ਉਲੰਪਿਕ ਖ਼ੇਡਾਂ ਦਾ ਹਿੱਸਾ ਬਣਨ ਵਾਲੀ ਹੋਣਹਾਰ ਸਿੱਖ ਮੁੱਕੇਬਾਜ਼ ਸਿਮਰਨਜੀਤ ਕੌਰ ਦਾ ਸਨਮਾਨ ਕਰੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 11 ਮਾਰਚ, 2020 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਨੂੰ ਉਲੰਪਿਕ ਖੇਡਾਂ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।

ਦੱਸਣਯੋਗ ਹੈ ਕਿ ਸਿਮਰਨਜੀਤ ਕੌਰ ਲੁਧਿਆਣਾ ਦੇ ਪਿੰਡ ਚਕਰ ਦੀ ਵਸਨੀਕ ਹੈ। ਉਸ ਵੱਲੋਂ ਮੁੱਕੇਬਾਜ਼ੀ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ। 25 ਸਾਲਾ ਸਿਮਰਨਜੀਤ ਕੌਰ ਹੁਣ ਉਲੰਪਿਕ ਖੇਡਾਂ ਵਿਚ ਹਿੱਸਾ ਲੈ ਰਹੀ ਹੈ। ਇਸ ਤੋਂ ਪਹਿਲਾਂ ਉਹ ਕਈ ਮੁਕਾਬਲੇ ਜਿੱਤ ਚੁੱਕੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸਿਮਰਨਜੀਤ ਕੌਰ ਵੱਲੋਂ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਉਸ ਦੀ ਇਹ ਪ੍ਰਾਪਤੀ ਗੌਰਵਮਈ ਹੈ, ਜਿਸ ਨਾਲ ਹੋਰਨਾਂ ਨੂੰ ਵੀ ਪ੍ਰੇਰਣਾ ਮਿਲੇਗੀ।

ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਸਿੱਖ ਬੱਚੀ ਇਸ ਉਚ ਮੁਕਾਮੀ ਮੁਕਾਬਲੇ ਵਿਚੋਂ ਜੇਤੂ ਹੋ ਕੇ ਨਿਕਲੇ ਅਤੇ ਸਿੱਖ ਕੌਮ ਦਾ ਹੋਰ ਮਾਣ ਵਧਾਏ। ਉਨ੍ਹਾਂ ਕਿਹਾ ਕਿ ਅਜਿਹੇ ਸਿੱਖ ਬੱਚਿਆਂ ’ਤੇ ਕੌਮ ਨੂੰ ਫਖਰ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਹੋਣਹਾਰ ਬੱਚੀ ਦਾ ਸਨਮਾਨ ਕੀਤਾ ਜਾਵੇਗਾ।

Share News / Article

Yes Punjab - TOP STORIES