ਆਈ.ਕੇ.ਜੀ ਪੀ.ਟੀ.ਯੂ ਵੱਲੋਂ ਪ੍ਰੀ-ਰਜਿਸਟ੍ਰੇਸ਼ਨ ਦਾਖਲਾ ਪੋਰਟਲ ਦੀ ਸ਼ੁਰੂਆਤ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਮਈ 6, 2022 –
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵੱਲੋਂ ਨਵੇਂ ਦਾਖਲਾ ਸੈਸ਼ਨ 2022-23 ਲਈ ਵਿਦਿਆਰਥੀ ਅਨੁਕੂਲ ਸਹੂਲਤਾਂ ਪ੍ਰਦਾਨ ਕਰਨ ਲਈ ਨਵੇਂ ਫੈਸਲੇ ਲਏ ਗਏ ਹਨ! ਇਸ ਵਾਰ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਸਬੰਧੀ ਜਾਣਕਾਰੀ ਵਿਦਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਘਰ ਬੈਠੇ ਈ-ਮੇਲ, ਮੈਸੇਜ, ਫ਼ੋਨ ਕਾਲ ਆਦਿ ਰਾਹੀਂ ਦਿੱਤੀ ਜਾਵੇਗੀ। ਇਛੁੱਕ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਹਾਸਿਲ ਕਾਰਨ ਲਈ ਪ੍ਰੀ-ਰਜਿਸਟ੍ਰੇਸ਼ਨ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ! ਇਸ ਤੋਂ ਬਾਅਦ ਇਹ ਸਹੂਲਤ ਹਰ ਅਵੇਦਨ ਕਰਤਾ ਨੂੰ ਮਿਲੇਗੀ!

ਇਸ ਸਬੰਧੀ ਯੂਨੀਵਰਸਿਟੀ ਦੇ ਐਡਮਿਸ਼ਨ ਸੈੱਲ ਵੱਲੋਂ ਪ੍ਰੀ-ਰਜਿਸਟ੍ਰੇਸ਼ਨ ਫਾਰ ਐਡਮਿਸ਼ਨ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦੇਣ ਲਈ ਫਸਟ ਹੈਂਡ ਜਾਣਕਾਰੀ ਕਿਤਾਬਚਾ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਯੂਨੀਵਰਸਿਟੀ ਦੇ ਸਾਰੇ ਕੈਂਪਸ ਦੇ ਨਾਲ-ਨਾਲ ਮਾਨਤਾ ਪ੍ਰਾਪਤ ਕਾਲਜਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਦੇ ਦਾਖਲਾ ਸੰਪਰਕ ਨੰਬਰ, ਈ-ਮੇਲ ਆਦਿ ਵੀ ਜਾਰੀ ਕੀਤੇ ਗਏ ਹਨ।

ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਤਕਨੀਕੀ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ ਨੇ ਯੂਨੀਵਰਸਿਟੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨਵੇਂ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਮੁੱਖ ਕੈਂਪਸ ਅਤੇ ਹੋਰ ਕੈਂਪਸ ਵਿੱਚ ਸੀਟਾਂ ਵਧਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਐਡਮਿਸ਼ਨ ਪੋਰਟਲ ਦੀ ਸ਼ੁਰੂਆਤ ਕਰਦੇ ਹੋਏ ਦਾਖਲਿਆਂ ਸਬੰਧੀ ਜਾਣਕਾਰੀ ਵਾਸਤੇ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਹੈ! ਚੀਫ ਕੋਆਰਡੀਨੇਟਰ ਐਡਮਿਸ਼ਨ ਪ੍ਰੋ (ਡਾ.) ਵਿਕਾਸ ਚਾਵਲਾ ਨੇ ਵਿਦਿਆਰਥੀਆਂ ਨੂੰ ਸਰਕਾਰੀ ਵਿਦਿਅਕ ਅਦਾਰਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਪ੍ਰੀ-ਰਜਿਸਟ੍ਰੇਸ਼ਨ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਦਾਖਲੇ ਰਿਸ਼ੀ ਗੁਪਤਾ ਨੇ ਦੱਸਿਆ ਕਿ ਪ੍ਰੀ-ਰਜਿਸਟ੍ਰੇਸ਼ਨ ਨਾਲ ਵਿਦਿਆਰਥੀ ਅਤੇ ਯੂਨੀਵਰਸਿਟੀ ਵਿਚਕਾਰ ਦੂਰੀ ਘਟੇਗੀ। ਰਿਸ਼ੀ ਗੁਪਤਾ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਆਲੇ-ਦੁਆਲੇ ਉਹ ਕੋਰਸ ਪੜ੍ਹਾਏ ਜਾ ਰਹੇ ਹਨ ਜੋ ਉਨ੍ਹਾਂ ਦੀ ਪਹਿਲੀ ਪਸੰਦ ਦੇ ਹਨ ਜਾਂ ਜਿਨ੍ਹਾਂ ਵਿੱਚ ਉਹ ਆਪਣਾ ਭਵਿੱਖ ਦੇਖ ਰਹੇ ਹਨ। ਇਸ ਦੇ ਨਾਲ ਹੀ ਪ੍ਰੀ-ਐਡਮਿਸ਼ਨ ਦੇ ਨਾਲ ਹੀ ਦਾਖਲੇ ਸਬੰਧੀ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਸਹੀ ਸਮੇਂ ‘ਤੇ ਉਪਲਬਧ ਹੋਵੇਗੀ।

ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਐਸ.ਕੇ ਮਿਸ਼ਰਾ ਨੇ ਪੋਰਟਲ ‘ਤੇ ਕਲਿੱਕ ਕਰਕੇ ਕੀਤਾ | ਲਾਂਚਿੰਗ ਦੌਰਾਨ ਡੀਨ ਪ੍ਰੋ: (ਡਾ.) ਨੀਲ ਕੰਠ ਗਰੋਵਰ, ਵਿੱਤ ਵਿਭਾਗ ਦੇ ਡਾਇਰੈਕਟਰ ਡਾ: ਸੁਖਬੀਰ ਵਾਲੀਆ, ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਤੇ ਹੋਰ ਹਾਜ਼ਰ ਸਨ |

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ