ਆਰ.ਐਮ.ਪੀ.ਆਈ ਵੱਲੋਂ ਜਲਾਲਾਬਾਦ ਅਤੇ ਮੁਕੇਰੀਆਂ ‘ਚ ‘ਆਪ’ ਦੀ ਹਮਾਇਤ ਦਾ ਐਲਾਨ

ਜਲੰਧਰ, 17 ਅਕਤੂਬਰ, 2019 –
ਸੂਬੇ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਵੀਰਵਾਰ ਨੂੰ ਉਦੋਂ ਹੋਰ ਤਕੜਾ ਹੁਲਾਰਾ ਮਿਲਿਆ ਜਦੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ) ਨੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕ੍ਰਮਵਾਰ ਮਹਿੰਦਰ ਸਿੰਘ ਕਚੂਰਾ ਅਤੇ ਗੁਰਧਿਆਨ ਸਿੰਘ ਮੁਲਤਾਨੀ ਨੂੰ ਸਮਰਥਨ ਦਾ ਐਲਾਨ ਕਰ ਦਿੱਤਾ ਹੈ।

ਜਾਰੀ ਸਾਂਝੇ ਬਿਆਨ ਰਾਹੀਂ ਇਸ ਦੀ ਰਸਮੀ ਘੋਸ਼ਣਾ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਆਰ.ਐਮ.ਪੀ.ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਹਰਕੰਵਲ ਸਿੰਘ ਨੇ ਕੀਤਾ। ਫ਼ੈਸਲਾ ਜਲੰਧਰ ਸਥਿਤ ਆਰ.ਐਮ.ਪੀ.ਆਈ ਦੇ ਹੈੱਡਕੁਆਟਰ ‘ਚ ਹਰਪਾਲ ਸਿੰਘ ਚੀਮਾ ਅਤੇ ਮੰਗਤ ਰਾਮ ਪਾਸਲਾ ਦਰਮਿਆਨ ਹੋਈ ਬੈਠਕ ‘ਚ ਲਿਆ ਗਿਆ।

ਬੈਠਕ ‘ਚ ‘ਆਪ’ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੰਗਠਨ ਇੰਚਾਰਜ ਗੈਰੀ ਬੜਿੰਗ ਸਹਿ-ਇੰਚਾਰਜ ਗਗਨਦੀਪ ਸਿੰਘ ਚੱਢਾ ਅਤੇ ਆਤਮ ਨਗਰ (ਲੁਧਿਆਣਾ) ਦੇ ਹਲਕਾ ਪ੍ਰਧਾਨ ਰਵਿੰਦਰਪਾਲ ਸਿੰਘ ਪਾਲੀ ਸਮੇਤ ਆਰ.ਐਮ.ਪੀ.ਆਈ ਦੇ ਹੋਰ ਆਗੂ ਮੌਜੂਦ ਸਨ।

ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਉਪਰੰਤ ਸੰਵਿਧਾਨਕ ਅਤੇ ਲੋਕਤੰਤਰਿਕ ਤੌਰ ‘ਤੇ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਜਮਹੂਰੀ ਗਣਰਾਜ ਦਾ ਜੋ ਸੰਕਲਪ ਲਿਆ ਸੀ, ਪਿਛਲੇ ਲੰਬੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਕਾਂਗਰਸ, ਭਾਜਪਾ ਅਤੇ ਅਕਾਲੀ ਦਲ (ਬਾਦਲ) ਨੇ ਗਿਣ-ਮਿੱਥ ਕੇ ਉਸ ਸੰਕਲਪ ਅਤੇ ਮੂਲ-ਭਾਵਨਾ ਨੂੰ ਤੋੜਿਆ ਹੈ। ਭਾਜਪਾ-ਅਕਾਲੀ ਦਾ ਸ਼ਾਸਨ ਦੇਸ਼ ਨੂੰ ਧਰਮ, ਜਾਤ, ਨਸਲ ਅਤੇ ਖੇਤਰ ਵਾਦ ਦੇ ਨਾਂ ‘ਤੇ ਵੰਡਣ ਅਤੇ ਤੋੜਨ ‘ਚ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨੇ ਆਮ ਆਦਮੀ ਨੂੰ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ।

ਇਸ ਲਈ ਅਜਿਹੀਆਂ ਫ਼ਿਰਕੂ ਅਤੇ ਲੋਟੂ ਤਾਕਤਾਂ ਨੂੰ ਰੋਕਣ ਲਈ ਦੇਸ਼ ਅਤੇ ਪੰਜਾਬ ਦੇ ਹਿੱਤਾਂ ਲਈ ਲੜਨ ਅਤੇ ਖੜਨ ਵਾਲੀਆਂ ਧਰਮ-ਨਿਰਪੱਖ ਅਤੇ ਉਸਾਰੂ ਤਾਕਤਾਂ ਦਾ ਇਕਸੁਰ ਅਤੇ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਇਸੇ ਸੋਚ ਦੇ ਮੱਦੇਨਜ਼ਰ ਆਰ.ਐਮ.ਪੀ.ਆਈ ਨੇ ਜਲਾਲਾਬਾਦ ਅਤੇ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਡਟ ਕੇ ਹਮਾਇਤ ਕਰਨ ਦਾ ਫ਼ੈਸਲਾ ਲਿਆ ਹੈ। ਪਾਸਲਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਅਤੇ ਵਰਕਰ ਇਨ੍ਹਾਂ ਦੋਵਾਂ ਹਲਕਿਆਂ ‘ਚ ‘ਆਪ’ ਉਮੀਦਵਾਰਾਂ ਦੇ ਹੱਕ ‘ਚ ਪੂਰੀ ਗਰਮਜੋਸ਼ੀ ਨਾਲ ਪ੍ਰਚਾਰ ਕਰਨਗੇ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਆਰ.ਐਮ.ਪੀ.ਆਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਫ਼ਿਰਕੂ ਮਾਫ਼ੀਆ ਰਾਜ ਦੇ ਖ਼ਾਤਮੇ ਲਈ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Share News / Article

Yes Punjab - TOP STORIES