ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ ਰੋਸਮਾਰਕਟ, ਫ੍ਰੈਂਕਫਰਟ ਵਿਖੇ ਆਯੋਜਿਤ, 20,000 ਤੋਂ ਵੱਧ ਲੋਕਾਂ ਵੱਲੋਂ ਸ਼ਮੂਲੀਅਤ

ਚੰਡੀਗੜ, 3 ਸਤੰਬਰ, 2019 –
ਫਰੈਂਕਫਰਟ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੱਖ-ਵੱਖ ਭਾਰਤੀ ਸੂਬਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਭਾਰਤੀ ਐਸੋਸੀਏਸ਼ਨਾਂ ਨਾਲ ਮਿਲ ਕੇ ਇਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ, ‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ’ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਫੈਸਟ ਫ੍ਰੈਂਕਫਰਟ ਦੇ ਰੋਸਮਾਰਕਟ ਅਤੇ ਰਾਥੀਨੋਪਲੈਟਜ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਤੇ ਸਥਾਨਕ ਜਰਮਨ ਅਤੇ ਵਿਦੇਸ਼ੀ ਸੈਲਾਨੀਆਂ ਦੇ ਨਾਲ-ਨਾਲ ਤਕਰੀਬਨ 20,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਫੈਸਟ ਵਿੱਚ ਸਿਟੀ ਕੌਂਸਲ ਆਫ ਫ੍ਰੈਂਕਫਰਟ ਦੇ ਚੇਅਰਮੈਨ ਸ੍ਰੀ ਸਟੀਫਨ ਸਿਗਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਿਟੀ ਆਫ ਬੋਨ ਦੇ ਲਾਰਡ ਮੇਅਰ, ਸ੍ਰੀ ਅਸ਼ੋਕ ਸ੍ਰੀਧਰਨ, ਜੋ ਜਰਮਨੀ ਵਿੱਚ ਭਾਰਤੀ ਮੂਲ ਦੇ ਇਕੱਲੇ ਮੇਅਰ ਹਨ, ਵੀ ਇਸ ਮੌਕੇ ਮੌਜੂਦ ਸਨ। ਇਹਨਾਂ ਤੋਂ ਇਲਾਵਾ ਸ੍ਰੀ ਕੈਰੀ ਰੈਡਿੰਗਟਨ, ਡਿਪਟੀ ਚੇਅਰਮੈਨ, ਵਿਦੇਸ਼ੀ ਸਲਾਹਕਾਰ ਕੌਂਸਲ ਸਿਟੀ ਆਫ ਫ੍ਰੈਂਕਫਰਟ ਐਮ ਮੇਨ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।

ਇਸ ਸਮਾਰੋਹ ਦੌਰਾਨ ਬੋਲਦਿਆਂ ਕੌਂਸਲ ਜਨਰਲ ਸ੍ਰੀਮਤੀ ਪ੍ਰਤਿਭਾ ਪਾਰਕਰ ਨੇ ਵੱਖ-ਵੱਖ ਸੂਬਿਆਂ ਦੇ ਭਾਰਤੀ ਭਾਈਚਾਰੇ ਵਲੋਂ ਇਕੱਠੇ ਹੋ ਕੇ ਇਸ ਉੱਚ-ਪੱਧਰੀ ਸਮਾਰੋਹ ਦਾ ਆਯੋਜਨ ਕਰਨ ਲਈ ਸ਼ਲਾਘਾ ਕੀਤੀ। ਉਹਨਾਂ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਅਤੇ ਵਿਭਿੰਨ ਭਾਸ਼ਾਈ ਅਤੇ ਸਭਿਆਚਾਰਕ ਪਿਛੋਕੜ ਵਾਲੇ ਭਾਰਤੀ ਭਾਈਚਾਰਿਆਂ ਨੂੰ ਏਕਤਾ ਵਿੱਚ ਬੰਨਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਾਣ ਨਾਲ ਸਾਂਝਾ ਕੀਤਾ।

ਕੌਂਸਲ ਜਨਰਲ ਸ੍ਰੀਮਤੀ ਪਾਰਕਰ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਵੱਲੋਂ ਪੁੱਟੀਆਂ ਪੁਲਾਂਘਾ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।

ਇਸ ਵਿਸ਼ੇਸ਼ ਸਮਾਰੋਹ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸੰਗੀਤ ਅਤੇ ਨਾਚ ਦੀ ਪੇਸ਼ਕਾਰੀ ਕੀਤੀ ਗਈ ਜੋ ਦੇਸ਼ ਦੀ ਸਭਿਆਚਾਰਕ ਵਿਭਿੰਨਤਾ ਵਿਚ ਏਕਤਾ ਨੂੰ ਦਰਸਾਉਂਦੀ ਹੈ। ਅੱਤਵਾਦ ਵਿਰੁੱਧ ਰਾਸ਼ਟਰੀ ਏਕਤਾ ਨੂੰ ਉਤਸ਼ਾਹਤ ਕਰਦੀਆਂ ਵਿਸ਼ੇਸ਼ ਪੇਸ਼ਕਾਰੀਆਂ ਕੀਤੀਆਂ ਗਈਆਂ।

ਇੰਡੀਅਨ ਫੈਸਟ ਵਿਚ ਬਹੁਤ ਸਾਰੇ ਭੋਜਨ ਪਦਾਰਥਾਂ ਦੇ ਸਟਾਲਾਂ ਨੂੰ ਪ੍ਰਸ਼ੰਸਾ ਮਿਲੀ ਜੋ ਭਾਰਤ ਦੇ ਵੱਖ-ਵੱਖ ਰਾਜਾਂ ਦੇ ਭਾਰਤੀ ਐਸੋਸੀਏਸ਼ਨਾਂ ਵੱਲੋਂ ਲਗਾਈਆਂ ਗਈਆਂ ਸਨ। ਇਸ ਸਮਾਰੋਹ ਦੌਰਾਨ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਦਸਤਕਾਰੀ ਦੇ ਸਟਾਲ ਵੀ ਲਗਾਏ ਗਏ।

ਜਰਮਨੀ ਵਿੱਚ ‘ਇੰਡੀਅਨ ਫੈਸਟ-ਯੂਨਿਟੀ ਇਨ ਡਾਇਵਰਸਿਟੀ’ ਦੀ ਸਫਲਤਾ ਦੀ ਸਿਹਰਾ ਜਰਮਨੀ ਵਿਚ ਵਸਦੇ ਭਾਰਤੀਆਂ ਦੇ ਜੋਸ਼ ਅਤੇ ਗਤੀਸ਼ੀਲਤਾ ਦੇ ਸਿਰ ਹੈ। ਇਸ ਦੀ ਸਫਲਤਾ ਦਾ ਵੱਡਾ ਕਾਰਨ ਭਾਰਤੀਆਂ ਦਾ ਸਥਾਨਕ ਜਰਮਨ ਲੋਕਾਂ ਅਤੇ ਵਿਦੇਸ਼ੀ ਭਾਈਚਾਰਿਆਂ ਨਾਲ ਸਾਂਝ ਹੈ।

Share News / Article

Yes Punjab - TOP STORIES