ਜਲੰਧਰ, 23 ਜੂਨ, 2019:
ਜਲੰਧਰ ਕੰਮਿਸ਼ਨੇਰੇਟ ਵਿੱਚੋ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰਾਂ ਨਾਲ ਖਤਮ ਦੇ ਮੰਤਵ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ”ਇਕ ਅਫਸਰ, ਇਕ ਨਸ਼ਾ ਤਸਕਰ’ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦੇ ਹੋਏ ਕੰਮਿਸ਼ਨੇਰੇਟ ਪੁਲਿਸ ਦੇ 45 ਸੀਨੀਅਰ ਅਧਿਕਾਰੀਆਂ ਨੂੰ ਪਛਾਣ ਕੀਤੇ ਗਏ 45 ਨਸ਼ਾ ਤਸਕਰ, ਪੀ ਓ ਤੇ ਪੈਰੋਲ ਜੰਪਰ ਨੂੰ ਗਿਰਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ ।
ਇਸ ਰਣਨੀਤੀ ਦੇ ਅਧੀਨ ਕੰਮਿਸ਼ਨੇਰੇਟ ਪੁਲਿਸ ਦੇ 45 ਸੀਨੀਅਰ ਅਧਿਕਾਰੀਆਂ ਜਿਹਨਾਂ ਵਿਚ 29 ਗਜ਼ਟਿਡ ਅਧਿਕਾਰੀ ਵੀ ਸ਼ਾਮਿਲ ਹਨ ਨੂੰ ਇਕ-ਇਕ ਨਸ਼ਾ ਤਸਕਰ, ਪੀ ਓ ਤੇ ਪੈਰੋਲ ਜੰਪਰ ਅਲਾਟ ਕੀਤੇ ਗਏ ਹਨ । ਇਸ ਰਣਨੀਤੀ ਦਾ ਮੁਖ ਮੰਤਵ ਜਲੰਧਰ ਕੰਮਿਸ਼ਨੇਰੇਟ ਵਿੱਚੋ ਨਸ਼ਿਆਂ ਦੀ ਅਲਾਮਤ ਦਾ ਪੂਰੀ ਤਰਾਂ ਨਾਲ ਖ਼ਾਤਮਾ ਕਰਨਾ ਹੈ ।
ਇਹਨਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੇਸ਼ੇਵਾਰਾਨਾ ਢੰਗ ਨਾਲ ਕੰਮ ਕਰਕੇ ਇਹਨਾਂ ਨੂੰ ਸਮੇ ਬੱਧ ਤਰੀਕੇ ਨਾਲ ਕਾਬੂ ਕਰਨ ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਿਸ ਕੰਮਿਸ਼ਨਰ ਨੇ ਦੱਸਿਆ ਕਿ ਇਸ ਰਣਨੀਤੀ ਦਾ ਮੁਖ ਮੰਤਵ ਜ਼ਿਲੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰਾਂ ਨਾਲ ਖਤਮ ਕਰਨਾ ਹੈ । ਉਹਨਾਂ ਕਿਹਾ ਕਿ ਇਸ ਰਣਨੀਤੀ ਤਹਿਤ ਜਲੰਧਰ ਵਿਚ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ ।
ਓਹਨਾ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਇਹਨਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾਂ ਦੇ ਅਧਾਰ ਤੇ ਹੀ ਅਧਿਕਾਰੀਆਂ ਦੀ ਏ ਸੀ ਆਰ ਲਿਖੀ ਜਾਵੇਗੀ ।
ਨਸ਼ਿਆਂ ਨੂੰ ਖਤਮ ਕਰਨ ਦੀ ਜਲੰਧਰ ਪੁਲਿਸ ਕੰਮਿਸ਼ਨੇਰੇਟ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ , ਉਹਨਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿਚ ਕੰਮਿਸ਼ਨੇਰੇਟ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ 102 ਮੁਕੱਦਮੇ ਦਰਜ ਕਰਕੇ , 135 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ।
ਉਹਨਾਂ ਕਿਹਾ ਕਿ ਇਸੇ ਦੌਰਾਨ ਪੁਲਿਸ ਨੇ 2 .50 ਕਿਲੋ ਹੈਰੋਇਨ, 16 .50 ਕਿਲੋ ਅਫੀਮ, 676 ਗ੍ਰਾਮ ਨਸ਼ੀਲਾ ਪਾਊਡਰ, 387 .50 ਕਿਲੋ ਭੁੱਕੀ , 150 ਗ੍ਰਾਮ ਸਮੈਕ , 8 .60 ਕਿਲੋ ਗਾਂਜਾ, 145 ਗ੍ਰਾਮ ਚਰਸ, 3721 ਕੈਪਸੂਲੇਸ, 473 ਟੀਕੇ, 25 ,੦੦੦ ਗੋਲੀਆਂ, 199 ਸੀਸ਼ਿਆਂ ਤੋਂ ਇਲਾਵਾ ਇਕ ਪਿਸਤੌਲ 32 ਬੋਰ ਤੇ ਪੰਜ ਰੌਂਦ, ਇਕ ਦੇਸੀ ਪਿਸਤੌਲ 315 ਬੋਰ ਤੇ ਤਿੰਨ ਰੌਂਦ, ਇਕ ਹੋਂਡਾ ਸਿਟੀ ਕਾਰ, ਇਕ ਟਰੱਕ ਤੇ ਨਕ਼ਦੀ ਬਰਾਮਦ ਕੀਤੀ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ ।