ਜਲੰਧਰ, 23 ਫਰਵਰੀ , 2020:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ(ਏ.ਬੀ-ਐਸ ਐਸ.ਬੀ ਵਾਈ) ਤਹਿਤ 1.60 ਲੱਖ ਮਰੀਜ਼ਾਂ ‘ਤੇ 180 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਿਸ ਦਾ ਆਰੰÎਭ 20 ਅਗਸਤ 2019 ਵਿੱਚ ਕੀਤਾ ਗਿਆ ਸੀ।
ਆਦਮਪੁਰ ਵਿਖੇ ਜਾਗ੍ਰਿਤੀ ਕਲੱਬ ਦੁਆਰਾ ਆਯੋਜਿਤ ਕੀਤੇ ਗਏ 38ਵੇ ਮੁਫਤ ਅੱਖਾਂ ਦੀ ਜਾਂਚ ਅਤੇ ਓਪਰੇਸ਼ਨ ਕੈਂਪ ਦਾ ਉਦਘਾਟਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਤੱਕ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ 46 ਲੱਖ ਈ-ਕਾਰਡ ਬਣਾਏ ਗਏ ਹਨ ਅਤੇ ਨਿਸ਼ਾਨਬੱਧ ਆਬਾਦੀ ਨੂੰ ਕਵਰ ਕਰਨ ਲਈ ਪ੍ਰਕਿਰਿਆ ਜਾਰੀ ਰਹੇਗੀ।
ਸ਼੍ਰੀ ਸਿੱਧੂ ਨੇ ਇਹ ਵੀ ਦੱਸਿਆ ਕਿ 490 ਤੋਂ ਵੱਧ ਹਸਪਤਾਲਾਂ ਇਸ ਯੋਜਨਾ ਅਧੀਨ ਇਮਪੈਨਲਡ ਕਰ ਦਿੱਤੇ ਗਏ ਹਨ ਅਤੇ ਹੋਰ ਹਸਪਤਾਲ ਇਸ ਯੋਜਨਾ ਤਹਿਤ ਇਮਪੈਨਲਡ ਕੀਤੇ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਸਬ ਸੈਂਟਰਾਂ ਨੂੰ ਅਪਗ੍ਰੇਡ ਕਰਕੇ 3000 ਸਿਹਤ ਅਤੇ ਵੈਲਨੇਸ਼ ਕੇਂਦਰ (ਐਚ.ਡਬਲਯੂ.ਸੀ) ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਹੈ ਜਿਥੇ ਸਿੱਖਿਅਤ ਨਰਸਿੰਗ ਅਧਿਕਾਰੀ ਬਤੌਰ ਕਮਿਊਨਿਟੀ ਸਿਹਤ ਅਧਿਕਾਰੀ ਵਜੋ ਕੰਮ ਕਰਨਗੇ ਅਤੇ ਸਾਰਿਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ।
ਉਨ•ਾਂ ਪ੍ਰਵਾਸੀ ਭਾਰਤੀਆਂ ਨੂੰ ਰਾਜ ਵਿੱਚ ਸਿਹਤ ਢਾਂਚੇ ਦੇ ਵਿਕਾਸ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ । ਸ਼੍ਰੀ ਸਿੱਧੂ ਨੇ ਜਾਗ੍ਰਿਤੀ ਕਲੱਬ ਵਲੋਂ 38 ਸਾਲਾਂ ਤੋਂ ਕੈਂਪ ਲਗਾਉਣ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਮੰਤਰੀ ਨੂੰ ਕੈਂਪ ਦੌਰਾਨ ਕਲੱਬ ਦੇ ਨੁਮਾਇੰਦਿਆਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਇਨਟੈਕ ਦੇ ਚੇਅਰਮੈਨ ਚੌਧਰੀ ਗੁਰਮੇਲ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਸਤਿੰਦਰ ਪੋਵਾਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ, ਜਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ.ਸੁਰਿੰਦਰ ਕੁਮਾਰ, ਸ਼੍ਰੀ ਅਰੁਣ ਮਲਹੋਤਰਾ, ਸ਼੍ਰੀ ਬਲਬੀਰ ਸਿੰਘ, ਸ਼੍ਰੀ ਅਮਰਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।