ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਪਾਕਿਸਤਾਨ ਤੋਂ ਸਮਰਥਨ ਹਾਸਲ ਨਸ਼ਾ ਤਸਕਰ ਗ੍ਰਿਫ਼ਤਾਰ, 7.5 ਕਿੱਲੋ ਹੈਰੋਇਨ ਬਰਾਮਦ

ਚੰਡੀਗੜ੍ਹ, 13 ਸਤੰਬਰ, 2019 –

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 7.5 ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਸਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਭੈਣੀ, ਪਲਿਸ ਥਾਣਾ ਗਰਿੰਦਾ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਸਰਗਰਮ ਨਸ਼ਾ ਤਸਕਰਾਂ ਅਤੇ ਸਰਹੱਦ ਪਾਰੋਂ ਉਨ੍ਹਾਂ ਦੇ ਸੰਚਾਲਕਾਂ ਦਰਮਿਆਨ ਗੰਢਤੁੱਪ ਜੱਗ ਜ਼ਾਹਰ ਹੋਈ ਹੈ। ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਦੱÎਸਿਆ ਕਿ ਦੋਸ਼ੀ ਪਾਸੋਂ ਇੱਕ ਬਲੈਰੋ ਗੱਡੀ ਅਤੇ ਚਾਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਮੁੱਢਲੀ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਪਾਕਿਸਤਾਨ ਅਧਾਰਤ ਸੰਚਾਲਕਾਂ ਨਾਲ ਫੋਨ ਅਤੇ ਸੋਸ਼ਲ ਮੀਡੀਆ/ਓ.ਓ.ਟੀ. ਐਪਲੀਕੇਸ਼ਨਾਂ ਜ਼ਰੀਏ ਲਗਾਤਾਰ ਸੰਪਰਕ ਵਿੱਚ ਸੀ। ਉਸ ਪਾਸੋਂ ਬਰਾਮਦ ਕੀਤੀ ਖੇਪ ਸਥਾਨਕ ਨਸ਼ਾ ਤਸਕਰਾਂ ਨੂੰ ਸਪਲਾਈ ਕਰਨ ਲਈ ਸੀ ਅਤੇ ਇਸ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਕਾਰਵਾਈ ਜਾਰੀ ਹੈ।

ਉਕਤ ਮੁਲਜ਼ਮ ਵਿਰੁੱਧ ਮਿਤੀ 13.09.2019 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਤਹਿਤ ਐਫ.ਆਈ.ਆਰ ਨੰ. 166 ਪੁਲੀਸ ਥਾਣਾ ਅਜਨਾਲਾ ਵਿਖੇ ਦਰਜ ਕਰ ਲਈ ਗਈ ਹੈ।

ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਪੁਲੀਸ ਥਾਣਾ ਗਰਿੰਦਾ ਦੇ ਖੇਤਰ ਵਿੱਚ ਪੈਂਦੇ ਪਿੰਡ ਭੈਰੋਵਾਲ ਨੇੜੇ ਸਰਹੱਦ ਤੋਂ ਨਸ਼ੇ ਦੀ ਖੇਪ ਭੇਜੇ ਜਾਣ ਸਬੰਧੀ ਸੂਚਨਾ ਮਿਲੀ ਸੀ ਜਿਸ ਬਾਅਦ ਮੁਲਜ਼ਮ ਨੂੰ ਦਬੋਚਣ ਲਈ ਪੁਲਿਸ ਵੱਲੋਂ ਜਾਲ ਵਿਛਾਇਆ ਗਿਆ।

ਜ਼ਿਕਰਯੋਗ ਹੈ ਕਿ ਜਿਲ੍ਹਾ ਪ੍ਰਸ਼ਾਸਨ ਵੱਨੋਂ ਨਸ਼ਿਆਂ ਦੀ ਸਪਲਾਈ ਵਿਰੁੱਧ ਜੰਗ ਛੇੜਨ ਉਪਰੰਤ ਪਿਛਲੇ 5 ਮਹੀਨਿਆਂ ਵਿੱਚ ਅੰਮ੍ਰਿਤਸਰ ਪੁਲੀਸ ਵੱਲੋਂ ਨਸ਼ਾ ਤਸਕਰੀ ਦੇ ਕਈ ਰੈਕਟਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਕੁੱਲ 18.426 ਕਿੱਲੋ ਹੈਰੋਇਨ ਅਤੇ 79329 ਨਸ਼ੀਲੇ ਕੈਪਸੂਲ/ਗੋਲੀਆਂ ਬਰਾਮਦੀ ਕੀਤੀਆਂ ਗਈਆਂ ਹਨ।

ਬੁਲਾਰੇ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਇਸ ਸਮੇਂ ਦੌਰਾਨ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਵੱਲੋਂ ਅਟਾਰੀ ਸਰਹੱਦ ਜ਼ਰੀਏ 532 ਕਿੱਲੋ ਨਸ਼ੇ ਦੀ ਤਸਕਰੀ ਦੀ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਮੋਹਾਵਾ ਪਿੰਡ ਦੇ ਆਰਮੀ ਕਾਂਸਟੇਬਲ ਮਲਕੀਤ ਸਿੰਘ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਗਿਆ ਜਿਸ ਪਾਸੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਅਗਸਤ ਦੌਰਾਨ ਇੱਕ ਹੋਰ ਸਫ਼ਲਤਾ ਵਿੱਚ ਜੰਮੂ ਤੇ ਕਸ਼ਮੀਰ ਅਧਾਰਤ ਨਸ਼ਾ ਤਸਕਰ ਮੁਹੰਮਦ ਅਸ਼ਰਫ਼ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ 1 ਕਿੱਲੋ ਹੈਰੋਇਨ, .32 ਬੋਰ ਪਿਸਤੌਲ ਤੇ 61 ਕਾਰਤੂਸ ਸਮੇਤ 23 ਲੱਖ ਦੀ ਡਰੱਗ ਮਨੀ, ਇੱਕ ਸਵਿਫ਼ਟ ਕਾਰ ਅਤੇ ਤਿੰਨ ਮੋਬਾਇਲ ਬਰਾਮਦ ਕੀਤੇ। ਬੁਲਾਰੇ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 7.5 ਕਿੱਲੋਂ ਹੈਰੋਇਨ ਵੀ ਫੜੀ ਗਈ।

ਪੁਲੀਸ ਵੱਲੋਂ ਪਿਛਲੇ ਮਹੀਨੇ ਇੱਕ ਹੋਰ ਨਸ਼ਾ ਤਸਕਰ ਮਨਜਿੰਦਰ ਸਿੰਘ ਵਾਸੀ ਟੋਲਾ ਨੰਗਲ, ਅਜਨਾਲਾ, ਅੰਮ੍ਰਿਤਸਰ (ਦਿਹਾਤੀ) ਦੀ 57 ਕਨਾਲਾਂ ਤੇ 12 ਮਰਲੇ ਜ਼ਮੀਨ ਵੀ ਜ਼ਬਤ ਕੀਤੀ ਗਈ ਸੀ।

ਬੁਲਾਰੇ ਨੇ ਕਿਹਾ ਕਿ ਇਹ ਸਫ਼ਲਤਾਵਾਂ ਜ਼ਿਲ੍ਹਾ ਪੁਲੀਸ ਟੀਮਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਹੀ ਸੰਭਵ ਹੋਈਆਂ ਹਨ। ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ਦੇ ਨਾਲ ਨਾਲ ਅਪਰਾਧਾਂ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਜੇਲ੍ਹ ਇਨਚਾਰਜਾਂ ਨੂੰ ਆਪਣੇ ਨਾਲ ਸਬੰਧਤ ਖੇਤਰਾਂ ਵਿੱਚ ਪਿੰਡ ਪੱਧਰ ’ਤੇ ਮੀਟਿੰਗ ਕਰਕੇ ਅਤੇ ਪਿੰਡ ਦੇ ਨੌਜਵਾਨ ਨਾਲ ਗੱਲਬਾਤ ਰਾਹੀਂ ਨਸ਼ਿਆਂ ਬਾਰੇ ਪੁਖ਼ਤਾ ਜਾਣਕਾਰੀ ਇਕੱਠੀ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸ ਸਾਲ ਮਈ ਮਹੀਨੇ ਤੱਕ ਜ਼ਿਲ੍ਹੇ ਵਿੱਚ ਅਜਿਹੀਆਂ 550 ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੂੰ ਉਨ੍ਹਾਂ ਦੇ ਸ਼ੋਸ਼ਲ ਮੀਡੀਆ ਅਕਾਉਂਟਸ ਜਿਵੇਂ ਫੇਸਬੁੱਕ/ਵਟਸਐਪ ਆਦਿ ’ਤੇ ਸਿੱਧੀ ਸੂਚਨਾ ਦੇਣ ਲਈ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਨਸ਼ਾ ਤਸਕਰਾਂ, ਸਟਰੀਟ ਲੈਵਲ ਨਸ਼ਾ ਤਸਕਰਾਂ ਅਤੇ ਹੋਰ ਗੈਰ ਸਮਾਜਿਕ ਤੱਤਾਂ ਦੇ ਟਿਕਾਣਿਆਂ ’ਤੇ ਛਾਪੇ ਮਾਰਨ ਲਈ ਜ਼ਿਲ੍ਹੇ ਵਿੱਚ ਹਫ਼ਤਾਵਾਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਇੰਟੈਲੀਜੈਂਸ ਅਧਾਰਤ ਨਸ਼ਾ ਵਿਰੋਧੀ ਛਾਪੇਮਾਰੀ ਲਈ 5 ਐਂਟੀ ਨਾਰਕੋ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਵੀ.ਐਚ.ਐਸ. ਕਾਨਫਰੰਸ ਜ਼ਰੀਏ ਇਸ ਸਬੰਧੀ ਪ੍ਰਗਤੀ ਰੋਜ਼ਾਨਾ ਅਤੇ ਹਫ਼ਤਾਵਾਰ ਅਧਾਰ ’ਤੇ ਨਜ਼ਰ ਰੱਖ ਰਹੀਆਂ ਹਨ। ਐਸ.ਐਸ.ਪੀ. ਦੀ ਮੁਕੰਮਲ ਨਿਗਰਾਨੀ ਹੇਠ ਡੀ.ਐਸ.ਪੀ. ਐਂਟੀ-ਨਾਰਕੋ ਸੈੱਲ ਦੀਆਂ ਹਦਾਇਤਾਂ ਅਨੁਸਾਰ ਹੁਣ ਤੱਕ ਅਜਿਹੀਆਂ 950 ਤੋਂ ਜ਼ਿਆਦਾ ਛਾਪੇਮਾਰੀਆਂ ਕੀਤੀਆਂ ਗਈਆਂ ਹਨ।

Share News / Article

Yes Punjab - TOP STORIES