ਅੰਮ੍ਰਿਤਸਰ ਨਗਰ ਟਰਸਟ ਨਗਰ ਨਿਗਮ ਨੂੰ ਤੁਰੰਤ 50 ਕਰੋੜ ਰੁਪਏ ਰਿਲੀਜ਼ ਕਰੇ: ਬ੍ਰਹਮ ਮਹਿੰਦਰਾ ਦਾ ਆਦੇਸ਼

  ਚੰਡੀਗੜ੍ਹ, 25 ਜੁਲਾਈ, 2019:
  “ਪੰਜਾਬ ਸਰਕਾਰ, ਪਾਵਨ ਸ਼ਹਿਰ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਅੰਮ੍ਰਿਤਸਰ ਵਿਚਲੇ ਸਾਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਵਾਧੂ ਫੰਡ ਜਾਰੀ ਕੀਤੇ ਜਾਣਗੇ।” ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੰਮ੍ਰਿਤਸਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਰੀਵਿਊ ਮੀਟਿੰਗ ਦੌਰਾਨ ਕੀਤਾ।

  ਇਸ ਮੀਟਿੰਗ ਵਿੱਚ ਸ੍ਰੀ ਓ.ਪੀ ਸੋਨੀ, ਮੈਡੀਕਲ ਸਿੱਖਿਆ ਮੰਤਰੀ , ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਡਾ. ਰਾਜ ਕੁਮਾਰ ਵੇਰਕਾ ਅਤੇ ਸੁਨੀਲ ਦੱਤੀ(ਵਿਧਾਇਕ ਅੰਮ੍ਰਿਤਸਰ) ਅਤੇ ਕਰਮਜੀਤ ਸਿੰਘ ਰਿੰਟੂ , ਮੇਅਰ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਅੰਮਿਤਸਰ, ਸ੍ਰੀ ਦਿਨੇਸ਼ ਬੱਸੀ ਅੰਮ੍ਰਿਤਸਰ ਸ਼ਾਮਲ ਹੋਏ।

  ਮੇਅਰ ਵੱਲੋਂ ਪਾਵਨ ਸ਼ਹਿਰ ਦੇ ਲੰਬਿਤ ਪਏ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਹੋਰ ਫੰਡ ਜਾਰੀ ਕਰਨ ਸਬੰਧੀ ਮੰਗ ਰੱਖੇ ਜਾਣ ‘ਤੇ ਸਥਾਨਕ ਸਰਕਾਰਾਂ ਮੰਤਰੀ ਨੇ ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ ਦੇ ਚੇਅਰਮੈਨ ਨੂੰ ਨਗਰ ਨਿਗਮ ਲਈ ਤੁਰੰਤ 50 ਕਰੋੜ ਰੁਪਏ ਜਾਰੀ ਕਰਨ ਲਈ ਨਿਰਦੇਸ਼ ਦਿੱਤੇ।

  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਦੁਹਰਾਇਆ ਕਿ ਅੰਮ੍ਰਿਤਸਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸ਼ਹਿਰ ਦਾ ਵਿਕਾਸ ਕਰਨਾ ਪੰਜਾਬ ਸਰਕਾਰ ਦੇ ਏਜੰਡੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

  ਸ੍ਰੀ ਬ੍ਰਹਮ ਮਹਿੰਦਰਾ ਨੇ ਜਾਣਕਾਰੀ ਦਿੰਦਿਆਂ ਦੱÎਸਿਆ ਕਿ ਪੰਜਾਬ ਸਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਬਿਰਧ ਅਤੇ ਦਿਵਿਆਂਗ ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਪਾਰਕਿੰਗ ਏਰੀਏ ਤੋਂ ਲੈ ਕੇ ਸਰਾਂ ਤੱਕ ਐਸਕਲੇਟਰ ਬਣਾਏਗੀ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਔਖਿਆਈ ਦੇ ਪਰਿਕਰਮਾ ਤੱਕ ਪੁੱਜ ਸਕਣ। ਉਨ੍ਹਾਂ ਮੇਅਰ ਨੂੰ ਇਸ ਪ੍ਰਾਜੈਕਟ ਨੂੰ ਹਕੀਕੀ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ ‘ਤੇ ਜਾ ਕੇ ਪ੍ਰਾਜੈਕਟ ਦੀ ਰੂਪ-ਰੇਖਾ ਨੂੰ ਤਿਆਰ ਕਰਨ ਬਾਰੇ ਕਿਹਾ।

  ਸ੍ਰੀ ਬ੍ਰਹਮ ਮਹਿੰਦਰਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਰਗਦਰਸ਼ਨ ਲਈ ਪਾਰਕਿੰਗ ਏਰੀਏ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਤੱਕ ਕੋਈ ਸਾਈਨ ਬੋਰਡ ਨਹੀਂ ਹਨ।ਉਨ੍ਹਾਂ ਮੇਅਰ ਨੂੰ ਇਸ ਸਬੰਧੀ ਜਲਦ ਕਾਰਵਾਈ ਕਰਨ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਈਨ ਬੋਰਡ ਲਗਾਉਣ ਲਈ ਕਿਹਾ।

  ਬ੍ਰਹਮ ਮਹਿੰਦਰਾ ਨੇ ਇੱਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੇ ਇਲਾਕੇ ਵਿੱਚ ਈ-ਰਿਕਸ਼ਾ ਟਰਾਂਸਪੋਰਟ ਮਾਫ਼ੀਆ ਵੱਲੋਂ ਮਨਮਰਜ਼ੀ ਨਾਲ ਸ਼ਰਧਾਲੂਆਂ ਪਾਸੋਂ ਪੈਸੇ ਵਸੂਲੇ ਜਾਂਦੇ ਹਨ ਅਤੇ ਉਨ੍ਹਾਂ ਨੇ ਮਿਉਂਸਪਲ ਕਮਿਸ਼ਨਰ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਈ-ਰਿਕਸ਼ਾ ਲਈ ਨਿਰਧਾਰਤ ਰੇਟ ਕਾਰਡ ਜਾਰੀ ਕਰਨ ਲਈ ਵੀ ਕਿਹਾ।

  ਸ੍ਰੀ ਅਜੋਏ ਸ਼ਰਮਾ, ਮੁੱਖ ਕਾਰਜਕਾਰੀ ਅਫ਼ਸਰ, ਪੀ.ਐਮ.ਆਈ.ਡੀ.ਸੀ-ਕਮ-ਸਕੱਤਰ ਸਥਾਨਕ ਸਰਕਾਰ ਵੱਲੋਂ ਪੰਜਾਬ ਮਿਊਂਸੀਪਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕੌਂਸਲ(ਪੀਐਮਆਈਡੀਸੀ) ਦੇ ਅੰਮ੍ਰਿਤਸਰ ਸਬੰਧੀ ਵੱਖ ਵੱਖ ਪ੍ਰੋਜੈਕਟਾਂ ਦੀ ਤਾਜ਼ਾ ਸਥਿਤੀ ਸਬੰਧੀ ਇੱਕ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ,ਅਰਬਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਸਮਾਰਟ ਮਿਸ਼ਨ, 24 ਘੰਟੇ ਪਾਣੀ ਦੀ ਸਪਲਾਈ ਅਤੇ ਸਟ੍ਰੀਟ ਲਾਈਟਾਂ ਸ਼ਾਮਲ ਸਨ।

  ਮੀਟਿੰਗ ਵਿੱਚ ਮੌਜੂਦ ਵਿਧਾਇਕਾਂ ਨੇ ਸੀਵਰੇਜ ਪ੍ਰਬੰਧਨ, ਸਟ੍ਰੀਟ ਲਾਈਟਿੰਗ ਅਤੇ ਸਾਲਿਡ ਵੇਸਟ ਪ੍ਰਬੰਧਨ ਸਬੰਧੀ ਵੱਖ ਵੱਖ ਮੁੱÎਦਿਆਂ ‘ਤੇ ਚਾਨਣਾ ਪਾਇਆ । ਸੀਵਰੇਜ ਬਲਾਕੇਜ ਜੋ ਕਿ ਇੱਕ ਵੱਡੀ ਸਮੱÎਸਿਆ ਹੈ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਮਹਿੰਦਰਾ ਨੇ ਨਗਰ ਨਿਗਮ ਅੰਮ੍ਰਿਤਸਰ ਨੂੰ Îਿੲੱਕ ਹੋਰ ਸੁਪਰ ਸੱਕਰ ਮਸ਼ੀਨ ਮੁਹੱਈਆ ਕਰਾਉਣ ਦੀ ਪ੍ਰਵਾਨਗੀ ਦਿੱਤੀ।

  ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਗਰ ਨਿਗਮ ਖੁਦਮੁਖਤਿਆਰ ਇਕਾਈਆਂ ਹਨ ਅਤੇ ਇਨ੍ਹਾਂ ਨੂੰ ਸਵੈਨਿਰਭਰ ਹੋਣ ਦੀ ਲੋੜ ਹੈ ਤੇ ਇਨ੍ਹਾਂ ਵੱਲੋਂ ਆਪਣੇ ਕੋਲ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਫੰਡ ਜੁਟਾਏ ਜਾ ਸਕਣ। ਉਨ੍ਹਾਂ ਨੇ ਮੇਅਰ ਸ੍ਰੀ ਕਰਮਜੀਤ ਸਿੰਘ ਰਿੰਟੂ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਮਾਲੀਏ ਨੂੰ ਵਧਾਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ।

  ਮੰਤਰੀ ਨੇ ਕਿਹਾ ਕਿ ਉਹ 1 ਮਹੀਨੇ ਦੇ ਅੰਦਰ-ਅੰਦਰ ਪਾਵਨ ਸ਼ਹਿਰ ਦਾ ਦੌਰਾ ਕਰਨਗੇ ਅਤੇ ਨਿੱਜੀ ਤੌਰ ‘ਤੇ ਨਜ਼ਰਸਾਨੀ ਕਰਨਗੇ ਕਿ ਇਸ ਮੀਟਿੰਗ ਦੌਰਾਨ ਅਧਿਕਾਰੀਆਂ ਤੇ ਆਗੂਆਂ ਵੱਲੋਂ ਕੀਤੇ ਸਾਰੇ ਵਾਅਦਿਆਂ ਨੂੰ ਜ਼ਮੀਨੀ ਪੱਧਰ ‘ਤੇ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ ।

  ਕੁਝ ਵਿਧਾਇਕਾਂ ਨੇ ਮੁੱਦਾ ਉਠਾੳੁਂਦਿਆਂ ਕਿਹਾ ਕਿ ਸ਼ਹਿਰ ਵਿੱਚ ਹਾਲ ਹੀ ਵਿੱਚ ਹੀ ਲਗਾਏ ਗਏ 15 ਟਿਊਬਵੱੈਲਾਂ ਵਿਚੋਂ ਕੋਈ ਵੀ ਚਾਲੂ ਹਾਲਤ ਵਿੱਚ ਨਹੀਂ ਹੈ। ਸ੍ਰੀ ਮਹਿੰਦਰਾ ਨੇ ਇਸ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਉਂਦਿਆਂ ਅਧਿਕਾਰੀਆਂ ਨੂੰ ਇਹ ਟਿਊਬਵੈੱਲ ਜਲਦ ਚਾਲੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਸ੍ਰੀ ਏ.ਵੇਨੂ ਪ੍ਰਸਾਦ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਡਿਊਟੀ ਵਿੱਚ ਕੀਤੀ ਗਈ ਇਸ ਗੰਭੀਰ ਕੁਤਾਹੀ ਲਈ ਸਬੰਧਤ ਅਧਿਕਾਰੀ ਦੀ ਜਿੰਮੇਂਵਾਰੀ ਤਹਿ ਕਰਨ ਲਈ ਕਿਹਾ।

  ਇਸ ਮੀਟਿੰਗ ਵਿੱਚ ਹੋਰ ਪਤਵੰਤਿਆਂ ਤੋਂ ਇਲਾਵਾ ਸ੍ਰੀ ਮਹਿੰਦਰ ਪਾਲ ਸਿੰਘ, ਵਧੀਕ ਡਾਇਰੈਕਟਰ, ਸਥਾਨਕ ਸਰਕਾਰਾਂ, ਕੋਮਲ ਮਿੱਤਲ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਮੁਕੁਲ ਸੋਨੀ, ਮੁੱਖ ਇੰਜਨੀਅਰ, ਸਥਾਨਕ ਸਰਕਾਰਾਂ, ਸ੍ਰੀ ਕੇ.ਪੀ ਗੋਇਲ, ਇੰਜਨੀਅਰ ਇਨ ਚੀਫ, ਪੀ.ਡਬਲਿਊ.ਐਸ.ਐਸ.ਬੀ ਅਤੇ ਸਥਾਨਕ ਸਰਕਾਰਾਂ ਵਿਭਾਗ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਹੋਰ ਅਧਿਕਾਰੀ ਮੌਜੂਦ ਸਨ।

  Share News / Article

  Yes Punjab - TOP STORIES