ਯੈੱਸ ਪੰਜਾਬ
ਅੰਮ੍ਰਿਤਸਰ, 24 ਅਪ੍ਰੈਲ, 2022:
ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਹੋਲੀ ਸਿਟੀ,ਸਵਿਸ ਸਿਟੀ,ਰੌਇਲ ਅਸਟੇਟ, ਗੁਰੂ ਅਮਰਦਾਸ ਐਵਿਨਿਊ, ਰਣਜੀਤ ਐਵਿਨਿਊ ਅਬਾਦੀਆਂ ਦੇ ਵਾਸੀਆਂ, ਅਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਵਾਤਾਵਰਨ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਸ਼ਮੂਲੀਅਤ ਸਹਿਤ ਵਿਸ਼ਵ ਧਰਤੀ ਦਿਵਸ ਨੂੰ”ਜਾਗਣ ਦਾ ਵੇਲਾ” ਮੁਹਿੰਮ ਸ਼ੁਰੂ ਕਰ ਕੇ ਸ਼ਹਿਰ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਡਰੇਨ ਕੰਢੇ ਸਥਿਤ ਸ੍ਰੀ ਸਤਿਅਮ ਕਾਲਜ ਦੇ ਪ੍ਰਵੇਸ਼ ਤੇ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਹੋ ਚੁੱਕੀ ਡਰੇਨ ਤੋਂ ਪੈਦਾ ਹੋ ਰਹੀਆਂ ਮਨੁੱਖ-ਮਾਰੂ ਜ਼ਹਿਰੀ ਗੈਸਾਂ ਅਤੇ ਇਸ ਡਰੇਨ ਕਾਰਨ ਹੋ ਰਹੇ ਪ੍ਰਦੂਸ਼ਿਤ ਧਰਤੀ ਹੇਠਲੇ ਪਾਣੀ ਬਾਰੇ ਜਾਗਰੂਕਤਾ ਪੈਦਾ ਕਰਕੇ ਮਨਾਇਆ।
ਵਰਨਣਯੋਗ ਹੈ ਕਿ ਮੁੱਢਲੇ ਤੌਰ ਤੇ ਤੁੰਗ ਢਾਬ ਡਰੇਨ ਹੜ੍ਹਾਂ ਤੋਂ ਰਾਹਤ ਦੇਣ ਵਾਲਾ ਬਰਸਾਤੀ ਨਾਲਾ਼ ਹੈ, ਜੋ ਬਟਾਲਾ ਨਜ਼ਦੀਕ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੁੰਦਾ ਹੈ,ਪ੍ਰੰਤੂ ਜਦ ਇਹ ਵੇਰਕਾ ਨਜ਼ਦੀਕ ਪਿੰਡ ਪੰਡੋਰੀ ਵੜੈਚ ਲਾਗਿਓਂ ਲੰਘਦਾ ਹੈ ਤਾਂ ਉਦਯੋਗਾਂ ਦੇ ਰਸਾਇਣ-ਯੁਕਤ ਜਹਿਰੀ ਪਾਣੀ ਕਾਰਨ ਇਹ ਅਤਿ-ਪ੍ਰਦੂਸਿਤ਼ ਹੋ ਜਾਂਦਾ ਹੈ।ਇਸ ਦੇ ਬਦਬੂਦਾਰ ਪਾਣੀ ਵਿੱਚੋਂ ਈਥੇਨ, ਮੀਥੇਨ, ਹਾਈਡ੍ਰੋਜਨ ਸਲਫਾਈਡ ਆਦਿ ਮਨੁੱਖੀ ਜੀਵਨ ਲਈ ਮਾਰੂ ਪ੍ਰਭਾਵ ਛੱਡਦੀਆਂ ਰਸਾਇਣਕ ਗੈਸਾਂ ਪੈਦਾ ਹੁੰਦੀਆਂ ਹਨ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਵਾਤਾਵਰਨ ਕਮੇਟੀ ਦੇ ਮੈਂਬਰ ਇੰਜ.ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਿਤ ਜ਼ਹਿਰੀ ਪਾਣੀ ਤੋਂ ਵੱਡੀ ਮਾਤਰਾ ਵਿੱਚ ਹੋ ਰਹੇ ਹਵਾ, ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦਾ ਪ੍ਰਦੂਸ਼ਣ, ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ,ਸਵੱਛ ਭਾਰਤ ਅਭਿਆਨ ਮਿਸ਼ਨ, ਤੰਦਰੁਸਤ ਪੰਜਾਬ ਮਿਸ਼ਨ ਨੂੰ ਪੂਰੀ ਤਰ੍ਹਾਂ ਨਿਕਾਰ ਰਿਹਾ ਹੈ।
ਨਾਸੂਰ ਬਣ ਚੁੱਕੀ ਇਸ ਸਮੱਸਿਆ ਦੇ ਪ੍ਰਭਾਵਸ਼ਾਲੀ ਹੱਲ ਲਈ ਰਾਜਨੀਤਕਾਂ ਅਤੇ ਅਫ਼ਸਰਸ਼ਾਹੀ ਨੂੰ ਵਾਤਾਨੁਕੂਲ ਦਫ਼ਤਰਾਂ ਵਿੱਚੋਂ ਬਾਹਰ ਆ ਕੇ ਪੂਰੀ ਸ਼ਿੱਦਤ ਨਾਲ ਪਹਿਲ ਦੇ ਆਧਾਰ ਤੇ ਕਾਰਜਸ਼ੀਲ ਹੋਣਾ ਹੈ।ਇੰਜ. ਕੋਹਲੀ ਨੇ ਕਿਹਾ ਕਿ ਦਹਾਕਿਆਂ ਤੋਂ ਅਫ਼ਸਰਸ਼ਾਹੀ ਦੇ ਨਕਾਰਾਤਮਕ ਰਵੱਈਏ ਕਾਰਨ ਸਮੱਸਿਆ ਗੰਭੀਰ ਤੋਂ ਮਾਰੂ ਰੂਪ ਧਾਰਨ ਕਰ ਚੁੱਕੀ ਹੈ,ਜਿਸ ਦਾ ਫੌਰੀ ਹੱਲ ਕਰਨਾ ਸਮੇਂ ਦੀ ਪ੍ਰਾਥਮਿਕ ਜ਼ਰੂਰਤ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਸ੍ਰੀ ਯੋਗੇਸ਼ ਕਾਮਰਾ ਨੇ ਇਲਾਕ ਨਿਵਾਸੀਆਂ ਦੇ ਤ੍ਰਾਸਦਿਕ ਜੀਵਨ ਹਾਲਾਤਾਂ ਦਾ ਜ਼ਿਕਰ ਕਰਦਿਆਂ ਹੋਇਆਂ ਬਿਆਨ ਕੀਤਾ ਕਿ ਇਸ ਡਰੇਨ ਦੀ ਮਾਰੂ ਜਹਿਰੀਲੀ ਹਵਾ ਦਾ ਭਿਆਨਕ ਅਸਰ ਲਗਾਤਾਰ ਚੌਵੀ ਘੰਟੇ 3-5 ਕਿਲੋਮੀਟਰ ਦੇ ਘੇਰੇ ਵਿੱਚ ਵਿੱਚ ਹੈ,ਜਿਸ ਕਾਰਨ ਇਥੋਂ ਦਾ ਅਵਾਮ ਫੇਫੜਿਆਂ, ਚਮੜੀ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਐਲਰਜੀ ਤੋਂ ਪੀੜਤ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ ਬੜੀ ਸਖਤੀ ਨਾਲ ਹੁਕਮ ਜਾਰੀ ਕਰਕੇ ਤੁੰਗ ਢਾਬ ਡਰੇਨ ਵਿੱਚ ਅਣਸੋਧਿਆ ਸੀਵਰ ਅਤੇ ਉਦਯੋਗਿਕ ਤਰਲਾਂ ਨੂੰ ਪਾਉਣ ਤੋਂ ਮਨ੍ਹਾ ਕੀਤਾ ਹੈ,ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਸਾਰੇ ਉਦਯੋਗਾਂ ਦਾ ਐਫੂਲੈਂਟ ਟ੍ਰੀਟਮੈਂਟ ਪਲਾਂਟ ਵੇਰਵਾ ਵੈਬ ਸਰਵਰ ਤੇ ਪਾਇਆ ਜਾਵੇ। ਸ੍ਰੀ ਕਾਮਰਾ ਨੇ ਵੇਦਨਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜ਼ਿਮੇਵਾਰ ਅਧਿਕਾਰੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਨ੍ਹਾਂ ਮਹੱਤਵਪੂਰਨ ਹੁਕਮਾਂ ਨੂੰ ਟਿੱਚ ਜਾਣਿਆ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਪੰਜਾਬ ਸਰਕਾਰ, ਅੰਮ੍ਰਿਤਸਰ ਜ਼ਿਲਾ ਇੰਤਜ਼ਾਮੀਆ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਜ਼ਿਮੇਵਾਰ ਅਧਿਕਾਰੀਆਂ ਦੀ ਤੁੰਗ ਢਾਬ ਡਰੇਨ ਪ੍ਰਤੀ ਨਾਕਸ ਕਾਰਗੁਜ਼ਾਰੀ ਤੇ ਡਾਢ੍ਹਾ ਅਫਸੋਸ ਜ਼ਾਹਿਰ ਕੀਤਾ।
ਪ੍ਰਿੰਸੀਪਲ ਅਣਖੀ ਨੇ ਇਤਿਹਾਸਕ ਦਸਤਾਵੇਜ਼ਾਂ ਦਾ ਜ਼ਿਕਰ ਕਰਦਿਆਂ ਹੋਇਆਂ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਿਤ ਪਾਣੀ ਦੇ ਜ਼ਮੀਨ ਵਿੱਚ ਸਿਮਣ ਤੇ ਜ਼ਹਿਰੀਲੇ ਹੋ ਚੁੱਕੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਾਰਨ ਇਸ ਖੇਤਰ ਵਿੱਚ ਜਨਮ ਲੈ ਰਹੇ ਬੱਚਿਆਂ ਦੇ ਜੀਨਾਂ ਵਿੱਚ ਸੰਭਾਵਿਤ ਤਬਦੀਲੀ ਦਾ ਮਿਲਾਨ ਦੂਸਰੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਹੋਏ ਪ੍ਰਮਾਣੂ ਹਮਲਿਆਂ ਤੋਂ ਦਹਾਕਿਆਂ ਬਾਅਦ ਜਨਮ ਲੈਣ ਵਾਲੇ ਬੱਚਿਆਂ ਦੇ ਜੀਨਾਂ ਵਿੱਚ ਤਬਦੀਲੀ ਹੋਣ ਕਾਰਨ ਪੈਦਾ ਹੋਏ ਅਪਾਹਜ
ਬੱਚਿਆਂ ਦੀ ਬਦਕਿਸਮਤ ਨਾਲ ਕੀਤਾ। ਕੁਝ ਅਰਸਾ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੈਨੇਟਿਕ ਵਿਭਾਗ ਦੇ ਵਿਗਿਆਨੀਆਂ ਨੇ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਿਤ ਪਾਣੀ ਕਾਰਨ ਜ਼ਹਿਰੀਲੇ ਹੋ ਚੁੱਕੇ ਧਰਤੀ ਹੇਠਲੇ ਪਾਣੀ ਦੇ ਅਸਰ ਕਾਰਨ ਨਵਜਨਮੇ ਬੱਚਿਆਂ ਦੇ ਜੀਨਾਂ ਵਿੱਚ ਤਬਦੀਲੀ ਹੋਣ ਦਾ ਫ਼ਿਕਰ ਜਾਹਿਰ ਕੀਤਾ ਸੀ। ਉਨ੍ਹਾਂ ਫ਼ਿਕਰ ਜਾਹਿਰ ਕੀਤਾ ਕਿ ਜੇ ਸਮੱਸਿਆ ਨੂੰ ਹੱਲ ਕਰਨ ਵਿੱਚ ਹੋਰ ਦੇਰੀ ਹੋਈ ਤਾਂ ਨੇੜਲੇ ਭਵਿੱਖ ਵਿੱਚ ਬੱਚਿਆਂ ਦੇ ਅਪਾਹਿਜ ਪੈਦਾ ਹੋਣ ਦਾ ਖਦਸ਼ਾ ਹੈ।
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ੍ਰ. ਗੁਰਜੀਤ ਸਿੰਘ ਔਜਲਾ ਤੁੰਗ ਢਾਬ ਡਰੇਨ ਦੀ ਭਿਆਨਕਤਾ ਦਾ ਮਸਲਾ ਦੋ ਦਫ਼ਾ ਪਾਰਲੀਮੈਂਟ ਵਿੱਚ ਬਿਆਨ ਕਰ ਚੁੱਕੇ ਹਨ, ਕੇਂਦਰੀ ਮੰਤਰੀ ਸ੍ਰ.ਹਰਦੀਪ ਸਿੰਘ ਪੁਰੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਚੰਦ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੀ ਗਠਿਤ ਕੀਤੀ ਗਈ ਸੀ,ਪਰ ਸਰਕਾਰ ਤਬਦੀਲੀ ਕਾਰਨ ਮਸਲਾ ਅਣਸੁਣਿਆ ਰਹਿ ਗਿਆ।
ਮਸਲੇ ਦੇ ਹੱਲ ਪ੍ਰਤੀ ਅੰਧਕਾਰ ਵਿੱਚ ਵਿਚਰ ਰਹੇ ਅਧਿਕਾਰੀਆਂ ਨੂੰ ਚਾਨਣ ਦਿਖਾਉਣ ਦੇ ਮਕਸਦ ਨਾਲ ਹੋਲੀ ਸਿਟੀ ਦੇ ਨਿਵਾਸੀਆਂ ਵੱਲੋਂ ਪ੍ਰਭਾਵਸ਼ਾਲੀ ਮੋਮਬੱਤੀ ਮਾਰਚ ਵੀ ਕੀਤਾ ਗਿਆ। ਪ੍ਰੋ.ਵਾਲੀਆ ਨੇ ਆਪਣੀ ਪੁਤਰੀ ਦੀਆਂ ਫੇਫੜੇ ਵਿੱਚ ਪੈਦਾ ਹੋਏ ਐਲਰਜੀ ਦਾ ਕਾਰਨ ਡਰੇਨ ਵਿਚ ਪ੍ਰਦੂਸ਼ਣ ਦੱਸਿਆ ।
ਪ੍ਰਸਿੱਧ ਸਿਹਤ ਵਿਗਿਆਨੀ ਡਾ.ਸਿਆਮ ਸੁੰਦਰ ਦੀਪਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਡੀਪੀ ਸਿੰਘ ਨੇ ਕਿਹਾ ਕਿ ਇਸ ਡਰੇਨ ਤੋਂ ਨਿਕਲਣ ਵਾਲੇ ਉਦਯੋਗਿਕ ਗੰਦੇ ਤੇਜ਼ਾਬੀ ਧੂੰਏਂ ਬਿਜਲੀ ਦੇ ਉਪਕਰਨਾਂ ਦੇ ਤਾਂਬੇ ਨੂੰ ਖਰਾਬ ਕਰ ਸਕਦੇ ਹਨ, ਜ਼ਰਾ ਕਲਪਨਾ ਕਰੋ ਕਿ ਉਹ ਸਾਡੇ ਅੰਗਾਂ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ ਹੋਣਗੇ। ਇੰਟੈਲੀਜੈਂਸ ਬਿਊਰੋ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਸ੍ਰ. ਐਚ ਐਸ ਘੁੰਮਣ ਨੇ ਕਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਾਰੇ ਵਿਭਾਗਾਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਇਸ ਲਹਿਰ ਨੂੰ ਹੱਲਾਸ਼ੇਰੀ ਦੇਣ ਲਈ ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਪਤਨੀ ਅੰਦਲੀਪ ਕੌਰ ਔਜਲਾ, ਕੌਂਸਲਰ ਮੋਤੀ ਭਾਟੀਆ, ਕੌਂਸਲਰ ਜਰਨੈਲ ਸਿੰਘ ਭੁੱਲਰ, ਕੌਂਸਲਰ ਹਰਪਨ ਔਜਲਾ, ਜਸਕਰਨ ਸਿੰਘ ਵਿਰਕ, ਡਾ. ਕੰਵਰ ਹੁੰਦਲ, ਦਲਬੀਰ ਬਾਜਵਾ, ਏ.ਏ.ਐਸ ਫਾਊਂਡੇਸ਼ਨ ਤੋਂ ਜਸਦੇਵ ਸਿੰਘ ਪਨੇਸਰ, ਤਰਕਸ਼ੀਲ ਸੁਸਾਇਟੀ ਤੋਂ ਸਮੀਤ ਸਿੰਘ, ਏਕ ਜੋਤ ਸੁਸਾਇਟੀ ਤੋਂ ਅਵਤਾਰ ਸਿੰਘ ਘੁੱਲਾ, ਅਮਰਪ੍ਰੀਤ ਸਿੰਘ ਸੰਧੂ ਮੀਰਾਂਕੋਟ ਅਤੇ ਸਾਂਝ ਛਾਂ ਐਨ.ਜੀ.ਓ ਤੋਂ ਕਵਲਜੀਤ ਸਿੰਘ ਲਾਲੀ ਮੀਰਾਂਕੋਟ ਸ਼ਾਮਲ ਹੋਏ ।
ਹੋਲੀ ਸਿਟੀ ਨਿਵਾਸੀ ਵੈਲਫੇਅਰ ਐਸੋਸੀਏਸ਼ਨ ਤੋਂ ਕੈਲਾਸ਼ ਬਾਂਸਲ, ਅਮਿਤ ਵਿਆਸ, ਚਰਨਜੀਤ ਬਹਿਲ, ਮਨਿੰਦਰ ਕੌਰ, ਆਰ.ਐਸ.ਚਾਵਲਾ, ਸੰਦੀਪ ਖੋਸਲਾ, ਸਕਤਰ ਸਿੰਘ, ਅਮਨਦੀਪ ਸਿੰਘ ਸੇਠੀ, ਰੂਪਿੰਦਰ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰੀ ਟੀਮ ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਗੁਰਦਿਆਲ ਸਿੰਘ ਐਸ.ਡੀ.ਓ., ਨਿਰਮਲ ਸਿੰਘ ਆਨੰਦ, ਸੁਖਬੀਰ ਸਿੰਘ, ਰਾਜਵਿੰਦਰ ਸਿੰਘ, ਜਸਪਾਲ ਸਿੰਘ, ਜੇ.ਪੀ ਸਿੰਘ, ਕਰਨ ਸਿੰਘ, ਮਾਈਕਲ ਆਦਿ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ