ਚੰਡੀਗੜ੍ਹ, 31 ਜਨਵਰੀ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ‘ਚ ਵੱਡੀ ਮਾਤਰਾ ‘ਚ ਫੜੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਕਿ ਇਸ ਡਰੱਗ ਮਾਫ਼ੀਆ ਦੇ ਮਗਰਮੱਛਾਂ ਨੂੰ ਤੱਥਾਂ-ਸਬੂਤਾ ਨਾਲ ਹੱਥ ਪਾਇਆ ਜਾ ਸਕੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ‘ਚ ਫੜੀ ਗਈ ਇਸ ਡਰੱਗ ਫ਼ੈਕਟਰੀ ਦਾ ਸਿੱਧਾ ਸਿਆਸੀ ਸੰਬੰਧ ਜੱਗ ਜ਼ਾਹਿਰ ਹੋ ਗਿਆ ਹੈ। ਇਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ਖਾ ਰਹੇ ਡਰੱਗ ਮਾਫ਼ੀਆ ਨੂੰ ਸਿਆਸਤਦਾਨਾਂ ਦੀ ਸਿੱਧੀ ਸਰਪ੍ਰਸਤੀ ਹਾਸਲ ਹੈ ਅਤੇ ਸੂਬੇ ‘ਚ ਬਾਦਲਾਂ ਦੇ ਰਾਜ ਦੌਰਾਨ ਨਸ਼ਿਆਂ ਦੀ ਜੜ ਲੱਗੀ ਸੀ, ਜਿਸ ਨੂੰ ਕੈਪਟਨ ਸਰਕਾਰ ਵੀ 3 ਸਾਲਾਂ ਤੱਕ ਪਾਲਦੀ ਰਹੀ।
ਹਰਪਾਲ ਸਿੰਘ ਚੀਮਾ ਕਿਹਾ ਕਿ ਜਿਸ ਘਰ ‘ਚ ਇਹ ਡਰੱਗ ਫ਼ੈਕਟਰੀ ਚੱਲ ਰਹੀ ਸੀ, ਉਹ ਅਕਾਲੀ ਦਲ (ਬਾਦਲ) ਦਾ ਸੀਨੀਅਰ ਆਗੂ ਅਤੇ ਐਸ.ਐਸ.ਐਸ ਬੋਰਡ ਦਾ ਸਾਬਕਾ ਮੈਂਬਰ ਅਨਵਰ ਮਸੀਹ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਕੀਤਾ ਕਿ ਐਨੇ ਧੜੱਲੇ ਨਾਲ ਚੱਲ ਰਹੀ ਡਰੱਗ ਫ਼ੈਕਟਰੀ ਦੀ ਭਿਣਕ ਪੁਲਸ-ਪ੍ਰਸ਼ਾਸਨ ਜਾਂ ਸੱਤਾਧਾਰੀ ਸਿਆਸਤਦਾਨਾਂ ਨੂੰ ਨਾ ਹੋਵੇ? ਇਹ ਹੋ ਨਹੀਂ ਸਕਦਾ। ਇਸ ਲਈ ਇਸ ਮਾਮਲੇ ਦੀ ਹਾਈਕੋਰਟ ਦੇ ਜੱਜ ਦੀ ਅਗਵਾਈ ਵਾਲੀ ਕਮੇਟੀ ਬਾਰੀਕੀ ਨਾਲ ਜਾਂਚ ਕਰੇ ਤਾਂ ਕਿ ਇਹ ਸੱਚ ਸਾਹਮਣੇ ਆ ਸਕੇ ਕਿ ਕੈਪਟਨ ਸਰਕਾਰ ‘ਚ ਕਿਹੜੀ-ਕਿਹੜੀ ਕੜੀ ਤਿੰਨ ਸਾਲਾਂ ਤੱਕ ਇਸ ਫ਼ੈਕਟਰੀ ਅਤੇ ਫ਼ੈਕਟਰੀ ਮਾਲਕ ਨੂੰ ਸਰਪ੍ਰਸਤੀ ਦਿੰਦੀ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਰੋਜ਼ ਡਰੱਗ ਓਵਰ ਡੋਜ਼ ਨਾਲ ਨੌਜਵਾਨਾਂ ਦੇ ਮਰਨ ਦੀਆਂ ਅਖ਼ਬਾਰਾਂ-ਮੀਡੀਆ ‘ਚ ਛਪ ਰਹੀਆਂ ਸੁਰਖ਼ੀਆਂ ਵੀ ਕੈਪਟਨ ਸਰਕਾਰ ‘ਤੇ ਅਸਰ ਨਹੀਂ ਕਰ ਰਹੀਆਂ। ਜਿਸ ਦੀ ਅਸਲ ਵਜਾ ਇਹ ਹੀ ਹੋ ਸਕਦੀ ਹੈ ਕਿ ਪਿਛਲੀ ਸਰਕਾਰ ਵਾਂਗ ਸੱਤਾਧਾਰੀ ਕਾਂਗਰਸੀ ਵੀ ਇਸ ਕਾਲੇ ਕਾਰੋਬਾਰ ‘ਚ ਹਿੱਸੇਦਾਰ ਹੋਣਗੇ, ਜਿਸ ਕਾਰਨ ਪੁਲਸ-ਪ੍ਰਸ਼ਾਸਨ ਮੂਕ ਦਰਸ਼ਕ ਬਣੀ ਹੋਈ ਹੈ।