ਉਤਰੀ ਭਾਰਤ ਦਾ ਸਾਬਤ-ਸੂਰਤ ਫੁੱਟਬਾਲ ਟੂਰਨਾਂਮੈਂਟ ਵੀ ਸ਼ੁਰੂ ਕਰਾਂਗੇ : ਗਰੇਵਾਲ਼

ਸੰਗਰੂਰ 31 ਜਨਵਰੀ, 2020 –

ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪੰਜਾਬ ਭਰ ਵਿਚ ਆਰੰਭੇ ਪਹਿਲੇ ਸਿੱਖ ਫੁੱਟਬਾਲ ਕੱਪ ਦੇ ਮੈਚਾਂ ਦਾ ਉਦਘਾਟਨ ਅੱਜ ਇਥੇ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ. ਹਰਵਿੰਦਰ ਸਿੰਘ ਫੂਲਕਾ ਨੇ ਕੀਤਾ।

ਇਸ ਮੌਕੇ ਉਨਾਂ ਨਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਸੁਖਵੰਤ ਸਿੰਘ ਸਰਾਓ, ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬਾਲੀਆਂ ਅਤੇ ਸਾਬਕਾ ਐਸ.ਪੀ. ਦਲਜੀਤ ਸਿੰਘ ਵੀ ਹਾਜਰ ਸਨ।

ਅੱਜ ਸਿੱਖ ਫੁੱਟਬਾਲ ਕੱਪ ਦੇ ਹੋਏ ਦੋ ਮੈਚਾਂ ਦੌਰਾਨ ਖਾਲਸਾ ਐਫ.ਸੀ. ਪਟਿਆਲਾ ਨੇ ਖਾਲਸਾ ਐਫ.ਸੀ. ਸੰਗਰੂਰ ਨੂੰ 2-0 ਅੰਕਾਂ ਨਾਲ ਤੇ ਖਾਲਸਾ ਐਫ.ਸੀ. ਬਰਨਾਲਾ ਨੇ ਖਾਲਸਾ ਐਫ.ਸੀ. ਮਾਨਸਾ 3-0 ਅੰਕਾਂ ਨਾਲ ਹਰਾਇਆ।

ਇਸ ਮੌਕੇ ਬੋਲਿਦਿਆਂ ਸ. ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਖਾਲਸਾ ਫੁੱਟਬਾਲ ਕਲੱਬ ਵਲੋਂ ਸਿੱਖ ਪਛਾਣ ਨੂੰ ਦੇਸ਼-ਵਿਦੇਸ਼ ਵਿੱਚ ਉਜਾਗਰ ਕਰਨ ਲਈ ਸਾਬਤ-ਸੂਰਤ ਖਿਡਾਰੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਉਨਾਂ ਖਿਡਾਰੀਆਂ ਨੂੰ ਆਪਣੀ ਮੂਲ ਪਛਾਣ ਕਾਇਮ ਰਖਣ ਅਤੇ ਸਿੱਖੀ ਸਰੂਪ ਨੂੰ ਵਿਦੇਸ਼ਾਂ ਤੱਕ ਪ੍ਰਫੁਲੱਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਬਾਕੀ ਖੇਡਾਂ ਵਿਚ ਵੀ ਸਿੱਖ ਖਿਡਾਰੀ ਆਪਣੇ ਆਪਣੇ ਮੂਲ ਸਰੂਪ ਨੂੰ ਕਾਇਮ ਰੱਖਣ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਪੰਜਾਬੀਆਂ ਦੀ ਗਵਾਚੀ ਪੁਰਾਣੀ ਸ਼ਾਖ ਨੂੰ ਬਹਾਲ ਕੀਤਾ ਜਾ ਸਕੇ।

ਸੁਖਵੰਤ ਸਿੰਘ ਸਰਾਓ ਨੇ ਦੱਸਿਆ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਸਰਾਓ ਨੇ ਕਿਹਾ ਕਿ ਇਹ ਨਿਵੇਕਲਾ ‘ਕੇਸਧਾਰੀ’ ਖੇਡ ਉਸਤਵ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਸਿੱਖ ਪਛਾਣ ਦੀ ਚੇਤਨਾ ਨੂੰ ਵੀ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਵਿੱਚ ਸਹਾਈ ਹੋਵੇਗਾ। ਉਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਖਾਲਸਾ ਐਫ.ਸੀ. ਦਾ ਤਨੋ-ਮਨੋ-ਧਨੋ ਸਹਿਯੋਗ ਕਰਨ।

ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗਲਤ ਸਿੱਖ ਪਛਾਣ ਕਾਰਨ ਵਿਦੇਸ਼ਾਂ ਵਿਚ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਖਾਲਸਾ ਐਫ.ਸੀ. ਵਲੋਂ ਫੁੱਟਬਾਲ ਟੀਮ ਬਣਾਈ ਜਾ ਰਹੀ ਹੈ ਜੋ ਕਿ ਜਿਥੇ ਵਿਦੇਸ਼ਾਂ ਵਿਚ ਵੱਖ-ਵੱਖ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ ਉਥੇ ਦੇਸ਼ ਵਿਚ ਵੀ ਨਾਮੀ ਕਲੱਬਾਂ ਅਤੇ ਟੂਰਨਾਮੈਂਟਾਂ ਵਿਚ ਭਾਗ ਲਵੇਗੀ।

ਉਨਾਂ ਇਹ ਵੀ ਕਿਹਾ ਕਿ ਖਾਲਸਾ ਐਫ.ਸੀ. ਵਲੋਂ ਭਵਿੱਖ ਵਿਚ ਉਤਰੀ ਭਾਰਤ ਦਾ ਖੇਤਰੀ ਫੁੱਟਬਾਲ ਟੂਰਨਾਂਮੈਂਟ ਕਰਵਾਉਣਾ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਹੋਣਗੇ ਅਤੇ ਚੰਡੀਗੜ ਵਿਚ ਪੰਜਾਬ ਦੀ ਤਰਜ ‘ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ।

ਇਸ ਮੌਕੇ ਜਸਵੰਤ ਸਿੰਘ ਖਹਿਰਾ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸਾਬਤ ਸੂਰਤ ਖਿਡਾਰੀਆਂ ਲਈ ਖੇਡ ਮੌਕੇ ਮੁਹੱਈਆ ਕਰਵਾਉਣ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਅਕਾਲ ਕੌਂਸਲ ਵੱਲੋਂ ਖਾਲਸਾ ਕਲੱਬ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਮਨਜੀਤ ਸਿੰਘ ਕੋਚ ਨੇ ਕਲੱਬ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਰੋਸ਼ਨੀ ਪਾਈ ਅਤੇ ਇਸ ਟੂਰਨਾਮੈਂਟ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵਾਂ ਅਧਿਆਏ ਜੁੜ ਜਾਣ ਦੀ ਗੱਲ ਆਖੀ।

ਗਿਆਨੀ ਕੇਵਲ ਸਿੰਘ ਜੀ ਨੇ ਸਮੂਹ ਦਰਸ਼ਕਾਂ, ਖਿਡਾਰੀਆਂ ਤੇ ਪਤਵੰਤੇ ਸੱਜਣਾਂ ਨੂੰ ਮੂਲ ਮੰਤਰ ਦਾ ਪੰਜ ਵਾਰ ਉਚਾਰਨ ਕਰਵਾਇਆ ਅਤੇ ਟੂਰਨਾਂਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਗੱਤਕਈ ਸਿੰਘਾਂ ਨੇ ਜੰਗਜੂ ਕਲਾ ਦੇ ਜੌਹਰ ਦਿਖਾਏ।

ਇਸ ਮੌਕੇ ਹੋਰਨਾ ਤੋਂ ਇਲਾਵਾ ਅਕਾਲ ਕੌਂਸਲ ਵੱਲੋਂ ਕੈਪਟਨ ਭੁਪਿੰਦਰ ਸਿੰਘ ਪੂਨੀਆਂ, ਮਹੀਪਾਲ ਭੂਲਣ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਖਨੌਰੀ, ਯੋਗਰਾਜ ਜਿਲਾ ਖੇਡ ਅਫਸਰ, ਗੁਰਜੰਟ ਸਿੰਘ ਦੁੱਗਾਂ, ਪ੍ਰੋਫੈਸਰ ਸੁਖਜੀਤ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ, ਦਲਬੀਰ ਸਿੰਘ ਕੋਚ, ਰਮਨਜੀਤ ਸਿੰਘ ਕੋਚ, ਅਮਨਦੀਪ ਕੋਚ ਅਤੇ ਹਰਕੀਰਤ ਸਿੰਘ ਗਰੇਵਾਲ ਹਾਜਰ ਸਨ।

Yes Punjab - Top Stories