ਯੈੱਸ ਪੰਜਾਬ
ਬ੍ਰਿਸਬੇਨ, ਜੂਨ 24, 2019:
ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਬ੍ਰਿਸਬੇਨ ਵੱਲੋਂ ਬ੍ਰਿਸਬੇਨ ਦੇ ਲਾਈਬ੍ਰੇਰੀ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਰੰਜੀਵਨ ਸਿੰਘ ਐਡਵੋਕੇਟ ਹਾਈ ਕੋਰਟ ਚੰਡੀਗੜ੍ਹ, ਉੱਘੇ ਖੇਡ ਪੱਤਰਕਾਰ ਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਦਾ ਤਗਮਾ ਜੇਤੂ ਅਥਲੀਟ ਰੁਪਿੰਦਰ ਕੌਰ ਗਿੱਲ, ਟਹਿਣਾ ਨੂੰ ਉਨ੍ਹਾਂ ਦੀਆਂ ਵੱਖ ਵੱਖ ਖੇਤਰਾਂ ‘ਚ ਵਧੀਆ ਸੇਵਾਵਾਂ ਬਦਲੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਆਸਟ੍ਰੇਲੀਆ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਅਤੇ ਮਨਜੀਤ ਸਿੰਘ ਬੋਪਾਰਏ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਾਹਿਤ ਅਕੈਡਮੀ ਵੱਲੋਂ ਆਸਟ੍ਰੇਲੀਆ ‘ਚ ਆਪਣੇ ਪਾਏ ਯੋਗਦਾਨ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਲੋਕਾਂ ਨੂੰ ਪੰਜਾਬੀ ਸਾਹਿਤ ਅਤੇ ਖੇਡ ਸੱਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ।
ਜਦਕਿ ਸਟੇਜ ਦਾ ਸੰਚਾਲਨ ਕਰਦੇ ਸਰਬਜੀਤ ਸਿੰਘ ਸੋਹੀ ਸਨਮਾਨਤ ਸਖਸ਼ੀਅਤਾਂ, ਰੰਜੀਵਨ ਸਿੰਘ, ਖੇਡ ਲੇਖਕ ਜਗਰੂਪ ਸਿੰਘ ਜਰਖੜ ਅਤੇ ਅਥਲੀਟ ਰੁਪਿੰਦਰ ਕੌਰ ਗਿੱਲ ਦੀਆਂ ਉਨ੍ਹਾਂ ਦੇ ਖੇਤਰ ‘ਚ ਦਿੱਤਿਆਂ ਸੇਵਾਵਾਂ ਤੇ ਪ੍ਰਾਪਤੀਆਂ ਦਾ ਵੇਰਵਾ ਦੱਸਦਿਆਂ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ।
ਇਸ ਮੌਕੇ ਪ੍ਰੋ. ਰੰਜੀਵਨ ਸਿੰਘ ਨੇ ਆਪਣੀਆਂ ਲਿਖੀਆਂ ਚੋਣਵੀਆਂ ਕਵਿਤਾਵਾਂ ਤੇ ਗਜ਼ਲਾਂ ‘ਚ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦਾ ਜ਼ਿਕਰ ਕੀਤਾ। ਜਦਕਿ ਜਗਰੂਪ ਸਿੰਘ ਜਰਖੜ ਨੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਜੋੜਨ ਦੇ ਉਪਰਾਲਿਆਂ ‘ਤੇ ਜ਼ੋਰ ਦਿੱਤਾ।
ਅਥਲੀਟ ਰੁਪਿੰਦਰ ਕੌਰ ਨੇ ਖਿਡਾਰੀਆਂ ਦੀਆਂ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਾਇਆ। ਇਸ ਤੋਂ ਇਲਾਵਾ ਸਨਮਾਨ ਸਮਾਰੋਹ ਨੂੰ ਹੋਰ ਸੁਹਾਵਣਾ ਬਣਾਉਣ ਲਈ ਪੱਤਰਕਾਰ ਦਲਬੀਰ ਸਿੰਘ ਹਲਵਾਰਵੀ, ਗਾਇਕ ਆਤਮਾ ਸਿੰਘ ਹੇਅਰ, ਕਾਲਾ ਹੀਰਾਂ, ਨੇ ਆਪਣੇ ਚੋਣਵੇਂ ਗੀਤਾਂ ਰਾਹੀਂ ਵਧੀਆ ਰੰਗ ਬੰਨ੍ਹਿਆ।
ਇਸ ਤੋਂ ਇਲਾਵਾ ਗੀਤਕਾਰ ਸੁਰਜੀਤ ਸਿੰਘ ਸੰਧੂ, ਪਰਗਟ ਸਿੰਘ ਰੰਧਾਵਾ, ਜਸਵੰਤ ਬਾਦਲਾ, ਹਰਜੀਤ ਕੌਰ ਸੰਧੂ, ਰੁਪਿੰਦਰ ਸੋਚ ਆਦਿ ਹੋਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਪੰਜਾਬ ਦੇ ਦਰਦ ਨੂੰ ਵੰਡਾਇਆ।
ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਬ੍ਰਿਸਬੇਨ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਅਤੇ ਬਲਦੇਵ ਸਿੰਘ ਨਿੱਝਰ ਪ੍ਰਧਾਨ ਖੇਡ ਵਿੰਗ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਤੇ ਧੰਨਵਾਦ ਕਰਦਿਆਂ ਪੰਜਾਬੀ ਭਾਈਚਾਰੇ ਵੱਲੋਂ ਆਸਟ੍ਰੇਲੀਆ ਦੀ ਤਰੱਕੀ ‘ਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਭੰਗੂ, ਲਛਮਣ ਸਿੰਘ ਸਿੱਧੂ, ਸ਼ੈਨੀ ਸਿੱਧੂ, ਆਰ.ਐਸ. ਨਾਗੀ, ਹਰਜੀਤ ਕੌਰ, ਮੈਡਮ ਪੂਨਮ ਰੰਜੀਵਨ, ਰੌਬਿਨ ਬੋਪਾਰਏ, ਆਦਿ ਪੰਜਾਬੀ ਸਾਹਿਤਕ ਅਕੈਡਮੀ ਦੇ ਅਹੁਦੇਦਾਰਾਂ ਦੇ ਪਰਿਵਾਰਕ ਮੈਂਬਰ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਸਨ। ਅੰਤ ਵਿਚ ਸਰਬਜੀਤ ਸੋਹੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।