ਇੰਦਰਾ ਗਾਂਧੀ ਦਾ ਗੁਣਗਾਣ ਕਰਕੇ ਕੈਪਟਨ ਅਮਰਿੰਦਰ ਨੇ ਕਾਂਗਰਸ ਸਰਕਾਰ ਦਾ ਅਸਲੀ ਕਿਰਦਾਰ ਵਿਖ਼ਾਇਆ: ਡਾ: ਚੀਮਾ

ਚੰਡੀਗੜ੍ਹ, 31 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਸੀ੍ਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੁਣਗਾਣ ਕਰਨ ਲਈ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।

ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਦੀ ਇਸ ਹਰਕਤ ਨੇ ਨਾ ਸਿਰਫ ਸਿੱਖਾਂ ਦੀ ਵਲੂੰਧਰੀ ਮਾਨਸਿਕਤਾ ਉੱਤੇ ਨਮਕ ਛਿੜਕਿਆ ਹੈ, ਸਗੋਂ ਕਾਂਗਰਸ ਸਰਕਾਰ ਦਾ ਵੀ ਅਸਲੀ ਕਿਰਦਾਰ ਨੰਗਾ ਕਰ ਦਿੱਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਅਜਿਹੇ ਸਮੇਂ ਜਦੋਂ ਸਾਰਾ ਸਿੱਖ ਪੰਥ 550ਵਾਂ ਪਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਾਂਗਰਸ ਸਰਕਾਰ ਇੱਕ ਅਜਿਹੀ ਆਗੂ ਨੂੰ ਯਾਦ ਕਰਨ ਵਿਚ ਰੁੱਝੀ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਅਤੇ ਟੈਂਕਾਂ ਨਾਲ ਢਾਹ ਢੇਰੀ ਕਰਨ ਦਾ ਹੁਕਮ ਦਿੱਤਾ ਸੀ।

ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਨਾ ਸਭ ਤੋਂ ਉੱਪਰ ਹੈ। ਮੁੱਖ ਮੰਤਰੀ ਇਸ ਪਵਿੱਤਰ ਮੌਕੇ ਉੱਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਵੀ ਤਿਆਰ ਹੈ ,ਪਰ ਉਹ ਗਾਂਧੀ ਪਰਿਵਾਰ ਦੀ ਖੁਸ਼ਾਮਦ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਖੁੰਝਾਉਣਾ ਚਾਹੁੰਦਾ।

ਡਾਕਟਰ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਸੂਬੇ ਵੱਲੋਂ ਇੰਦਰਾ ਗਾਂਧੀ ਦਾ ਗੁਣਗਾਣ ਕਰ ਰਿਹਾ ਹੈ, ਜਿਸ ਦਾ ਇੰਦਰਾ ਅਤੇ ਉਸ ਦੇ ਪਰਿਵਾਰ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਖਜ਼ਾਨੇ ਦਾ ਪੈਸਾ ਉਸ ਇੰਦਰਾ ਗਾਂਧੀ ਦੀ ਸ਼ਲਾਘਾ ਕਰਨ ਉੱਤੇ ਬਰਬਾਦ ਕੀਤਾ ਜਾ ਰਿਹਾ ਹੈ, ਜਿਸ ਨੇ ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ ਹਰਿਆਣਾ ਨੂੰ ਸੌਂਪ ਦਿੱਤਾ ਸੀ। ਹਰ ਕੋਈ ਜਾਣਦਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਅਤੇ ਇਸ ਦਾ ਉਦਘਾਟਨ ਕਰਨ ਲਈ ਇੰਦਰਾ ਗਾਂਧੀ ਜ਼ਿੰਮੇਵਾਰ ਸੀ।

ਉਹਨਾਂ ਕਿਹਾ ਕਿ ਐਮਰਜੰਸੀ ਦੌਰਾਨ ਇਸ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬੀ ਉਤੇ ਅਕਹਿ ਜ਼ੁਲਮ ਢਾਹੇ ਸਨ ਅਤੇ ਉਹਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਸੀ ਅਤੇ 1984 ਵਿਚ ਉਸ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹਾ ਗੁਣਗਾਣ ਕਰਕੇ ਸਾਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਨਿਰਾਦਰ ਕਿਉਂ ਕਰ ਰਿਹਾ ਹੈ?

ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਸਿੱਖਾਂ ਨਾਲ ਦਗਾ ਕਰਨ ਲਈ ਤਿਆਰ ਹੈ, ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਸਿਰਫ ਇੰਦਰਾ ਗਾਂਧੀ ਦੇ ਸੋਹਲੇ ਹੀ ਨਹੀਂ ਗਾ ਰਿਹਾ ਹੈ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਉੱਤੇ ਸੁਆਲ ਉਠਾ ਕੇ ਉਸ ਦੀ ਨੀਤੀਆਂ ਨੂੰ ਵੀ ਦੁਹਰਾ ਰਿਹਾ ਹੈ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਕੈਪਟਨ ਅਮਰਿੰਦਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਉੱਤੇ ਸੁਆਲ ਉਠਾ ਕੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰੀ ਪੈਸੇ ਦੀ ਬਰਬਾਦੀ ਕਰਨ ਦੀ ਬਜਾਇ ਮੁੱਖ ਮੰਤਰੀ ਨੂੰ ਇਸ ਪੈਸੇ ਨਾਲ ਗਾਂਧੀ ਪਰਿਵਾਰ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਪੀੜਤਾਂ ਦੀ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇਹ ਪੈਸਾ ਗਾਂਧੀ ਪਰਿਵਾਰ ਦੇ ਵਾਰਿਸ ਰਾਜੀਵ ਗਾਂਧੀ ਵੱਲੋਂ ਦਿੱਲੀ ਵਿਚ ਕਰਵਾਏ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੀ ਮੱਦਦ ਲਈ ਖਰਚਣਾ ਚਾਹੀਦਾ ਹੈ।

Share News / Article

Yes Punjab - TOP STORIES