ਆਈ.ਕੇ.ਜੀ ਪੀ.ਟੀ.ਯੂ ਦਾ ਅਮਰੀਕਾ ਤੇ ਕੈਨੇਡਾ ਦੇ 2 ਵੱਖੋ-ਵੱਖ ਵਿਦਿਅਕ ਅਦਾਰਿਆਂ ਨਾਲ ਕਰਾਰ

ਯੈੱਸ ਪੰਜਾਬ
ਜਲੰਧਰ, ਮਈ 9, 2022 –
ਭਾਰਤੀ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਤੇ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵੱਲੋਂ ਅਮਰੀਕਾ ਅਤੇ ਕੈਨੇਡਾ ਦੀਆਂ ਉੱਚ ਤੇ ਨਾਮੀ ਵਿਦਿਅਕ ਸੰਸਥਾਵਾਂ ਨਾਲ ਦੋ ਵੱਖ-ਵੱਖ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ! ਇਹਨਾਂ ਸਮਝੌਤਿਆਂ ਵਿਚ ਕੈਨੇਡਾ ਦੇ ਵੈਨਕੂਵਰ ਪ੍ਰੀਮੀਅਰ ਕਾਲਜ ਆਫ਼ ਆਰਟਸ ਐਂਡ ਸਾਇੰਸ, ਬਿਜ਼ਨਸ ਐਂਡ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਅਮਰੀਕਾ ਦੀ ਇੰਟਰਨੈਸ਼ਨਲ ਅਮਰੀਕਨ ਯੂਨੀਵਰਸਿਟੀ ਸ਼ਾਮਲ ਹਨ!

ਆਈ.ਕੇ.ਜੀ ਪੀ.ਟੀ.ਯੂ ਦੇ ਵਾਈਸ ਚਾਂਸਲਰ ਆਈ.ਏ.ਐਸ. ਅਧਿਕਾਰੀ ਸ਼੍ਰੀ ਰਾਹੁਲ ਭੰਡਾਰੀ, ਜੋ ਕਿ ਪੰਜਾਬ ਰਾਜ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹਨ, ਵੱਲੋਂ ਯੂਨੀਵਰਸਿਟੀ ਦੇ ਪਲਾਨਿੰਗ ਅਤੇ ਐਕਸਟਰਨਲ ਪਲਾਨਿੰਗ ਵਿਭਾਗ ਦੀ ਸ਼ਲਾਘਾ ਕੀਤੀ ਗਈ ਹੈ!

ਪੀ.ਐਂਡ.ਈ.ਪੀ. ਵਿਭਾਗ ਦੇ ਡੀਨ ਪ੍ਰੋ.(ਡਾ.) ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇੰਟਰਨੈਸ਼ਨਲ ਅਮਰੀਕਨ ਯੂਨੀਵਰਸਿਟੀ (ਆਈ.ਏ.ਯੂ.) ਨਾਲ ਹੋਏ ਸਮਝੌਤੇ ਤਹਿਤ ਆਈ.ਕੇ.ਜੀ. ਪੀ.ਟੀ.ਯੂ. ਦੇ ਵਿਦਿਆਰਥੀਆਂ ਨੂੰ ਦੋਵਾਂ ਸੰਸਥਾਵਾਂ ਵਿੱਚ ਕ੍ਰੈਡਿਟ ਟਰਾਂਸਫਰ ਪ੍ਰੋਗਰਾਮ, ਕੋਰਸਾਂ ਵਿਚ ਤਰੱਕੀ ਤੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਆਦਾਨ-ਪ੍ਰਦਾਨ ਦਾ ਅਵਸਰ ਮਿਲੇਗਾ! ਇਸ ਤੋਂ ਅਲਾਵਾ ਅਧਿਆਪਨ, ਖੋਜ ਕਾਰਜਾਂ, ਪ੍ਰਬੰਧਕੀ ਸਟਾਫ਼ ਅਤੇ ਸਾਂਝੇ ਤੌਰ ‘ਤੇ ਅਕਾਦਮਿਕ ਪ੍ਰੋਗਰਾਮਾਂ ਨੂੰ ਸੰਚਾਲਿਤ ਕਰਨ ਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਵੀ ਲਗਾਤਾਰ ਮਿਲਣਗੇ।

ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਬੀ.ਬੀ.ਏ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਇਸਦਾ ਸਿੱਧਾ ਫਾਇਦਾ ਮਿਲੇਗਾ! ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਯੂਨੀਵਰਸਿਟੀ ਦੇ ਐਮ.ਬੀ.ਏ ਕੋਰਸ ਦੇ ਵਿਦਿਆਰਥੀ ਵੀ ਇਸਦਾ ਫਾਇਦਾ ਉਠਾ ਸਕਣਗੇ!

ਵਿਭਾਗ ਦੇ ਡਾਇਰੈਕਟਰ ਡਾ. ਏਕਓਂਕਾਰ ਸਿੰਘ ਜੌਹਲ ਨੇ ਦੱਸਿਆ ਕਿ ਵੈਨਕੂਵਰ ਪ੍ਰੀਮੀਅਰ ਕਾਲਜ (ਵੀ.ਪੀ.ਸੀ) ਵਿੱਚ ਪੜ੍ਹਾਈ ਕਾਰਨ ਵਾਲੇ ਆਈ.ਕੇ.ਜੀ ਪੀ.ਟੀ.ਯੂ ਦੇ ਵਿਦਿਆਰਥੀ ਖਾਸ ਕਰਕੇ ਬੀ.ਬੀ.ਏ ਲਈ ਕ੍ਰੈਡਿਟ ਟ੍ਰਾਂਸਫਰ ਸਹੂਲਤ ਦੇ ਨਾਲ-ਨਾਲ 6 ਮਹੀਨੇ ਭਾਰਤ ‘ਚ ਪੜ੍ਹਾਈ ਕਰਨ ਤੋਂ ਬਾਅਦ 6 ਮਹੀਨੇ ਉਸੇ ਦੇਸ਼ ‘ਚ ਰਹਿ ਕੇ ਆਪਣੀ ਫੀਸ ਲਗਾਤਰ ਕੰਮ ਰਾਹੀਂ ਕਮਾ ਸਕਣ ਦੇ ਵੀ ਮੌਕੇ ਮਿਲਣਗੇ!

ਇਸ ਵਿੱਚ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ 6 ਮਹੀਨੇ ਲਗਾਤਾਰ ਕੰਮ ਕਰ ਸਕਦੇ ਹਨ, ਜਦ ਕਿ ਹੋਰ ਕੋਰਸਾਂ ਵਿੱਚ ਇਹ ਮੌਕਾ ਹਫ਼ਤੇ ਵਿੱਚ ਕੁਝ ਘੰਟੇ ਕੰਮ ਕਰਨ ਦਾ ਹੀ ਮਿਲਦਾ ਹੈ! ਇਸ ਤੋਂ ਇਲਾਵਾ ਇਨ੍ਹਾਂ ਸਮਝੌਤਿਆਂ ਤਹਿਤ ਅਕਾਦਮਿਕ ਸੋਧ ਕਾਰਜਾਂ ਲਈ ਵੀ ਕਈ ਮੌਕੇ ਦਿੱਤੇ ਜਾਣਗੇ! ਉਹਨਾਂ ਇਛੁੱਕ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪੀ ਐਂਡ ਈ ਪੀ ਵਿਭਾਗ ਨਾਲ ਸੰਪਰਕ ਕਾਰਨ ਦਾ ਸੱਦਾ ਦਿੱਤਾ ਹੈ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ