ਯੈੱਸ ਪੰਜਾਬ
ਨਵਾਂਸ਼ਹਿਰ, 21 ਦਸੰਬਰ, 2021:
ਆਮ ਆਦਮੀ ਪਾਰਟੀ ਨਾਲ ਸਬੰਧਤ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਨਵਾਂਸ਼ਹਿਰ ਤੋਂ ਉਮੀਦਵਾਰ ਬਦਲਣ ਦੀ ਮੰਗ ਕਰ ਦਿੱਤੀ ਹੈ।ਅੱਜ ਇਥੇ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਅਤੇ ਨਵਾਂਸ਼ਹਿਰ ਤੋਂ ਪਾਰਟੀ ਦਾ ਉਮੀਦਵਾਰ ਬਦਲਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਨੂੰ ਇੱਕ ਪੱਤਰ ਵੀ ਭੇਜਿਆ।
ਅੱਜ ਇਥੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ, ਕਿਸਾਨ ਵਿੰਗ ਦੇ ਪ੍ਰਧਾਨ ਸੁਰਿੰਦਰ ਸੰਘਾ, ਯੂਥ ਵਿੰਗ ਪ੍ਰਧਾਨ ਮਨਦੀਪ ਸਿੰਘ ਅਟਵਾਲ, ਲੀਗਲ ਵਿੰਗ ਪ੍ਰਧਾਨ ਸੰਤੋਖ ਬੰਗੜ, ਸਰਕਲ ਪ੍ਰਧਾਨ ਯੋਗੇਸ਼ ਕੁਮਾਰ ਜੋਗਾ, ਸਰਕਲ ਪ੍ਰਧਾਨ ਦਵਿੰਦਰ ਫਾਂਬੜਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਬਲਾਕ ਪ੍ਰਧਾਨ ਕੁਲਦੀਪ ਸਿੰਘ ਉੜਾਪੜ ਆਦਿ ਨੇ ਨਵਾਂਸ਼ਹਿਰ ਹਲਕੇ ਦੇ 136 ਪਿੰਡਾਂ ਦੇ 250 ਦੇ ਕਰੀਬ ਨੁਮਾਇੰਦਿਆਂ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਨਵਾਂਸ਼ਹਿਰ ਹਲਕੇ ਦੇ ਉਮੀਦਵਾਰ ਦਾ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸਵਾਲ ਕੀਤੇ।ਇਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਕੁਝ ਦਿਨ ਪਹਿਲਾਂ ਨਵਾਂਸ਼ਹਿਰ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਵਲੰਟੀਅਰਾਂ ਨੇ ਪਾਰਟੀ ਲਈ ਪਿਛਲੇ 8 ਸਾਲਾਂ ਤੋਂ ਦਿਨ ਰਾਤ ਲਗਾਤਾਰ ਹਰ ਚੰਗੇ ਮਾੜੇ ਸਮੇਂ ਵਿੱਚ ਪਾਰਟੀ ਲਈ ਪੂਰੀ ਵਫਾਦਾਰੀ, ਇਮਾਨਦਾਰੀ ਲਗਨ ਅਤੇ ਨਿਡਰਤਾ ਨਾਲ ਕੰਮ ਕੀਤਾ ਉਹਨਾਂ ਨੂੰ ਉਮੀਦਵਾਰ ਦਾ ਐਲਾਨ ਕਰਨ ਵੇਲੇ ਪੁੱਛਿਆ ਤੱਕ ਨਹੀਂ ਗਿਆ।ਇਸ ਨਾਲ ਵਲੰਟੀਅਰਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।ਇਹ ਵੀ ਲਿਖਿਆ ਗਿਆ ਹੈ ਕਿ ਇਹ ਉਮੀਦਵਾਰ ਕੁੱਝ ਮਹੀਨੇ ਪਹਿਲਾਂ ਤਕ ਕਾਂਗਰਸ ਵਿਚ ਸੀ, ਫਿਰ ਅਕਾਲੀ ਦਲ ਅਤੇ ਬੀਜੇਪੀ ਨਾਲ ਜਾ ਰਲਿਆ।ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ।
ਜਦੋਂ ਪਾਰਟੀ ਲੀਡਰਸ਼ਿਪ ਤੋਂ ਕਿਸੇ ਮਿਹਨਤੀ ਵਰਕਰ ਨੂੰ ਟਿਕਟ ਨਾ ਦੇਣ ਦਾ ਕਾਰਨ ਪੁੱਛਿਆ ਗਿਆ ਤਾਂ ਕੋਈ ਵੀ ਢੁਕਵਾਂ ਜਵਾਬ ਨਹੀਂ ਮਿਲਿਆ ਸਗੋਂ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਸਨੂੰ ਸਿਰਫ ਇੱਕ ਜੁੰਮੇਵਾਰੀ ਦਿੱਤੀ ਹੈ ਹਲਕਾ ਇੰਚਾਰਜ ਦਾ ਮਤਲਬ ਟਿਕਟ ਨਹੀਂ ਹੈ।ਇਹ ਉਮੀਦਵਾਰ ਨਵਾਂਸ਼ਹਿਰ ਮਿਉਂਸਪਲ ਕਮੇਟੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਆਦਿ ਨਾਲ ਰਲਕੇ ਵੀ ਆਪਣੇ ਧੜੇ ਦੇ ਉਮੀਦਵਾਰਾਂ ਨੂੰ ਜਿਤਾ ਨਹੀਂ ਸਕਿਆ।
ਇਹਨਾਂ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਾਡੇ ਲੀਡਰ ਕਹਿ ਰਹੇ ਹਨ ਕਿ ਕਾਂਗਰਸ ਦਾ ਕਚਰਾ ਆਪਣੀ ਪਾਰਟੀ ਵਿੱਚ ਨਹੀਂ ਰਲਾਉਣਾ ਫਿਰ ਨਵਾਂਸ਼ਹਿਰ ਦੇ ਵਲੰਟੀਅਰਾਂ ‘ਤੇ ਇਹ ਕਾਂਗਰਸੀ ਉਮੀਦਵਾਰ ਕਿਉਂ ਥੋਪਿਆ ਗਿਆ ਹੈ।
ਇਹਨਾਂ ਆਗੂਆਂ ਨੇ ਕਿਹਾ, “ਹਲਕਾ ਨਵਾਂਸ਼ਹਿਰ ਦੇ ਸਾਰੇ ਲੋਕ ਸਵਾਲ ਪੁੱਛ ਰਹੇ ਹਨ ਜਿਹਨਾਂ ਦਾ ਜਵਾਬ ਦੇਣਾ ਮੁਸ਼ਕਿਲ ਹੋ ਰਿਹਾ ਹੈ।ਅਸੀਂ ਪਾਰਟੀ ਦੇ ਖਿਲਾਫ ਨਹੀਂ ਹਾਂ ਪਾਰਟੀ ਸਾਡੀ ਹੈ ਅਤੇ ਅਸੀਂ ਸਾਰਿਆਂ ਨੇ ਇਸ ਪਾਰਟੀ ਨੂੰ 8 ਸਾਲਾਂ ਤੋਂ ਆਪਣੇ ਖ਼ੂਨ ਪਸੀਨੇ ਨਾਲ ਸਿੰਜਿਆ ਹੈ।ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਐਤਵਾਰ 26 ਦਸੰਬਰ 2021 ਤੱਕ ਜ਼ਰੂਰ ਦਿੱਤੇ ਜਾਣ।”
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਮੱਲੀ, ਹਰਬੰਸ ਸਿੰਘ ਖਾਲਸਾ, ਗੁਰਦੇਵ ਸਿੰਘ ਮੀਰਪੁਰ, ਮਨਪ੍ਰੀਤ ਸਿੰਘ ਚਰਾਣ, ਦਵਿੰਦਰ ਸਿੰਘ ਭਾਰਟਾ, ਬਲਵਿੰਦਰ ਸਿੰਘ ਰਾਹੋਂ, ਵਿਜੇ ਸੋਨੀ, ਮਹਿੰਦਰ ਸਿੰਘ ਸੂਰਾਪੁਰ, ਬਚਿੱਤਰ ਸਿੰਘ ਸੂਰਾਪੁਰ, ਮੰਗੀ ਭੀਣ, ਅੰਮ੍ਰਿਤ ਬੈਂਸ, ਹੈਪੀ ਜੱਬੋਵਾਲ, ਤ੍ਰਿਲੋਚਨ ਸਿੰਘ ਭੋਰਾ, ਸਤਨਾਮ ਸਿੰਘ ਪੱਲੀ ਉੱਚੀ, ਬਲਦੇਵ ਸਿੰਘ ਪੰਦਰਾਵਲ ਆਦਿ ਵੀ ਸ਼ਾਮਲ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ