ਯੈੱਸ ਪੰਜਾਬ
ਚੰਡੀਗੜ੍ਹ, 9 ਜਨਵਰੀ, 2022:
‘ਆਮ ਆਦਮੀ ਪਾਰਟੀ’ ਵੱਲੋਂ ਹੁਣ ਤਕ 104 ਉਮੀਦਵਾਰਾਂ ਦਾ ਐਲਾਨ ਕਰ ਦੇਣ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਵੱਲੋਂ ਇਹ ਕਹਿ ਦੇਣ ਕਿ ਸਾਡੀ ਸ:ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੀਆਂ ਕਿਸਾਨ ਜੱਥੇਬੰਦੀਆਂ ਨਾਲ ਕਦੇ ਕੋਈ ਗੱਲਬਾਤ ਨਹੀਂ ਚੱਲ ਰਹੀ ਸੀ, ‘ਆਪ’ ਅਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਕਹਾਣੀ ਨਿੱਬੜ ਗਈ ਲੱਗਦੀ ਹੈ। ਇਸ ਤੋਂ ਬਾਅਦ ਕਿਸਾਨ ਅੰਦੋਲਨ ਵਿੱਚੋਂ ਨਿਕਲੀਆਂ ਦੋ ਸਿਆਸੀ ਧਿਰਾਂ ਦੇ ਰਲੇਵੇਂ ਦੇ ਸੰਕੇਤ ਮਿਲ ਰਹੇ ਹਨ।
32 ਵਿੱਚੋਂ 22 ਜਥੇਬੰਦੀਆਂ ਵੱਲੋਂ ਸ: ਰਾਜੇਵਾਲ ਦੀ ਅਗਵਾਈ ਹੇਠ ਬਣਾਏ ਗਏ ਸੰਯੁਕਤ ਸਮਾਜ ਮੋਰਚੇ ਅਤੇ ਭਾਰਤੀ ਕਿਸਾਨ ਯੂਨੀਅਨ ਚੜ੍ਹੂਨੀ ਦੇ ਪ੍ਰਧਾਨ ਸ: ਗੁਰਨਾਮ ਸਿੰਘ ਚੜ੍ਹੂਨੀ ਵੱਲੋਂ ਬਣਾਈ ਗਈ ਸੰਯੁਕਤ ਸੰਘਰਸ਼ ਪਾਰਟੀ ਵਿਚਾਲੇ ਐਤਵਾਰ ਨੂੰ ਰਲੇਵੇਂ ਦੇ ਸਪਸ਼ਟ ਸੰਕੇਤ ਉਸ ਵੇਲੇ ਸਾਹਮਣੇ ਆਏ ਜਦ ਸੰਯੁਕਤ ਸਮਾਜ ਮੋਰਚਾ ਦੀ ਐਤਵਾਰ ਨੂੂੰ ਕਿਸਾਨ ਭਵਨ ਵਿਖ਼ੇ ਹੋਣ ਵਾਲੀ ਮੀਟਿੰਗ ਵਿੱਚ ਸ: ਗੁਰਨਾਮ ਸਿੰਘ ਚੜ੍ਹੂਨੀ ਖ਼ੁਦ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਸ: ਚੜ੍ਹੂਨੀ ਨੇ ਅੱਜ ਆਪਣੀ ਪਾਰਟੀ ਦੇ 10 ਉਮੀਦਵਾਰ ਐਲਾਨਣ ਲਈ ਇਕ ਪੱਤਰਕਾਰ ਸੰਮੇਲਨ ਸੱਦਿਆ ਹੋਇਆ ਸੀ ਅਤੇ ਉੱਧਰੋਂ ਆਪਣੀ ਮੀਟਿੰਗ ਉਪਰੰਤ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਜਾਣਾ ਸੀ।
ਅੱਜ ਬਹੁਤ ਥੋੜ੍ਹੇ ਸਮੇਂ ਲਈ ਸੰਯੁਕਤ ਸਮਾਜ ਮੋਰਚੇ ਦੀ ਮੀਟਿੰਗ ਵਿੱਚ ਬੈਠਣ ਉਪਰੰਤ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ:ਚੜ੍ਹੂਨੀ ਨੇ ਦੱਸਿਆ ਕਿ ਦੋਹਾਂ ਧਿਰਾਂ ਵਿੱਚ ਗੱਲਬਾਤ ਅੱਜ ਸ਼ੁਰੂ ਹੋਈ ਹੈ ਜਿਸ ਦੇ ਮੱਦੇਨਜ਼ਰ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਕੀਤੀ ਗਈ ਬੇਨਤੀ ’ਤੇ ਉਨ੍ਹਾਂ ਨੇ ਆਪਣਾ ਅੱਜ ਦਾ ਪੱਤਰਕਾਰ ਸੰਮੇਲਨ ਰੱਦ ਕਰ ਦਿੱਤਾ ਹੈ ਅਤੇ ਅੱਜ ਉਮੀਦਵਾਰਾਂ ਦਾ ਐਲਾਨ ਵੀ ਰੋਕ ਲਿਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਨੇ ਵੀ ਅੱਜ ਦੇ ਐਲਾਨ ਹਾਲ ਦੀ ਘੜੀ ਰੋਕ ਲਏ ਹਨ।
ਉਨ੍ਹਾਂ ਆਖ਼ਿਆ ਕਿ ਦੋਹਾਂ ਧਿਰਾਂ ਦੀ ਗੱਲ ਸ਼ੁਰੂ ਹੋਈ ਹੈ ਅਤੇ ਜਿਵੇਂ ਜਿਵੇਂ ਅੱਗੋਂ ਗੱਲ ਹੋਵੇਗੀ ਉਵੇਂ ਉਵੇਂ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਗੱਲ ਸਿਰੇ ਚੜ੍ਹੇਗੀ ਅਤੇ ਜੇ ਨਹੀਂ ਵੀ ਚੜ੍ਹਦੀ ਤਾਂ ਦੋਵਾਂ ਦਾ ਆਪੋ ਆਪਣਾ ਏਜੰਡਾ ਤਾਂ ਰਹੇਗਾ ਹੀ। ਇਕ ਸਵਾਲ ਦੇ ਜਵਾਬ ਵਿੱਚ ਸ: ਚੜ੍ਹੂਨੀ ਨੇ ਸਪਸ਼ਟ ਕੀਤਾ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਰਹੇ ਹਨ ਕਿ ਕਿਸਾਨ ਜਥੇਬੰਦੀਆਂ ‘ਆਮ ਆਦਮੀ ਪਾਰਟੀ’ ਨਾਲ ਮਿਲ ਕੇ ਚੋਣ ਲੜਨ ਦੀ ਕਿਉਂ ਸੋਚ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਵੇਂ ਅਜੇ ਵੀ ਇਹ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ‘ਆਪ’ ਅਤੇ ਸੰਯੁਕਤ ਸਮਾਜ ਮੋਰਚੇ ਦਾ ਕੋਈ ਚੋਣ ਸਮਝੌਤਾ ਹੋ ਸਕਦਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ‘ਆਮ ਆਦਮੀ ਪਾਰਟੀ’ ਸ: ਰਾਜੇਵਾਲ ਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੀ ਹੈ, ਪਰ ‘ਆਪ’ ਵੱਲੋਂ 104 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਐਸੀ ਕੋਈ ਸੰਭਾਵਨਾ ਨਹੀਂ ਜਾਪਦੀ ਕਿਉਂਕਿ 117 ਵਿੱਚੋਂ 104 ਉਮੀਦਵਾਰ ਐਲਾਨ ਦੇਣ ਤੋਂ ਬਾਅਦ ਜੇ ‘ਆਪ’ ਕਿਸਾਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਉਸਨੂੰ ਆਪਣੇ ਕਈ ਉਮੀਦਵਾਰ ਵਾਪਸ ਲੈਣੇ ਪੈ ਸਕਦੇ ਹਨ, ਜਿਹੜੇ ਪਾਰਟੀ ਅੰਦਰ ਵੱਡੀ ਬਗਾਵਤ ਦਾ ਕਾਰਨ ਬਣ ਸਕਦੇ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ 14 ਫ਼ਰਵਰੀ ਨੂੰ ਵੋਟਾਂ ਪੈਣ ਦੇ ਐਲਾਨ ਦੇ ਮੱਦੇਨਜ਼ਰ ਸਮਾਂ ਬਹੁਤ ਹੀ ਘੱਟ ਰਹਿ ਗਿਆ ਹੈ ਅਤੇ ‘ਆਮ ਆਦਮੀ ਪਾਰਟੀ’ ਹੁਣ ਆਪਣੀ ਚੋਣ ਮੁਹਿੰਮ ’ਤੇ ਫ਼ੋਕਸ ਕਰੇਗੀ ਨਾ ਕਿ ਉਮੀਦਵਾਰਾਂ ਨੂੰ ਵਾਪਸ ਲੈ ਕੇ ਬਗਾਵਤਾਂ ਠਲ੍ਹਣ ਦੇ ਰਾਹ ਪਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ