ਉਤਮ ਦਰਜੇ ਦੀ ਡਾਕਟਰੀ ਸਿੱਖਿਆ ਅਤੇ ਇਲਾਜ ਲਈ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਅਦਾਨ-ਪ੍ਰਦਾਨ ਜਰੂਰੀ: ਨੱਥੋਵਾਲ

ਲੁਧਿਆਣਾ, 30 ਜੁਲਾਈ, 2019:

ਕਿਸੇ ਵੀ ਦੇਸ਼ ਦੀ ਤਰੱਕੀ ਲਈ ਇਹ ਬਹੁਤ ਜਰੂਰੀ ਹੈ ,ਕਿ ਸਮੇਂ ਦੇ ਹਾਣੀ ਬਣਕੇ ਤੁਰਿਆ ਜਾਵੇ, ਜਿਹੜਾ ਦੇਸ਼ ਜਾਂ ਵਿਅਕਤੀ ਸਮੇਂ ਦੇ ਨਾਲ ਨਹੀਂ ਚਲੇਗਾ ,ਉਹ ਦੂਸਰਿਆਂ ਨਾਲੋਂ ਪੱਛੜ ਜਾਵੇਗਾ।’

ਇਹ ਵਿਚਾਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਨੇ ਭਾਰਤ ਅਤੇ ਚੀਨ ਸਰਕਾਰ ਵਿਚਾਲੇ ਡਾਕਟਰੀ ਇਲਾਜ ਅਤੇ ਡਾਕਟਰੀ ਸਿੱਖਿਆ ਸਬੰਧੀ ਹੋਏ ਸਮਝੌਤੇ ਤਹਿਤ ਕੋਟਨਿਸ ਹਸਪਤਾਲ ਵਿਚ ਐਕੂਪੰਕਚਰ ਇਲਾਜ ਪ੍ਰਣਾਲੀ ਅਤੇ ਸਿੱਖਿਆ ਸਬੰਧੀ ਚਲ ਰਹੀ 10 ਰੋਜਾ ਕੌਮਾਂਤਰੀ ਪੱਧਰ ਦੀ ਕਾਰਜ਼ਸ਼ਾਲਾ ਦੇ ਅਖੀਰਲੇ ਦਿਨ ਡੇਲੀਗੇਟਸ ਅਤੇ ਚੀਨੀ ਐਕੂਪੰਕਚਰ ਮਾਹਿਰਾਂ ਨੂੰ ਸਰਟੀਫਿਕੇਟ ਵੰਡਣ ਅਤੇ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਸ੍ਰੀ ਨੱਥੋਵਾਲ ਨੇ ਅੱਗੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਚੀਨ ਵਿਚ ਯੋਗਾ ਨੂੰ ਜਦੋਂ ਕਿ ਭਾਰਤ ਵਿਚ ਐਕੂਪੰਕਚਰ ਨੂੰ ਪ੍ਰਫੁਲਤ ਕਰਨਾ ਇਕ ਵਧੀਆ ਕਦਮ ਹੈ ,ਕਿਉਂਕਿ ਦੋਵੇਂ ਇਲਾਜ ਪ੍ਰਣਾਲੀ ਜਿਥੇ ਸਸਤੀਆਂ ਹਨ ,ਉਥੇ ਪ੍ਰਭਾਵਸ਼ਾਲੀ ਵੀ ਹੈ ,ਦੋਵੇਂ ਇਲਾਜ ਵਿਧੀਆਂ ਨੂੰ ਅਪਣਾਕੇ ਅਸੀਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਐਕੂੁਪੰਕਚਰ ਇਲਾਜ ਪ੍ਰਣਾਲੀ ਵਿਚ ਹਰ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ ਸੰਭਵ ਹੈ।

ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਅਤੇ ਕਾਰਜ਼ਸ਼ਾਲਾ ਦੇ ਕੋਆਰਡੀਨੇਟਰ ਡਾ: ਇੰਦਰਜੀਤ ਸਿੰਘ ਢੀਂਗਰਾ ਨੇ ਸੰਬੋਧਨ ਕਰਦਿਆਂ ਇਸ ਕਾਰਜ਼ਸ਼ਾਲਾ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ 70 ਡੇਲੀਗੇਟਸ/ਡਾਕਟਰਾਂ ਨੇ ਹਿੱਸਾ ਲਿਆ ਅਤੇ ਐਕੂਪੰਕਚਰ ਇਲਾਜ ਪ੍ਰਣਾਲੀ ਦੀਆਂ ਬਾਰੀਕੀਆਂ ਨੂੰ ਗ੍ਰਹਿਣ ਕੀਤਾ । ਉਨ੍ਹਾਂ ਅੱਗੇ ਦੱਸਿਆ ਕਿ ਚੀਨ ਸਰਕਾਰ ਵਲੋਂ ਭਾਰਤੀ ਡਾਕਟਰਾਂ ਨੂੰ ਐਕੂਪੰਕਚਰ ਇਲਾਜ ਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਲਈ 7ਚੀਨੀ ਡਾਕਟਰਾਂ ਨੂੰ ਕਾਰਜਸ਼ਾਲਾ ਵਿਚ ਭੇਜਿਆ ਗਿਆ ਸੀ।

ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ’ਤੇ ਪਹੁੰਚੇ ਏ.ਆਈ.ਜੀ ਇਕਬਾਲ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਹਰੇਕ ਡਾਕਟਰ ਨੂੰ ਸੰਸਾਰ ਪੱਧਰ ਤੇ ਹੋ ਰਹੀਆਂ ਨਵੀਆਂ ਡਾਕਟਰੀ ਖੋਜਾਂ / ਵਿਧੀਆਂ /ਦਵਾਈਆਂ ਬਾਰੇ ਜਣਕਾਰੀ ਰੱਖਣ ਤੇ ਜੋਰ ਦਿੱਤਾ । ਇਸ ਮੌਕੇ ਡਾ: ਨੇਹਾ ਢੀਂਗਰਾ, ਡਾ: ਸੰਦੀਪ ਚੋਪੜਾ, ਡਾ: ਰਘਬੀਰ ਸਿੰਘ ਅਤੇ ਡਾ: ਚੇਤਨਾ ਨੇ ਵੀ ਆਪਣੇ ਵਿਚਾਰ ਰੱਖੇ ।

Share News / Article

Yes Punjab - TOP STORIES