ਆਰਚ ਬਿਸ਼ਪ ਜਸਟਿਨ ਵੈਲਬੀ ਦੀ 1984 ਦੇ ਦਰਬਾਰ ਸਾਹਿਬ ਦੁਖ਼ਾਂਤ ਬਾਰੇ ਚੁੱਪ ਹੈਰਾਨੀਜਨਕ: ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 11 ਸਤੰਬਰ, 2019 –
“ਇੰਗਲੈਡ ਦੇ ਕੈਟਰਬਰੀ ਆਰਚ ਬਿਸਪ ਜਸਟਿਨ ਵੈਲਬੀ ਜੋ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਹਨ, ਵੱਲੋਂ ਜ਼ਲਿ੍ਹਆਵਾਲੇ ਬਾਗ ਦੇ ਵਾਪਰੇ ਦੁਖਾਂਤ ਲਈ ਆਪਣੇ ਤੌਰ ਤੇ ਮੁਆਫ਼ੀ ਮੰਗਣ ਦੀ ਕਾਰਵਾਈ ਤਾਂ ਸਹੀ ਹੈ । ਪਰ ਜ਼ਲਿ੍ਹਆਵਾਲੇ ਬਾਗ ਦੇ ਨਜ਼ਦੀਕ ਜਿਥੇ ਜੂਨ 1984 ਵਿਚ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆ ਦੀਆਂ ਤਿੰਨੇ ਫ਼ੌਜਾਂ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਕਦਰਾ-ਕੀਮਤਾ ਦਾ ਘਾਣ ਕਰਦੇ ਹੋਏ ਕੋਈ 26 ਹਜ਼ਾਰ ਦੇ ਕਰੀਬ ਨਿਹੱਥੇ ਤੇ ਨਿਰਦੋਸ਼ ਸਿੱਖ ਸਰਧਾਲੂਆਂ ਦੇ ਕੀਤੇ ਗਏ ਹਕੂਮਤੀ ਕਤਲੇਆਮ ਜੋ ਜ਼ਲਿ੍ਹਆਵਾਲੇ ਬਾਗ ਦੇ ਦੁਖਾਂਤ ਤੋਂ ਕਿਤੇ ਵੱਡਾ ਦੁਖਾਂਤ ਵਾਪਰਿਆ, ਉਸ ਸੰਬੰਧੀ ਇਕ ਵੀ ਸ਼ਬਦ ਨਾ ਕਹਿਣਾ ਬਹੁਤ ਹੈਰਾਨੀਜਨਕ ਅਤੇ ਦੁਖਦਾਇਕ ਹੈ ।

ਬੇਸ਼ੱਕ ਬਿਸਪ ਜਸਟਿਨ ਵੈਲਬੀ ਸ੍ਰੀ ਦਰਬਾਰ ਸਾਹਿਬ ਗਏ ਅਤੇ ਉਥੇ ਨਤਮਸਤਕ ਹੋਏ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਕਾਰਵਾਈਆ ਦੀ ਤਾਰੀਫ਼ ਵੀ ਕੀਤੀ, ਉਥੇ ਉਨ੍ਹਾਂ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਵਾਪਰੇ ਦੁਖਾਂਤ ਤੇ ਕਤਲੇਆਮ ਲਈ ਵੀ ਮੁਆਫ਼ੀ ਮੰਗਦੇ ਹੋਏ ਆਪਣੀ ਵਿਸ਼ਾਲਤਾਂ ਤੇ ਇਖ਼ਲਾਕੀ ਗੁਣਾਂ ਦਾ ਇਜਹਾਰ ਕਰਨਾ ਬਣਦਾ ਸੀ, ਜੋ ਕਿ ਨਹੀਂ ਕੀਤਾ ਗਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਟਰਬਰੀ ਆਰਚ ਬਿਸਪ ਜਸਟਿਨ ਵੈਲਬੀ ਵੱਲੋਂ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਜ਼ਲਿ੍ਹਆਵਾਲੇ ਬਾਗ ਦੇ ਦੁਖਾਂਤ ਲਈ ਮੁਆਫ਼ੀ ਮੰਗਣ ਨੂੰ ਸਹੀ ਕਰਾਰ ਦਿੰਦੇ ਹੋਏ, ਲੇਕਿਨ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਹੋਏ ਮਨੁੱਖਤਾ ਦੇ ਘਾਣ ਉਤੇ ਸਿੱਖ ਕੌਮ ਨਾਲ ਹਮਦਰਦੀ ਜ਼ਾਹਰ ਨਾ ਕਰਨ, ਮੁਆਫ਼ੀ ਨਾ ਮੰਗਣ ਉਤੇ ਡੂੰਘੀ ਹੈਰਾਨੀ ਅਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਇੰਡੀਅਨ ਹੁਕਮਰਾਨ ਅਤੇ ਬਾਹਰਲੇ ਮੁਲਕਾਂ ਦੀਆਂ ਸਖਸ਼ੀਅਤਾਂ ਜ਼ਲਿ੍ਹਆਵਾਲੇ ਬਾਗ ਦੇ ਵਾਪਰੇ ਦੁਖਾਂਤ ਸੰਬੰਧੀ ਤਾਂ ਮਨੁੱਖੀ ਅਧਿਕਾਰਾਂ ਦੇ ਹੋਏ ਉਲੰਘਣ ਸੰਬੰਧੀ ਜ਼ਰੂਰ ਗੱਲ ਕਰਦੀਆ ਹਨ ਜਦੋਂਕਿ ਇਸ ਦੁਖਾਂਤ ਦੇ ਜ਼ਿੰਮੇਵਾਰ ਤਾਂ ਜਰਨਲ ਡਾਈਅਰ ਅਤੇ ਉਸ ਸਮੇਂ ਫ਼ੌਜ ਦੀ ਗੋਰਖਾ ਰੈਜੀਮੈਂਟ ਸੀ । ਜਰਨਲ ਡਾਈਅਰ ਨੇ ਗੋਲੀ ਚਲਾਉਣ ਦਾ ਹੁਕਮ ਕੀਤਾ ਅਤੇ ਗੋਰਖਾ ਰੈਜੀਮੈਂਟ ਜੋ ਹਿੰਦੂਆਂ ਦੀ ਰੈਜੀਮੈਂਟ ਹੈ, ਉਨ੍ਹਾਂ ਨੇ ਹੀ ਗੋਲੀਆਂ ਚਲਾਕੇ ਇਹ ਕਤਲੇਆਮ ਕੀਤਾ । ਸਿੱਖ ਕੌਮ ਜਾਂ ਸਿੱਖ ਫ਼ੌਜ ਦਾ ਅਜਿਹੇ ਦੁਖਾਂਤ ਵਿਚ ਕੋਈ ਭੂਮਿਕਾ ਨਹੀਂ ਸੀ ।

ਫਿਰ ਜ਼ਲਿ੍ਹਆਵਾਲੇ ਬਾਗ ਤੋਂ ਵੱਡੇ 1984 ਵਿਚ ਵਾਪਰੇ ਮਨੁੱਖਤਾ ਵਿਰੋਧੀ ਦੁਖਾਂਤ ਨੂੰ ਹੁਕਮਰਾਨ ਤੇ ਬਾਹਰਲੇ ਮੁਲਕਾਂ ਦੀਆਂ ਸਖਸ਼ੀਅਤਾਂ ਕਿਵੇਂ ਵਿਸਾਰ ਦਿੰਦੀਆ ਹਨ ? ਇਹ ਦਲੀਲ ਤੋਂ ਪਰ੍ਹੇ ਅਤੇ ਸਮਝ ਤੋਂ ਬਾਹਰ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਜਿਥੇ ਕਿਤੇ ਵੀ ਦੁਨੀਆਂ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ, ਆਪਣੇ ਇਨਸਾਨੀ ਅਤੇ ਇਖ਼ਲਾਕੀ ਫਰਜ ਸਮਝਦੇ ਹੋਏ ਉਸ ਜ਼ਬਰ-ਜੁਲਮ ਵਿਰੁੱਧ ਨਿਰੰਤਰ ਆਵਾਜ਼ ਵੀ ਉਠਾਉਦੀ ਆ ਰਹੀ ਹੈ ਅਤੇ ਜਦੋਂ ਵੀ ਕਿਸੇ ਸਥਾਂਨ ਤੇ ਕੁਦਰਤੀ ਆਫਤਾਂ, ਜੰਗ ਜਾਂ ਹਕੂਮਤੀ ਜ਼ਬਰ-ਜੁਲਮ ਦਾ ਸ਼ਿਕਾਰ ਆਮ ਲੋਕ ਹੁੰਦੇ ਹਨ, ਤਾਂ ਸਿੱਖ ਕੌਮ ਉਥੇ ਪਹੁੰਚਕੇ ਆਪਣੇ ਸਰਬੱਤ ਦੇ ਭਲੇ ਦੀ ਸੋਚ ਨੂੰ ਮੁੱਖ ਰੱਖਕੇ ਆਪਣੇ ਦਸਵੰਧ ਰਾਹੀ ਪੀੜ੍ਹਤਾਂ ਲਈ ਲੰਗਰ, ਤਨ ਢੱਕਣ ਲਈ ਕੱਪੜਾ, ਦੁੱਖੀਆਂ ਤੇ ਬਿਮਾਰਾਂ ਲਈ ਦਵਾਈਆ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਕਰਨਾ ਆਪਣਾ ਫਰਜ ਸਮਝਦੀ ਹੈ ।

ਫਿਰ 1984 ਵਿਚ ਗੈਰ-ਵਿਧਾਨਿਕ ਅਤੇ ਗੈਰ-ਇਨਸਾਨੀ ਢੰਗਾਂ ਰਾਹੀ ਸਿੱਖ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦੇ ਦੌਰਾਨ ਸ਼ਹੀਦ ਹੋਏ ਨਿਰਦੋਸ਼ ਸਰਧਾਲੂਆਂ ਅਤੇ ਮਨੁੱਖੀ ਅਧਿਕਾਰਾਂ ਦੇ ਹੋਏ ਉਲੰਘਣ ਉਤੇ ਅਜਿਹੀਆ ਸਖਸ਼ੀਅਤਾਂ ਅਤੇ ਕੌਮਾਂਤਰੀ ਸੰਗਠਨ ਅਜੇ ਤੱਕ ਚੁੱਪ ਕਿਉਂ ਹਨ ? ਉਸ ਸਮੇਂ ਦੀ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਹਕੂਮਤ ਦੇ ਭਾਗੀ ਕਤਲੇਆਮ ਦੇ ਦੋਸ਼ੀਆਂ ਦੀ ਜ਼ਾਬਰਨ ਕਾਰਵਾਈਆ ਨੂੰ ਉਜਾਗਰ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੀ ਕੌਮੀ ਅਣਖ਼-ਗੈਰਤ ਨੂੰ ਬਰਕਰਾਰ ਰੱਖਣ ਦੇ ਫਰਜਾਂ ਤੋਂ ਕਿਉਂ ਭੱਜ ਰਹੇ ਹਨ ?

Share News / Article

Yes Punjab - TOP STORIES