ਇਹ ਨਾਭਾ ਦੀ ‘ਮੈਕਸੀਮਮ ਸਕਿਉਰਿਟੀ ਜੇਲ’ ਹੈ – ਵੱਡੀ ਗਿਣਤੀ ’ਚ ਮੋਬਾਇਲ, ਡੌਂਗਲ, ਬੈਟਰੀਆਂ ਤੇ ਚਾਰਜਰ ਮਿਲੇ

ਨਾਭਾ/ਪਟਿਆਲਾ, 10 ਜੁਲਾਈ, 2020:
ਪਟਿਆਲਾ ਪੁਲਿਸ ਨੇ ਅੱਜ ਸ਼ਾਮ ਜੇਲ ਪ੍ਰਸ਼ਾਸਨ ਨਾਲ ਮਿਲਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ ਅਚਨਚੇਤ ਸਰਚ ਉਪਰੇਸ਼ਨ ਕੀਤਾ। ਦੇਰ ਸ਼ਾਮ ਤੱਕ ਚੱਲੇ ਇਸ ਸਰਚ ਉਪਰੇਸ਼ਨ ਦੌਰਾਨ ਵੱਡੀ ਗਿਣਤੀ ਟਚ ਅਤੇ ਕੀਪੈਡ ਵਾਲੇ ਮੋੋਬਾਇਲ ਫੋਨਾਂ ਸਮੇਤ ਹੋਰ ਬਿਜਲਈ ਸਾਜੋ ਸਮਾਨ ਬਰਾਮਦ ਹੋਇਆ ਹੈ।

ਇਸ ਬਾਰੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮੋਬਾਇਲ ਫੋਨ ਤੇ ਹੋਰ ਇਲੈਕਟ੍ਰੋਨਿਕ ਗੈਜੇਟਸ ਅਨਲਾਅ ਫੁਲ ਐਕਟੀਵਿਟੀ ਐਕਟ ਤਹਿਤ ਬੰਦੀਆਂ ਦੀ ਬੈਰਕ ਵਿੱਚੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜੇਲ ਵਿਭਾਗ ਨਾਲ ਮਿਲਕੇ ਅਜਿਹੇ ਸਰਚ ਉਪਰੇਸ਼ਨ ਭਵਿੱਖ ‘ਚ ਵੀ ਜਾਰੀ ਰਹਿਣਗੇ।

ਇਸ ਉਪਰੇਸ਼ਨ ਦੀ ਅਗਵਾਈ ਜੇਲ ਸੁਪਰਡੈਂਟ ਸ. ਰਮਨਦੀਪ ਸਿੰਘ ਭੰਗੂ ਅਤੇ ਡੀ.ਐਸ.ਪੀ. ਨਾਭਾ ਸ੍ਰੀ ਰਜੇਸ਼ ਛਿੱਬੜ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਟੀਮ ‘ਚ ਜੇਲ ਵਿਭਾਗ ਦੇ ਅਧਿਕਾਰੀਆਂ ਸਮੇਤ ਇਸ ਸਮੇਂ ਡੀ.ਐਸ.ਪੀ. ਜੇਲ ਸੁਰੱਖਿਆ ਸ੍ਰੀ ਰਜਿੰਦਰ ਕੁਮਾਰ ਤੇ ਡੀ.ਐਸ.ਪੀ. ਜੇਲ ਸ. ਗੁਰਪ੍ਰੀਤ ਸਿੰਘ, ਐਸ.ਐਚ.ਓ. ਸਦਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ, ਸਹਾਇਕ ਸੁਪਰਡੈਂਟ ਸ. ਕਰਨੈਲ ਸਿੰਘ, ਐਸ.ਐਚ.ਓ. ਥਾਣਾ ਕੋਤਵਾਲੀ ਗੁਰਪ੍ਰੀਤ ਸਿੰਘ, ਪਟਿਆਲਾ ਤੋਂ ਪੁਲਿਸ ਫੋਰਸ, ਜੇਲ ਅਮਲਾ, ਆਰਥਿਕ ਅਪਰਾਧ ਸ਼ਾਖਾ ਤੇ ਐਂਟੀਸਾਬੋਟਾਜ ਟੀਮਾਂ ਵੀ ਸ਼ਾਮਲ ਸਨ।

ਜੇਲ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡੀ.ਐਸ.ਪੀ. ਰਜੇਸ਼ ਛਿੱਬੜ ਨੇ ਦੱਸਿਆ ਕਿ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਕ ਅੱਜ ਕੀਤੇ ਗਏ ਇਸ ਅਚਨਚੇਤ ਸਰਚ ਉਪਰੇਸ਼ਨ ਦੌਰਾਨ ਨਾਨ-ਲਾਇਨਰ ਜੰਕਸ਼ਨ ਡੀਟੈਕਸ਼ਨ ਦੀ ਮਦਦ ਅਤੇ ਹੱਥਾਂ ਨਾਲ ਕੀਤੀ ਗਈ ਪੁਟਾਈ ਨਾਲ ਜੇਲ ਦੀ ਬੈਰਕ ਨੰਬਰ 6, ਜਿੱਥੇ ਕਿ ਅਨਲਾਅ ਫੁਲ ਐਕਟੀਵਿਟੀ ਐਕਟ ਤਹਿਤ ਦਰਜ ਮੁਕਦਮਿਆਂ ਦੇ ਬੰਦੀਆਂ ਨੂੰ ਬੰਦ ਕੀਤਾ ਗਿਆ ਹੈ, ਦੀਆਂ ਕੰਧਾਂ ਦੀਆਂ ਨੀਹਾਂ ਤੇ ਹੋਰ ਥਾਵਾਂ ਤੋਂ 8 ਟੱਚ ਮੋਬਾਇਲ ਫੋਨ, 4 ਕੀਪੈਡ ਵਾਲੇ ਫੋਨਾਂ ਸਮੇਤ 3 ਜੀਓ ਡੌਂਗਲਜ, 2 ਬੈਟਰੀਆਂ, 14 ਚਾਰਜਰ ਅਤੇ 8 ਹੈਡਫੋਨਜ ਬਰਾਮਦ ਕੀਤੇ ਗਏ।

ਜੇਲ ਸੁਪਰਡੈਂਟ ਸ. ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ ਵਿੱਚੋਂ ਬਰਾਮਦ ਹੋਏ ਮੋਬਾਇਲ ਫੋਨਾਂ ਬਾਰੇ ਮੁਕਦਮਾ ਦਰਜ ਕਰਨ ਲਈ ਐਸ.ਐਚ.ਓ. ਸਦਰ ਨਾਭਾ ਨੂੰ ਪੱਤਰ ਲਿਖ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਏ.ਡੀ.ਜੀ.ਪੀ ਜੇਲਾਂ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Share News / Article

Yes Punjab - TOP STORIES