32.8 C
Delhi
Monday, April 22, 2024
spot_img
spot_img

ਉਪ-ਰਾਸ਼ਟਰਪਤੀ ਧਨਖ਼ੜ ਪਰਿਵਾਰ ਸਣੇ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਵਾਲਮੀਕ ਤੀਰਥ ਵਿਖ਼ੇ ਹੋਏ ਨਤਮਸਤਕ, ਜਲ੍ਹਿਆਂਵਾਲਾ ਬਾਗ ਵਿੱਚ ਦਿੱਤੀ ਸ਼ਰਧਾਂਜਲੀ

ਯੈੱਸ ਪੰਜਾਬ
ਅੰਮ੍ਰਿਤਸਰ, 26 ਅਕਤੂਬਰ, 2022:
ਦੇਸ਼ ਦੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ, ਉਨਾਂ ਦੀ ਪਤਨੀ ਡਾ ਸੁਦੇਸ਼ ਧਨਖੜ ਪਰਿਵਾਰਕ ਮੈਂਬਰਾਂ ਨਾਲ ਅੱਜ ਦਿੱਲੀ ਤੋਂ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਦੇ ਦੌਰੇ ਉਤੇ ਆਏ। ਜਿੱਥੇ ਉਨਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਪੰਗਤ ਵਿਚ ਬੈਠ ਕੇ ਲੰਗਰ ਛਕਿਆ ਤੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ।

ਅੰਮ੍ਰਿਤਸਰ ਪਹੁੰਚਣ ਉਤੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਸੀਨੀਅਰ ਆਈ ਏ ਐਸ ਅਧਿਕਾਰੀ ਸ੍ਰੀ ਰਮੇਸ਼ ਕੁਮਾਰ ਗੈਂਟਾ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕੁਮਾਰ ਸੌਰਭ ਰਾਜ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਪੁਲਿਸ ਸ ਅਰੁਣਪਾਲ ਸਿੰਘ, ਆਈ ਸੀ ਸ੍ਰੀ ਮੋਹਨੀਸ਼ ਚਾਵਲਾ, ਜਿਲ੍ਹਾ ਪੁਲਿਸ ਮੁਖੀ ਸ੍ਰੀ ਸਵਪਨ ਸ਼ਰਮਾ, ਭਾਜਪਾ ਦੇ ਰਾਜ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਤੇ ਸਾਬਕਾ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਉਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਵੀ ਉਨਾਂ ਦੇ ਨਾਲ ਹਾਜ਼ਰ ਸਨ।

ਸ੍ਰੀ ਦਰਬਾਰ ਸਾਹਿਬ ਪਹੁੰਚਣ ਉਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਨੇ ਉਪ ਰਾਸ਼ਟਰਪਤੀ ਤੇ ਉਨਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਇਸ ਮਗਰੋਂ ਉਹ ਆਪਣੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਗਏ, ਜਿਸ ਦੌਰਾਨ ਉਹ ਦਰਬਾਰ ਸਾਹਿਬ ਦੀ ਮਰਯਾਦਾ, ਸਿੱਖ ਧਰਮ ਤੇ ਸਿਧਾਂਤ ਦੀ ਜਾਣਕਾਰੀ ਉਨਾਂ ਨਾਲ ਸਾਂਝੀ ਕਰਦੇ ਰਹੇ।

ਸੂਚਨਾ ਅਧਿਕਾਰੀ ਸ ਜਸਵਿੰਦਰ ਸਿੰਘ ਜੱਸੀ ਨੇ ਇਤਹਾਸ ਬਾਰੇ ਜਾਣਕਾਰੀ ਉਨਾਂ ਨਾਲ ਸਾਂਝੀ ਕੀਤੀ, ਜਿਸ ਨੂੰ ਉਨਾਂ ਨੇ ਵਿਸ਼ੇਸ਼ ਰੁਚੀ ਨਾਲ ਸੁਣਿਆ। ਉਪ ਰਾਸ਼ਟਰਪਤੀ ਨੇ ਇਸ ਦੌਰਾਨ ਲੰਗਰ ਛੱਕਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਲੰਗਰ ਘਰ ਵਿਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਇਸ ਮਗਰੋਂ ਉਹ ਬਰਤਨਾਂ ਦੀ ਸੇਵਾ ਕਰਨ ਲਈ ਗਏ ਤੇ ਸੰਗਤ ਦੇ ਜੂਠੇ ਬਰਤਨ ਸਾਫ ਕੀਤੇ। ਇਸ ਮਗਰੋਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਸੰਗਤ ਵਿਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ।

ਇਸ ਮਗਰੋਂ ਉਨਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ। ਸੂਚਨਾ ਕੇਂਦਰ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿਰੋਪਾਓ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਨਾਲ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਦਰਬਾਰ ਸਾਹਿਬ ਵਿਖੇ ਡੀ ਸੀ ਪੀ ਸ. ਪਰਮਿੰਦਰ ਸਿੰਘ ਭੰਡਾਲ ਵੱਲੋਂ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਤੇ ਮੀਡੀਆ ਕਵਰੇਜ਼ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ।

ਇਸ ਮਗਰੋਂ ਉਪ ਰਾਸ਼ਟਰਪਤੀ ਸਮੇਤ ਸਾਰਾ ਵਫ਼ਦ ਜਲਿਆਂ ਵਾਲਾ ਬਾਗ ਪੁੱਜਾ, ਜਿੱਥੇ ਉਨਾਂ ਨੇ ਸ਼ਹੀਦਾਂ ਨੂੰ ਫੁੱਲ ਮਲਾਵਾਂ ਅਰਪਿਤ ਕਰਕੇ ਸ਼ਰਧਾ ਭੇਟ ਕੀਤੀ। ਇਸ ਉਪਰੰਤ ਉਹ ਸ੍ਰੀ ਦੁਰਗਿਆਣਾ ਮੰਦਰ ਗਏ, ਜਿੱਥੇ ਮੰਦਰ ਨਾ ਖੁੱਲਾ ਹੋਣ ਕਾਰਨ ਥੋੜਾ ਸਮਾਂ ਉਨਾਂ ਨੂੰ ਇੰਤਜ਼ਾਰ ਕਰਨਾ ਪਿਆ। ਇੱਥੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਡਾ. ਰਾਕੇਸ਼ ਕੁੰਦਰਾ, ਅਰੁਣ ਖੰਨਾ ਨੇ ਉਨਾਂ ਨੂੰ ਜੀ ਆਇਆਂ ਕਿਹਾ ਅਤੇ ਮੰਦਰ ਕਮੇਟੀ ਵਲੋ ਸਨਮਾਨਤ ਵੀ ਕੀਤਾ ਗਿਆ।

ਇਸ ਉਪਰੰਤ ਉੋਪ ਰਾਸ਼ਟਰਪਤੀ ਸਮੇਤ ਸਾਰਾ ਵਫਦ ਭਗਵਾਨ ਵਾਲੀਮੀਕਿ ਤੀਰਥ ਵਿਖੇ ਵੀ ਪੁੱਜੇ ਅਤੇ ਮੱਥਾ ਟੇਕਿਆ । ਇਸ ਮੌਕੇ ਉੋਨ੍ਹਾਂ ਦੇ ਨਾਲ ਮੰਦਰ ਕਮੇਟੀ ਦੇ ਜੀ ਐਮ ਪੀ ਕਲਿਆਣ, ਸ਼ਕਤੀ ਕਲਿਆਨ, ਕੇਵਲ ਕੁਮਾਰ, ਕਮਲ ਨਾਹਰ , ਬਲਦੇਵ ਵਡਾਲੀ, ਇੰਜ: ਸਤਪਾਲ ਖੋਖੀ ਅਤੇ ਅਮਿਤ ਕੁਮਾਰ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION