂੰ ਗੁਰੂ ਨਾਨਕ ਦੇਵ ਜੀ ਦੀ ਫ਼ੇਰੀ ਨਾਲ ਸੰਬੰਧਤ ਇਨ੍ਹਾਂ ਥਾਂਵਾਂ ਤੇ ਹਥੌੜਾ ਚਲਾਉਣ ਤੋਂ ਪਹਿਲਾਂ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ।

ਪਹਿਲਾਂ ਇਨ੍ਹਾਂ ਤਿੰਨਾਂ ਮੱਠਾਂ ਨੂੰ ਜਗਨਨਾਥਪੁਰੀ ਮੰਦਿਰ ਦੇ 75 ਮੀਟਰ ਘੇਰੇ ਵਿਚ ਆਉਣ ਕਰਕੇ ਸੁਰੱਖ਼ਿਆ ਕਾਰਨਾਂ ਕਰਕੇ ਢਾਹੁਣ ਦੀਆਂ ਖ਼ਬਰਾਂ ਦਾ ਵਿਰੋਧ ਹੋਇਆ ਸੀ ਜਿਸ ਦੇ ਚੱਲਦਿਆਂ ਢਾਹੁਣ ਦੇ ਮਾਮਲੇ ਨੂੰ ਬਰੇਕਾਂ ਲਾਈਆਂ ਗਈਆਂ ਸਨ ਪਰ ਬੀਤੇ ਕਲ੍ਹ ‘ਨਾਨਕ ਮੱਠ’ ਨੂੰ ਸੀਲ ਕਰ ਦੇਣ ਦੀ ਕਾਰਵਾਈ ਨੇ ਲਗਪਗ ਸਪਸ਼ਟ ਕਰ ਦਿੱਤਾ ਹੈ ਕਿ ਉੜੀਸਾ ਸਰਕਾਰ ਕਿੱਧਰ ਨੂੰ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਜਦ ਮੱਠ ਨੂੂੰ ਢਾਹੁਣ ਸੰਬੰਧੀ ਖ਼ਬਰਾਂ ਆਈਆਂ ਸਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਸੀ। ਵੇਖ਼ਣ ਵਾਲੀ ਗੱਲ ਇਹ ਰਹੇਗੀ ਕਿ ਹੁਣ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਵੱਖ ਵੱਖ ਸਿੱਖ ਆਗੂ ਇਸ ਬਾਰੇ ਕੀ ਸਟੈਂਡ ਲੈਂਦੇ ਹਨ।

ਸਮਝਿਆ ਜਾ ਰਿਹਾ ਹੈ ਕਿ ਉੜੀਸਾ ਸਰਕਾਰ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹੀ ਇਸ ਕਾਰਵਾਈ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਸੀ ਅਤੇ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਵੇਂ ਸਿਰਿਉਂ ਵਿਉਂਤਬੰਦੀ ਕੀਤੀ ਗਈ ਹੈ।

‘ਨਾਨਕ ਮੱਠ’ ਸੀਲ ਕਰਨ ਲਈ ਹੁਣ ਜੋ ਕਾਰਨ ਸਾਹਮਣੇ ਲਿਆਂਦਾ ਗਿਆ ਹੈ ਉਸ ਤੋਂ ਉਂਜ ਹੀ ਸਪਸ਼ਟ ਹੋ ਜਾਂਦਾ ਹੈ ਕਿ ਉੜੀਸਾ ਸਰਕਾਰ ਆਪਣੇ ਇਰਾਦੇ ਨੂੰ ਅੰਜਾਮ ਦੇਣ ਲਈ ਕਿੰਨੀ ਉਤਸੁਕ ਹੈ ਅਤੇ ਉਸ ਲਈ ਕੀ ਕੀ ਘਾੜਤਾਂ ਘੜੀਆਂ ਜਾ ਰਹੀਆਂ ਹਨ।

ਹੁਣ ਨਾਨਕ ਮੱਠ ਨੂੰ ‘ਸੀਲ’ ਕਰਨ ਦਾ ਕਾਰਨ ਇਹ ਦਿੱਤਾ ਗਿਆ ਹੈ ਕਿ ਇਸ ਦੇ ਅੰਦਰ ਨਸ਼ੇ ਦਾ ਕਾਰੋਬਾਰ ਸੰਬੰਧੀ ਸ਼ਿਕਾਇਤਾਂ ਮਿਲੀਆਂ ਹਨ। ਸੋਮਵਾਰ ਨੂੰ ਪੁਲਿਸ ਨੇ ਨਾਨਕ ਮੱਠ ਨੂੰ ਇਕ ਮੈਜਿਸਟਰੇਟ ਦੀ ਹਾਜ਼ਰੀ ਵਿਚ ਸੀਲ ਕਰ ਦਿੱਤਾ ਹਾਲਾਂਕਿ ਮੱਠ ਦੇ ਅੰਦਰ ਰਹਿੰਦੇ ਲੋਕਾਂ ਨੇ ਇਸ ਅੰਦਰ ਨਸ਼ਾ ਕਾਰੋਬਾਰ ਹੋਣ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਬਾਹਰਲੇ ਵਿਅਕਤੀ ਨੇ ਕੁਝ ਕੀਤਾ ਵੀ ਹੋਵੇ ਤਾਂ ਇਸ ਦਾ ਉਹਨਾਂ ਨੂੰ ਕੁਝ ਪਤਾ ਨਹੀਂ ਹੈ।

ਪੁਰੀ ਦੇ ਕੁਲੈਟਕਰ ਬਲਵੰਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੱਠ ਦੇ ਅੰਦਰ ਨਸ਼ਾ ਵਿਕਣ ਦੀਆਂ ‘ਸ਼ਿਕਾਇਤਾਂ ਮਿਲੀਆਂ ਸਨ। ਪੁਲਿਸ ਨੂੰ ਕੁਝ ਬਰਾਮਦ ਹੋਇਆ ਹੈ ਅਤੇ ਇਸ ਬਾਰੇ ਜਾਂਚ ਚੱਲ ਰਹੀ ਹੈ।’ ਸਪਸ਼ਟ ਹੈ ਕਿ ਜਾਂਚ ਤੋਂ ਪਹਿਲਾਂ ਹੀ ਸਿੱਖ ਜਗਤ ਦੀ ਸ਼ਰਧਾ ਨਾਲ ਜੁੜੇ ਇੱਡੇ ਮਹੱਤਵਪੂਰਨ ਧਾਰਮਿਕ-ਇਤਿਹਾਸਕ ਸਥਾਨ ਨੂੰ ‘ਸੀਲ’ ਕਰ ਦਿੱਤਾ ਗਿਆ ਹੈ।

ਯਾਦ ਰਹੇ ਕਿ ਸਤੰਬਰ ਮਹੀਨੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੜੀਸਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ਼ ਕੇ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਫ਼ੇਰੀ ਨਾਲ ਸੰਬੰਧਤ ਇਸ ਮੱਠ ਨੂੰ ਨਾ ਢਾਹੁਣ ਲਈ ਕਿਹਾ ਸੀ। ਸ਼੍ਰੋਮਣੀ ਕਮੇਟੀ ਅਤੇ ਕੁਝ ਹੋਰ ਸੰਸਥਾਵਾਂ ਨੇ ਵੀ ਇਸ ਲਈ ਹਾਅ ਦਾ ਨਾਅਰਾ ਮਾਰਿਆ ਸੀ।

ਇਨ੍ਹਾਂ ਮੱਠਾਂ ਨੂੂੰ ਬਚਾਉਣ ਲਈ ਸ਼ਿੱਦਤ ਨਾਲ ਕੰਮ ਕਰ ਰਹੇ ਕੁਝ ਇਕ ਲੋਕਾਂ ਵਿਚੋਂ ਇਕ ਸ: ਸਤਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਸਾਰਾ ਰੌਲਾ ਜ਼ਮੀਨ ’ਤੇ ਕਬਜ਼ੇ ਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨਾਲ ਸੰਬੰਧਤ ਉੱਥੇ ਤਿੰਨ ਥਾਂਵਾਂ ਮੰਗੂ ਮੱਠ, ਬਉਲੀ ਮੱਠ ਅਤੇ ਪੰਜਾਬੀ ਮੱਠ ਹਨ। ਉਹਨਾਂ ਦੱਸਿਆ ਕਿ ਮੰਗੂ ਮੱਠ 12 ਹਜ਼ਾਰ ਵਰਗ ਫੁੱਟ ਵਿਚ ਹੈ ਅਤੇ ਬਉਲੀ ਮੱਠ ਵੀ ਲਗਪਗ ਇੰਨੀ ਹੀ ਜਗ੍ਹਾ ਵਿਚ ਹੈ ਜਦਕਿ ਨਾਨਕ ਮੱਠ ਜਿਸਨੂੰ ਹੁਣ ਪੰਜਾਬੀ ਮੱਠ ਦਾ ਨਾਂਅ ਦਿੱਤਾ ਗਿਆ ਹੈ, ਕੋਲ 6 ਏਕੜ ਜ਼ਮੀਨ ਹੈ।

ਉਹਨਾਂ ਕਿਹਾ ਕਿ ਇਹ ਬੇਸ਼ਕੀਮਤੀ ਜਗ੍ਹਾ ਹੀ ਅਸਲ ਵਿਚ ਮੱਠ ਨੂੰ ਢਾਹੁਣ ਦਾ ਕਾਰਨ ਬਣ ਰਹੀ ਹੈ। ਉਹਨਾਂ ਇਸ ਗੱਲ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਹਨ ਅਤੇ ਉਨ੍ਹਾਂ ਵੱਲੋਂ ਉਸ ਸ਼ਿੱਦਤ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਸ਼ਿੱਦਤ ਨਾਲ ਕੀਤੀ ਜਾਣੀ ਚਾਹੀਦੀ ਹੈ।

ਸ: ਸਤਿੰਦਰ ਸਿੰਘ ਨੇ ਕਿਹਾ ਕਿ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਵੀ ਸਰਕਾਰ ਦੇ ਦਬਾਅ ਹੇਠ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਜਦਕਿ ਸੁਲਤਾਨਪੁਰ ਲੋਧੀ ਦਾ ਪਿਛੋਕੜ ਰੱਖਦੇ ਇਤਿਹਾਸਕਾਰ ਅਨਿਲ ਧੀਰ ਅਤੇ ਬੀਬੀ ਸੁਖਵਿੰਦਰ ਕੌਰ ਭੁਬਨੇਸ਼ਵਰ ਆਦਿ ਜਿਹੇ ਲੋਕ ਇਸ ਮਾਮਲੇ ਵਿਚ ਲੜਾਈ ਲੜ ਰਹੇ ਹਨ।

ਸ: ਸਤਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਕ ਥਾਵਾਂ ਸੰਬੰਧੀ ਕਾਨੂੰਨ ਅਨੁਸਾਰ 1950 ਤੋਂ ਪਹਿਲਾਂ ਬਣੀਆਂ ਇਮਾਰਤਾਂ ਢਾਹੀਆਂ ਨਹੀਂ ਜਾ ਸਕਦੀਆਂ ਪਰ ਸਰਕਾਰ ਇਸ ਮਾਮਲੇ ਵਿਚ ਜਗਨਨਾਥਪੁਰੀ ਮੰਦਿਰ ਦੇ ਦੁਆਲੇ 75 ਮੀਟਰ ਘੇਰੇ ਵਿਚ ਆਉਂਦੀਆਂ ਇਮਾਰਤਾਂ ਨੂੰ ਢਾਹੁਣ ਦੇ ਚੱਕਰ ਵਿਚ ਹੀ ਇਹ ਕਾਰਵਾਈਆਂ ਕਰ ਰਹੀ ਹੈ।