27.1 C
Delhi
Thursday, April 18, 2024
spot_img
spot_img

‘ਆਪ’ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਐਲਾਨੇ ਜਾਣ ਬਾਅਦ ਪਹਿਲੀ ਵਾਰ ਧੂਰੀ ਪੁੱਜੇ ਭਗਵੰਤ ਮਾਨ ਦਾ ਭਰਵਾਂ ਸਵਾਗਤ

ਯੈੱਸ ਪੰਜਾਬ
ਧੂਰੀ /ਸੰਗਰੂਰ, 23 ਜਨਵਰੀ, 2022 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਵੱਖ- ਵੱਖ ਪਿੰਡਾਂ ਦਾ ਪਲੇਠਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ, ‘‘10 ਮਾਰਚ ਨੂੰ ਦੇਸ਼ ਦਾ ਮੀਡੀਆ ਪੰਜਬ ਦੀ ਜਨਤਾ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ’ਚ ਕੀਤੇ ਵੱਡੇ ਫ਼ਤਵੇ ਦਾ ਐਲਾਨ ਕਰ ਦੇਵੇਗਾ।

ਪੰਜਾਬ ਵਿਧਾਨ ਸਭਾ ਚੋਣ ’ਚ ਇਸ ਵਾਰ ਆਮ ਆਦਮੀ ਪਾਰਟੀ ਦਾ ਪ੍ਰਚੰਡ ਬਹੁਮਤ ਆਵੇਗਾ, ਕਿਉਂਕਿ ਭ੍ਰਿਸ਼ਟ ਅਤੇ ਲੁਟੇਰੀਆਂ ਸੱਤਾਧਾਰੀ ਪਾਰਟੀਆਂ ਤੋਂ ਅੱਕੇ- ਥੱਕੇ ਪੰਜਾਬ ਦੇ ਲੋਕ 20 ਫਰਵਰੀ ਨੂੰ ਵੋਟਿੰਗ ਮਸ਼ੀਨ ਦਾ ਬਟਨ ਆਮ ਆਦਮੀ ਪਾਰਟੀ ਦੇ ਹੱਕ ’ਚ ਦੱਬਣ ਲਈ ਤੱਤਪਰ ਬੈਠੇ ਹਨ।’’

ਐਤਵਾਰ ਨੂੰ ਭਗਵੰਤ ਮਾਨ ‘ਆਪ’ ਵੱਲੋਂ ਉਮੀਦਵਾਰ ਦੀ ਟਿਕਟ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਹਲਕਾ ਧੂਰੀ ਵਿੱਚ ਆਏ ਅਤੇ ਉਨ੍ਹਾਂ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਂਕ ਤੋਂ ਆਪਣਾ ਚੋਣ ਦੌਰਾ ਸ਼ੁਰੂ ਕੀਤਾ, ਜਿਥੇ ਮਾਨ ਦੇ ਵੱਡੀ ਗਿਣਤੀ ’ਚ ਸਮਰਥੱਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।

ਨਾਨਕਿਆਣਾ ਚੌਂਕ ਤੋਂ ਚੱਲਿਆ ਮਾਨ ਦਾ ਕਾਫ਼ਲਾ ਲੱਡਾ, ਕਾਂਝਲਾ, ਹਸਨਪੁਰ, ਮੁਲੇਵਾਲ, ਕਾਕੜਵਾਲ, ਰਣੀਕੇ ਅਤੇ ਭੁਗਰਾਂ ਆਦਿ ਵੱਖ- ਵੱਖ ਪਿੰਡ’ਚ ਗੁਜ਼ਰਿਆ ਅਤੇ ਵੱਡਾ ਹੁੰਦਾ ਗਿਆ । ਇਸ ਦੌਰਾਨ ਪਿੰਡਾਂ ਦੇ ਲੋਕਾਂ ਵੱਲੋ ਸੜਕਾਂ ਅਤੇ ਕੋਠਿਆਂ ’ਤੇ ਚੜ੍ਹ ਕੇ ਭਗਵੰਤ ਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਮੀਂਹ ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਮਾਨ ਦੇ ਸਮਰਥਕਾਂ ਵਿੱਚ ਅਥਾਹ ਜੋਸ਼ ਝਲਕ ਰਿਹਾ ਸੀ ਅਤੇ ਉਹ ਮਾਨ ਦੇ ਗਲ ’ਚ ਹਾਰ ਪਾ ਕੇ, ਸਨਮਾਨ ਚਿੰਨ ਦੇ ਕੇ ਅਤੇ ਹੱਥ ਮਿਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।

ਪਿੰਡਾਂ ਦੀਆਂ ਔਰਤਾਂ ਵਿੱਚ ਭਗਵੰਤ ਮਾਨ ਪ੍ਰਤੀ ਖਾਸ ਉਤਸ਼ਾਹ ਦੇਖਿਆ ਗਿਆ। ਇਨ੍ਹਾਂ ਔਰਤਾਂ ਖਾਸ ਕਰਕੇ ਬਜ਼ੁਰਗ ਔਰਤਾਂ ਨੇ ਭਗਵੰਤ ਮਾਨ ਦੇ ਸਿਰ ’ਤੇ ਹੱਥ ਰੱਖ ਕੇ ਜਿੱਤ ਦਾ ਅਸ਼ੀਰਵਾਦ ਦਿੱਤਾ। ਇੱਕ ਬਜ਼ੁਰਗ ਮਾਤਾ ਨੇ ਅਸ਼ੀਰਵਾਰ ਦਿੰਦਿਆਂ ਮਾਨ ਨੂੰ ਕਿਹਾ, ‘‘ਵੇ ਪੁੱਤ ਆਹ ਚਿੱਟੇ- ਚੁਟੇ ਦੀ ਜ਼ਹਿਰ ਤੋਂ ਸਾਡਾ ਖਹਿੜਾ ਛੁਡਾ ਦੇ। ਹਰ ਰੋਜ਼ ਮਰ ਰਹੇ ਪੁੱਤਾਂ ਦਾ ਦਰਦ ਸਾਥੋਂ ਨਹੀਂ ਸਿਹਾ ਜਾਂਦਾ।’’

ਭਗਵੰਤ ਮਾਨ ਨੇ ਮਾਤਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥ ਆਉਣ ਤੋਂ ਤੁਰੰਤ ਬਾਅਦ ਨਸ਼ੇ ਦੇ ਸੌਦਾਗਰਾਂ ਦੇ ਨਾਲ- ਨਾਲ ਹਰ ਤਰ੍ਹਾਂ ਦੇ ਮਾਫੀਆ ਨੂੰ ਸਲਾਖਾਂ ਪਿੱਛੇ ਸੁਟਿਆ ਜਾਵੇਗਾ। ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਲਈ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਵਸੀਲੇ ਦਿੱਤੇ ਜਾਣਗੇ। ਨੌਜਵਾਨਾਂ ਨੂੰ ਇਸ ਕਦਰ ਕਾਬਲ ਕੀਤਾ ਜਾਵੇਗਾ ਅਤੇ ਮੌਕੇ ਦਿੱਤੇ ਜਾਣਗੇ ਕਿ ਉਹ ਬੇਰੁਜ਼ਗਾਰ ਤੋਂ ਰੁਜ਼ਗਾਰ ਹੀ ਨਹੀਂ ਸਗੋਂ ਰੁਜ਼ਗਾਰਦਾਤਾ ਵੀ ਬਣਨਗੇ।

ਧੂਰੀ ਹਲਕੇ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਧੂਰੀ ਹਲਕਾ ਉਸ ਦਾ ਘਰ ਹੈ। ਇੱਥੇ ਉਸ ਦੇ ਚਾਚੇ -ਤਾਏ, ਦੋਸਤ- ਮਿੱਤਰ ਅਤੇ ਰਿਸਤੇਦਾਰ ਰਹਿੰਦੇ ਹਨ।

ਧੂਰੀ ਦੇ ਲੋਕਾਂ ਨੇ ਲੋਕ ਸਭਾ ਦੀਆਂ ਸਾਲ 2014 ਅਤੇ 2019 ਦੀਆਂ ਚੋਣਾ ਮੌਕੇ ਉਨ੍ਹਾਂ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨੇ ਜਿੱਤਾ ਕੇ ਦਿੱਲੀ ਦੇ ਰਾਹ ਪਾਇਆ ਸੀ। ਇਸ ਵਾਰ ਧੂਰੀ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਹੋਣ ਦਾ ਸਰਟੀਫਿਕੇਟ ਦੇਣਗੇ।’’ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ।

ਇਸ ਮੌਕੇ ਭਗਵੰਤ ਮਾਨ ਨਾਲ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂਆਂ ਸਮੇਤ ਸਾਰੇ ਸਥਾਨਕ ਆਗੂ ਤੇ ਵਰਕਰ ਸਮਰਥਕ ਵੱਡੀ ਗਿਣਤੀ ’ਚ ਮੌਜ਼ੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION