‘ਆਪ’ ਦੀ ਕੈਪਟਨ ਨੂੰ ਚਿੱਠੀ: ਚੰਗਾਲੀਵਾਲਾ ਦੇ ਦੋਸ਼ੀਆਂ ਦੀ ਜਾਇਦਾਦ ਵਿਚੋਂ ਪੀੜਤ ਪਰਿਵਾਰ ਨੂੰ ਦਿਓ 50 ਲੱਖ ਮੁਆਵਜ਼ਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਚੰਡੀਗੜ੍ਹ, 18 ਨਵੰਬਰ, 2019 –

‘ਆਮ ਆਦਮੀ ਪਾਰਟੀ’ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ਼ ਕੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਚ ਇਕ ਦਲਿਤ ਨੌਜਵਾਨ ਜਗਮੇਲ ਸਿੰਘ ’ਤੇ ਵਹਿਸ਼ੀਆਨਾ ਤਸ਼ੱਦਦ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਦੋਸ਼ੀਆਂ ਦੀਆਂ ਜਾਇਦਾਦਾਂ ਵੇਚ ਕੇ ਪੀੜਤ ਪਰਿਵਾਰ ਨੂੰ 50 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਵੇ।

ਸ੍ਰੀ ਅਮਨ ਅਰੋੜਾ ਵੱਲੋਂ ਲਿਖ਼ੇ ਗਏ ਪੱਤਰ ਦੀ ਇਬਾਰਤ ਹੇਠ ਲਿਖ਼ੇ ਅਨੁਸਾਰ ਹੈ:

ਕੈਪਟਨ ਅਮਰਿੰਦਰ ਸਿੰਘ ਜੀ,
ਸਤਿਕਾਰਯੋਗ ਮੁੱਖ ਮੰਤਰੀ,
ਪੰਜਾਬ।

ਵਿਸ਼ਾ: ਵਹਿਸ਼ੀਆਨਾ ਤਸ਼ੱਦਦ ਦਾ ਸ਼ਿਕਾਰ ਹੋਏ ਜਗਮੇਲ ਸਿੰਘ ਵਾਸੀ ਪਿੰਡ ਚੰਗਾਲੀਵਾਲਾ ਨੂੰ ਦੋਸ਼ੀਆਂ ਦੀ ਜਾਇਦਾਦ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਸੰਬੰਧੀ।

ਮਾਣਯੋਗ ਸ੍ਰੀਮਾਨ ਜੀ,
ਜੈ ਹਿੰਦ।

ਮੈਂ ਇਸ ਪੱਤਰ ਰਾਹੀਂ ਆਪ ਜੀ ਦਾ ਧਿਆਨ ਬੀਤੇ ਕੱਲ ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕੀਤੀ ਅਣਮਨੁੱਖੀ ਕੁੱਟ-ਮਾਰ ਅਤੇ ਤਸੀਹਿਆਂ ਦੀ ਵਜ੍ਹਾ ਕਰਕੇ ਹੋਈ ਦਰਦਨਾਕ ਮੌਤ ਵੱਲ ਦਿਵਾਉਣਾ ਚਾਹੁੰਦਾ ਹਾਂ ਜੋ ਕੇ ਆਪਣੇ ਆਪ ਵਿੱਚ ਪੁਲਿਸ, ਸਿਵਲ ਅਤੇ ਮੈਡੀਕਲ ਪ੍ਰਸ਼ਾਸਨ ਦੇ ਨਾਕਾਮੀ ਦੀ ਅਤੇ ਇੱਕ ਸੱਭਿਅਕ ਸਮਾਜ ਦੇ ਬੇਰਹਿਮ ਤਾਲਿਬਾਨੀ ਚਿਹਰੇ ਦੀ ਮੂੰਹ-ਬੋਲਦੀ ਤਸਵੀਰ ਹੈਂ।

ਇਸ ਦਰਦਨਾਕ ਘਟਨਾ ਤੋਂ ਬਾਦ ਹੁਣ ਜਿੱਥੇ ਹਰ ਇੱਕ ਇਨਸਾਫ ਪਸੰਦ ਇਨਸਾਨ ਅਤੇ ਜਥੇਬੰਦੀਆਂ ਜਗਮੇਲ ਦੇ ਗੁਨਾਹਗਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਨਾਲ-ਨਾਲ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਮੰਗਵਾਉਣ ਲਈ ਸੜਕਾਂ ਤੇ ਸੰਘਰਸ਼ ਕਰ ਰਹੀਆਂ ਹਨ , ਜੋ ਕਿ ਬਿਲਕੁਲ ਜਾਇਜ਼ ਹਨ ਅਤੇ ਸਰਕਾਰ ਵੱਲੋਂ ਤੁਰੰਤ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸੋ ਇਸ ਸੰਬੰਧੀ ਮੇਰਾ ਮੰਨਣਾ ਹੈ ਕਿ ਜਿਥੇ ਅੱਜ ਜਗਮੇਲ ਦੇ ਪਰਿਵਾਰ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮੁਆਵਜ਼ਾ ਦੇ ਰੂਪ ਵਿੱਚ 50 ਲੱਖ ਰੁਪਏ ਦੇਣ ਦੀ ਲੋੜ ਹੈ, ਓਥੇ ਹੀ ਇਸਦਾ ਬੋਝ ਕਰਜ਼ਾਈ ਹੋ ਚੁੱਕੇ ਪੰਜਾਬੀਆਂ ਜਾਂ ਕੰਗਾਲ ਹੋ ਚੁੱਕੇ ਪੰਜਾਬ ਦੇ ਖ਼ਜ਼ਾਨੇ ਤੇ ਪਾਉਣ ਦੀ ਬਜਾਇ ਦੋਸ਼ੀਆਂ ਤੋਂ ਉਗਰਾਹ ਕੇ ਜਾਂ ਓਹਨਾ ਦੀ ਜ਼ਮੀਨ/ਜਾਇਦਾਦ ਦੇ ਨਾਮ ਉੱਪਰ ਮਾਲ- ਰਿਕਾਰਡ ਵਿੱਚ ਐਂਟਰੀ ਜਾਂ ਕੁਰਕ ਕਰਕੇ ਓਹਨਾ ਤੋਂ ਵਸੂਲ ਕਰਕੇ ਪੀੜਤ ਪਰਿਵਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਇਸਦਾ ਬੋਝ ਪੰਜਾਬ ਦੀ ਜਨਤਾ ਤੇ ਪਾਇਆ ਜਾਵੇ। ਅਜਿਹਾ ਕਰਨ ਨਾਲ ਭੱਵਿਖ ਵਿੱਚ ਕੋਈ ਅਜਿਹਾ ਪਾਪ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ।

ਸਰ, ਅੱਜ ਸਮੇ ਦੀ ਜ਼ਰੂਰਤ ਹੈ ਕਿ ਸਰਕਾਰ ਇਸ ਸੰਬੰਧੀ ਸਖਤ ਕ਼ਾਨੂਨ ਬਣਾਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੀ ਘਟਨਾ ਤੋਂ ਬਾਦ ਇਨਸਾਫ ਲਈ ਧਰਨੇ ਲੱਗਣ ਤੋਂ ਬਾਦ ਸਰਕਾਰ ਦੇ ਨੁਮਾਇੰਦੇ ਪੀੜਤ ਪਰਿਵਾਰ ਨਾਲ ਸਮਝੌਤੇ ਲਈ ਸੌਦੇਬਾਜ਼ੀਆਂ ਵਿੱਚ ਪੈਂਦੇ ਹਨ ਅਤੇ ਅੰਤ ਵਿੱਚ ਕਿਸੇ ਦੇ ਗੁਨਾਹ ਦਾ ਬੋਝ ਪੰਜਾਬ ਦੀ ਜਨਤਾ ਦੇ ਸਿਰ ਪਾ ਦਿੱਤਾ ਜਾਂਦਾ ਹੈ ਅਤੇ ਗੁਨਾਹਗਾਰ ਨੂੰ ਉਸਦੇ ਗੁਨਾਹ ਦਾ ਕੋਈ ਸੇਕ ਨਹੀ ਲਗਦਾ, ਜੋ ਕਿ ਮੇਰੀ ਸਮਝ ਤੋ ਬਾਹਰ ਹੈ।

ਸੋ ਮੈਂ ਆਪਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੰਬੰਧੀ ਜਲਦ ਤੋਂ ਜਲਦ ਸਖਤ ਤੋਂ ਸਖਤ ਕ਼ਾਨੂਨ ਬਣਾ ਕੇ ਇਸਦੀ ਸ਼ੁਰੂਆਤ ਜਗਮੇਲ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਵਾ ਕੇ ਕੀਤੀ ਜਾਵੇ ਤਾਂ ਜੋਂ ਕ਼ਾਨੂਨ ਨੂੰ ਟਿੱਚ ਸਮਝਣ ਵਾਲਿਆਂ ਲਈ ਇੱਕ ਉਦਾਹਰਣ ਪੇਸ਼ ਕੀਤੀ ਜਾ ਸਕੇ।

ਧੰਨਵਾਦ ਸਹਿਤ।
ਆਪਜੀ ਦਾ ਸ਼ੁੱਭ-ਚਿੰਤਕ।
ਅਮਨ ਅਰੋੜਾ


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •