ਇਰਾਕ ’ਚ ਫ਼ਸੇ 7 ਪੰਜਾਬੀ ਨੌਜਵਾਨ ਵਾਪਸ ਪਰਤੇ, ਸੁਖ਼ਬੀਰ ਬਾਦਲ ਵੱਲੋਂ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਦੀ ਮੰਗ

ਚੰਡੀਗੜ੍ਹ, 27 ਜੁਲਾਈ, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅੱਠ ਮਹੀਨਿਆਂ ਤੋਂ ਇਰਾਕ ਵਿਚ ਫਸੇ ਰਹਿਣ ਮਗਰੋਂ ਵਤਨ ਪਰਤੇ ਸੱਤ ਪੰਜਾਬੀ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਕੋਲੋਂ ਉਹਨਾਂ ਠੱਗ ਟਰੈਵਲ ਏਜੰਟਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਹੜੇ ਪੰਜਾਬੀ ਲੜਕੀਆਂ ਨੂੰ ਵਿਦੇਸ਼ਾਂ ਵਿਚ ਨੌਕਰੀ ਦਿਵਾਉਣ ਦੀ ਆੜ ਵਿਚ ਗੁਲਾਮਾਂ ਵਜੋਂ ਵੇਚਣ ਲਈ ਜ਼ਿੰਮੇਵਾਰ ਹਨ।

ਇੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ, ਜਿਸ ਨੇ ਸੱਤ ਲੜਕਿਆਂ ਦੀ ਵਾਪਸੀ ਲਈ ਇਰਬਿਲ ਦੇ ਕੌਂਸਲ ਜਨਰਲ ਨੂੰ ਦਖ਼ਲ ਦੇਣ ਅਤੇ ਲੋੜੀਂਦੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤਾ।ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਇਹਨਾਂ ਨੌਜਵਾਨਾਂ ਦੀ ਵਾਪਸੀ ਲਈ ਟਿਕਟਾਂ ਦਾ ਪ੍ਰਬੰਧ ਕੀਤਾ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਟਰੈਵਲ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਨਾਲ ਖਾਣੇ ਅਤੇ ਰਹਿਣ ਦੇ ਬੰਦੋਬਸਤ ਤੋਂ ਇਲਾਵਾ 700 ਤੋਂ 800 ਡਾਲਰ ਪ੍ਰਤੀ ਮਹੀਨਾ ਤਨਖਾਹ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਪਰੰਤੂ ਇਰਾਕ ਪਹੁੰਚਣ ਉੱਤੇ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਨਾਲ ਧੋਖਾ ਕੀਤਾ ਗਿਆ ਸੀ। ਏਜੰਟ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਹਾਸਿਲ ਕੀਤੀਆਂ ਸਨ ਅਤੇ ਉਹਨਾਂ ਕੋਲ ਕੰਮ ਕਰਨ ਦਾ ਕੋਈ ਪਰਮਿਟ ਨਹੀਂ ਸੀ। ਉਹਨਾਂ ਕਿਹਾ ਕਿ ਇਸ ਕਰਕੇ ਇਹਨਾਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਅਤੇ ਉਲਟਾ ਉੁਹਨਾਂ ਉੱਤੇ ਰੋਜ਼ਾਨਾ ਜੁਰਮਾਨਾ ਲੱਗਦਾ ਸੀ, ਜੋ ਕਿ ਅੱਠ ਮਹੀਨਿਆਂ ਵਿਚ 14 ਹਜ਼ਾਰ ਡਾਲਰ ਹੋ ਗਿਆ ਸੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੁਆਰਾ ਡਾਕਟਰ ਜੈਸ਼ੰਕਰ ਤਕ ਕੀਤੀ ਪਹੁੰਚ ਮਗਰੋਂ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿਚ ਦਖ਼ਲ ਦਿੱਤਾ ਅਤੇ ਇਰਬਿਲ ਦੇ ਕੌਂਸਲ ਜਨਰਲ ਨੇ ਕਿਸੇ ਸਪਾਂਸਰ ਰਾਹੀਂ ਜੁਰਮਾਨੇ ਦੀ ਅਦਾਇਗੀ ਕਰਵਾ ਕੇ ਇਸ ਮਸਲੇ ਨੂੰ ਹੱਲ ਕਰਵਾਇਆ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਠੱਗਣ ਵਾਲੇ ਸਾਰੇ ਟਰੈਵਲ ਏਜੰਟਾਂ ਖ਼ਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹਨਾਂ ਸਾਰੀਆਂ ਔਰਤਾਂ ਨੂੰ ਵਾਪਸ ਲਿਆਉਣ ਲਈ ਹੰਗਾਮੀ ਕਦਮ ਚੁੱਕਣੇ ਚਾਹੀਦੇ ਹਨ, ਜਿਹਨਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦਿਵਾਉਣ ਦੇ ਬਹਾਨੇ ਇਰਾਕ ਅਤੇ ਦੂਜੀਆਂ ਥਾਂਵਾਂ ਉੱਤੇ ਵੇਚ ਦਿੱਤਾ ਗਿਆ ਹੈ।

ਇਸ ਮੌਕੇ ਉੱਪਰ ਬੋਲਦਿਆਂ ਬੀਬਾ ਹਰਸਿਮਰਤ ਬਾਦਲ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨਾਲ ਦੋਹਰੀ ਠੱਗੀ ਵੱਜੀ ਹੈ। ਪਹਿਲਾਂ ਉਹਨਾਂ ਨੂੰ ਕਾਂਗਰਸ ਸਰਕਾਰ ਵੱਲੋਂ ਠੱਗਿਆ ਗਿਆ ਹੈ,ਜਿਸ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ ਅਤੇ ਹੁਣ ਉਹਨਾਂ ਨੂੰ ਟਰੈਵਲ ਏਜੰਟਾਂ ਨੇ ਠੱਗ ਲਿਆ ਹੈ।

ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਵਿਦੇਸ਼ ਪਹੁੰਚਦੇ ਹੀ ਪਾਸਪੋਰਟ ਲੈ ਲਏ ਸਨ ਅਤੇ ਵਾਅਦੇ ਅਨੁਸਾਰ ਉਹਨਾਂ ਨੂੰ ਵਰਕ ਪਰਮਿਟ ਵੀ ਨਹੀ ਦਿੱਤੇ ਅਤੇ ਇਸ ਵਾਸਤੇ ਉਹਨਾਂ ਕੋਲ ਹੋਰ ਪੈਸਿਆਂ ਦੀ ਮੰਗ ਕੀਤੀ ਗਈ।

ਇਸ ਮੌਕੇ ਉੱਪਰ ਬੋਲਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂਆਂ ਨੇ ਉਸ ਏਜੰਟ ਨੂੰ ਸ਼ਰਨ ਦਿੱਤੀ ਸੀ, ਜਿਸ ਨੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਸੀ। ਉਹਨਾਂ ਕਿਹਾ ਕਿ ਇਹ ਰੁਝਾਣ ਨੂੰ ਤੁਰੰਤ ਨੱਥ ਪਾਉਣ ਦੀ ਲੋੜ ਹੈ।

ਉਹਨਾਂ ਮੰਗ ਕੀਤੀ ਕਿ ਮੁਸੀਬਤ ਵਿਚ ਫਸੇ ਪਰਵਾਸੀ ਭਾਰਤੀਆਂ ਦੀ ਮੱਦਦ ਲਈ ਪੰਜਾਬ ਸਰਕਾਰ ਇੱਕ ਆਨਲਾਇਨ ਸ਼ਿਕਾਇਤ ਸਿਸਟਮ ਸ਼ੁਰੂ ਕਰੇ। ਉਹਨਾਂ ਦੱਸਿਆ ਕਿ ਅਕਾਲੀ ਦਲ ਨੇ ਇਸ ਕੰਮ ਵਾਸਤੇ ਇੱਕ ਹੈਲਪਲਾਇਨ ਸ਼ੁਰੂ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਵੀ ਮੌਜੂਦ ਸਨ।

ਇਸੇ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਦਖ਼ਲ ਮਗਰੋਂ ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਸਨੌਰ ਪਿੰਡ ਦਾ ਰਾਮ ਸਿੰਘ ਵਤਨ ਵਾਪਸ ਪਰਤ ਆਇਆ ਹੈ। ਰਾਮ ਸਿੰਘ 2015 ਵਿਚ ਦੁਬਈ ਗਿਆ ਸੀ,ਪਰ ਬੈਂਕਾਂ ਨਾਲ ਧੋਖਾਧੜੀ ਕਰਨ ਮਗਰੋਂ ਉਸ ਦੇ ਮਾਲਕ ਦੁਕਾਨ ਬੰਦ ਕਰਕੇ ਦੌੜ ਗਏ ਅਤੇ ਰਾਮ ਸਿੰਘ ਉੱਥੇ ਫਸ ਕੇ ਰਹਿ ਗਿਆ।

ਉਸ ਨੂੰ ਦੁਬਈ ਦੀ ਜੇਲ੍ਹ ਵਿਚ 20 ਮਹੀਨੇ ਗੁਜ਼ਾਰਨੇ ਪਏ ਅਤੇ ਫਿਰ ਉਹ ਇਰਾਨ ਚਲਾ ਗਿਆ। ਉਸ ਦੇ ਰਿਸ਼ਤੇਦਾਰਾਂ ਨੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਰਾਮ ਸਿੰਘ ਨੂੰ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਹੋਈ। ਅਕਾਲੀ ਦਲ ਨੇ ਰਾਮ ਸਿੰਘ ਦੀ ਵਤਨ ਵਾਪਸੀ ਲਈ ਵੀ ਕਿਰਾਏ ਦਾ ਪ੍ਰਬੰਧ ਕੀਤਾ ਹੈ।

Share News / Article

YP Headlines

Loading...