ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਦੋਸ਼ੀ ਮੌਤ ਦੇ ਘਾਟ ਉਤਾਰਿਆ

ਯੈੱਸ ਪੰਜਾਬ
ਕਪੂਰਥਲਾ, 19 ਦਸੰਬਰ, 2021:
ਸਨਿਚਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਇਕ ਨੌਜਵਾਨ ਨੂੰ ਨਿਹੰਗ ਸਿੰਘਾਂ ਅਤੇ ਹੋਰਨਾਂ ਵੱਲੋਂ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਮਾਮਲੇ ਦੇ 24 ਘੰਟਿਆਂ ਦੇ ਅੰਦਰ ਅੰਦਰ ਹੀ ਇਸੇ ਢੰਗ ਦੀ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ।

ਐਤਵਾਰ ਤੜਕੇ ਕਪੂਰਥਲਾ ਵਿੱਚ ਕਪੂਰਥਲਾ-ਸੁਭਾਨਪੋਰ ਰੋਡ ’ਤੇ ਸਥਿਤ ਪਿੰਡ ਨਿਜ਼ਾਮਪੁਰ ਮੌੜ ਵਿੱਚ ਬੇਅਦਬੀ ਕਰਨ ਲਈ ਦਾਖ਼ਲ ਹੋਏ ਇਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਦੀ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਉਸਤੋਂ ਪੁੱਛਗਿੱਛ ਕੀਤੀ ਗਈ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਇਕ ਵੀਡੀਓ ਵਾਇਰਲ ਕਰਕੇ ਸੰਗਤਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਰਾਤ ਨੂੰ ਪਿੰਡ ਨਿਜ਼ਾਮਪੁਰ ਮੌੜ ਦੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਅਤੇ ਨਿਸ਼ਾਨ ਸਾਹਿਬ ਨਾਲ ਛੇੜ ਛਾੜ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਸ ਵੀਡੀਓ ਵਿੱਚ ਦੱਸਿਆ ਕਿ ਇਹ ਵਿਅਕਤੀ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਜਾਂ ਸੁਖ਼ਾਸਨ ਵਾਲੇ ਕਮਰੇ ਤਕ ਨਹੀਂ ਸੀ ਗਿਆ ਪਰ ਉਸਨੇ ਸੁਖ਼ਮਨੀ ਸਾਹਿਬ ਵਾਲੇ ਕਮਰੇ ਵਿੱਚ ਫ਼ਰੋਲਾ ਫ਼ਰਾਲੀ ਕੀਤੀ ਸੀ ਅਤੇ ਬਾਅਦ ਵਿੱਚ ਨਿਸ਼ਾਨ ਸਾਹਿਬ ਦੇ ਬੇਪਤੀ ਕਰ ਰਿਹਾ ਸੀ। ਜਦ ਗ੍ਰੰਥੀ ਸਿੰਘ ਨੇ ਉਸਨੂੰ ਜੱਫ਼ਾ ਮਾਰਿਆ ਤਾਂ ਉਹ ਭੱਜ ਖ਼ਲੋਤਾ ਅਤੇ ਧੁੰਦ ਹੋਣ ਕਾਰਨ ਕਿਤੇ ਲੁਕ ਗਿਆ ਜਿਸਨੂੰ ਬਾਅਦ ਵਿੱਚ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ।

ਇਸ ਵਿਅਕਤੀ ਤੋਂ ਕਈ ਘੰਟੇ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਕੇਵਲ ਇਹੀ ਦੱਸਿਆ ਕਿ ਉਹ ਦਿੱਲੀ ਤੋਂ ਆਇਆ ਹੈ ਅਤੇ ਉਸਨੇ ਕੋਈ ਵੀ ਹੋਰ ਗੱਲ ਨਹੀਂ ਦੱਸੀ। ਬਾਅਦ ਵਿੱਚ ਪੁਲਿਸ ਮੌਕੇ ’ਤੇ ਪੁੱਜੀ ਪਰ ਇਹ ਵਿਅਕਤੀ ਇਕ ਕਮਰੇ ਵਿੱਚ ਬੰਦ ਕੀਤਾ ਗਿਆ ਸੀ ਜਿਸ ਦਾ ਦਰਵਾਜ਼ਾ ਤੋੜ ਕੇ ਇਕੱਤਰ ਹੋਏ ਹਜੂਮ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰਦੁਆਰੇ ਵਿੱਚ ਹਾਜ਼ਰ ਲੋਕਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਫ਼ੜੇ ਗਏ ਵਿਅਕਤੀ ਦਾ ਸੋਧਾ ਲਗਾ ਦਿੱਤਾ ਗਿਆ ਹੈ।

ਇਸੇ ਦੌਰਾਨ ਕਪੂਰਥਲਾ ਦੇ ਐਸ.ਐਸ.ਪੀ. ਸ: ਹਰਕਮਲਪ੍ਰੀਤ ਸਿੰਘ ਖੱਖ ਨੇ ਦਾਅਵਾ ਕੀਤਾ ਹੈ ਕਿ ਇਹ ਬੇਅਦਬੀ ਦਾ ਮਾਮਲਾ ਨਹੀਂ ਹੈ ਅਤੇ ਉਕਤ ਵਿਅਕਤੀ ਚੋਰੀ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਇਆ ਸੀ। ਇਸ ਦੇ ਬਾਵਜੂਦ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਬੇਅਦਬੀ ਦੀ ਨੀਅਤ ਨਾਲ ਹੀ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ