ਅੰਮ੍ਰਿਤਸਰ ’ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋੋਲੀਬਾਰੀ, ਜ਼ਖ਼ਮੀ ਹੋਇਆ ਨਾਮੀ ਗੈਂਗਸਟਰ ਕਾਬੂ

ਯੈੱਸ ਪੰਜਾਬ
ਅੰਮ੍ਰਿਤਸਰ, 9 ਜੁਲਾਈ, 2019 –
ਅੰਮ੍ਰਿਤਸਰ ਵਿਚ ਮੰਗਲਵਾਰ ਤੜਕੇ ਪੁਲਿਸ ਅਤੇ ਕੁਝ ਭਗੌੜੇ ਗੈਂਗਸਟਰਾਂ ਵਿਚ ਹੋਈ ਇਕ ਮੁਠਭੇੜ ਦੌਰਾਨ ਇਕ ਨਾਮੀ ਗੈਂਗਸਟਰ ਦੇ ਜ਼ਖ਼ਮੀ ਹੋ ਜਾਣ ਅਤੇ ਪੁਲਿਸ ਵੱਲੋਂ ਉਸਨੂੰ ਕਾਬੂ ਕਰ ਲਏ ਜਾਣ ਦੀ ਖ਼ਬਰ ਹੈ।

ਪੁਲਿਸ ਨੇ ਇਸ ਸਾਰੇ ਮਾਮਲੇ ਬਾਰੇ ਅਜੇ ਬੁਲ੍ਹ ਸੀਤੇ ਹੋਏ ਹਨ ਅਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਤੜਕੇ ਤਿੰਨ ਚਾਰ ਵਜੇ ਪੁਲਿਸ ਅਤੇ ਗੈਂਗਸਟਰਾਂ ਵਿਚ ਹੋਈ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਇਆ ਤਰਨ ਤਾਰਨ ਜ਼ਿਲ੍ਹੇ ਦਾ ਨਾਮੀ ਗੈਂਗਸਟਰ ਰੂਬਲਪ੍ਰੀਤ ਕਾਬੂ ਕੀਤਾ ਗਿਆ ਹੈ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸੂਤਰਾਂ ਅਨੁਸਾਰ 3 ਗੈਂਗਸਟਰਾਂ ਪੁਲਿਸ ਨਾਲ ਆਹਮੋ ਸਾਹਮਣਾ ਹੋਇਆ ਅਤੇ ਜ਼ਖ਼ਮੀ ਰੂਬਲਪ੍ਰੀਤ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਖਬਰ ਇਹ ਵੀ ਹੈ ਕਿ ਦੂਜੇ ਦੋ ਗੈਂਗਸਟਰ ਵੀ ਕਾਬੂ ਕਰ ਲਏ ਗਏ ਹਨ।

ਇਨ੍ਹਾਂ ਗੈਂਗਸਟਰਾਂ ਦਾ ਪਿਛੋਕੜ ਗੋਇੰਦਵਾਲ ਦੇ ਇਕ ਪਿੰਡ ਦੀ ਸਰਪੰਚੀ ਸੰਬੰਧੀ ਬੀਤੇ ਵਿਚ ਹੋਏ ਇਕ ਖ਼ੂਨੀ ਝਗੜੇ ਨੂੰ ਦੱਸਿਆ ਜਾ ਰਿਹਾ ਹੈ ਜਿਸ ਦੌਰਾਨ ਦੋਹਾਂ ਧਿਰਾਂ ਦੇ ਦੋ ਦੋ ਵਿਅਕਤੀ ਮਾਰੇ ਗਏ ਸਨ। ਉਦੋਂ ਤੋਂ ਹੀ ਦੋਹਾਂ ਧਿਰਾਂ ਨਾਲ ਸੰਬੰਧਤ ਨੌਜਵਾਨ ਜਿਨ੍ਹਾਂ ਵਿਚ ਗੈਂਗਸਟਰ ਵੀ ਸ਼ਾਮਿਲ ਹਨ ਘਰਾਂ ਤੋਂ ਭੱਜੇ ਹੋਏ ਸਨ ਅਤੇ ਉਹ ਪੁਲਿਸ ਨੂੰ ਲੋੜੀਂਦੇ ਸਨ।

ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖ਼ਬਰ ਮਿਲੀ ਤਾਂ ਉਹ ਅੰਮ੍ਰਿਤਸਰ ਪੁੱਜੇ ਅਤੇ ਮੰਨਿਆਂ ਕਿ ਉਨ੍ਹਾਂ ਦੇ ਨੌਜਵਾਨ ਲੜਕੇ ਪਹਿਲੇ ਝਗੜੇ ਤੋਂ ਬਾਅਦ ਹੀ ਘਰਾਂ ਤੋਂ ਗਾਇਬ ਹਨ ਪਰ ਉਨ੍ਹਾਂ ਇਸ ਗੱਲ ’ਤੇ ਚਿੰਤਾ ਵੀ ਪ੍ਰਗਟਾਈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਨੌਜਵਾਨਾਂ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Share News / Article

Yes Punjab - TOP STORIES