ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ਅਤੇ ਹਸਪਤਾਲਾਂ ’ਚ ਪੀ.ਜੀ.ਆਈ. ਦੀ ਤਰਜ਼ ਤੇ ਮਿਲਣਗੀਆਂ ਸੇਵਾਵਾਂ: ਸੋਨੀ

ਲੁਧਿਆਣਾ, 16 ਨਵੰਬਰ, 2019 –

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪਟਿਆਲਾ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਤੋਂ ਜਲਦ ਹੀ ਪੀ. ਜੀ. ਆਈ. ਦੀ ਤਰਜ਼ ‘ਤੇ ਸਿਹਤ ਸੇਵਾਵਾਂ ਮਿਲਿਆ ਕਰਨਗੀਆਂ। ਉਹ ਅੱਜ ਸਥਾਨਕ ਗਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਰੰਗਾਰੰਗ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਹਨਾਂ ਨਾਲ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੀ ਮੌਜੂਦ ਸਨ।

ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਹੀ ਇਹਨਾਂ ਦੋ ਅਹਿਮ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਹਰ ਸਹੂਲਤ ਨਾਲ ਲੈੱਸ ਕਰਨ ਦੇ ਨਾਲ-ਨਾਲ ਇਹਨਾਂ ਸੰਸਥਾਵਾਂ ਦੀ ਕਾਰਜਕੁਸ਼ਲਤਾ ਵਿੱਚ ਸਰਲਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਮਾਹਿਰ ਅਤੇ ਹੋਰ ਡਾਕਟਰਾਂ ਦੀ ਭਾਰੀ ਕਮੀ ਸੀ, ਜਿਸ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ।

ਦਿਨੋਂ ਦਿਨ ਵੱਧ ਰਹੇ ਹਵਾ ਪ੍ਰਦੂਸ਼ਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਭਾਵੇਂਕਿ ਹਵਾ ਪ੍ਰਦੂਸ਼ਣ ਪਿਛਲੇ ਦਿਨਾਂ ਦੌਰਾਨ ਕਾਫੀ ਵਧਿਆ ਹੋਇਆ ਹੈ ਪਰ ਇਸ ਤੋਂ ਹੋਣ ਵਾਲੇ ਨੁਕਸਾਨਾਂ ਦੇ ਰਾਹਤ ਕਾਰਜਾਂ ਲਈ ਪੰਜਾਬ ਸਰਕਾਰ ਪੂਰੀ ਤਰਾਂ ਸੁਹਿਰਦ ਹੈ। ਉਹਨਾਂ ਕਿਹਾ ਕਿ ਵਧੇ ਹੋਏ ਪ੍ਰਦੂਸ਼ਣ ਲਈ ਇਕੱਲੇ ਕਿਸਾਨਾਂ ਨੂੰ ਹੀ ਕਸੂਰਵਾਰ ਠਹਿਰਾਉਣਾ ਵੀ ਠੀਕ ਨਹੀਂ ਹੈ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜ ਕੇ ਇਸ ਨੂੰ ਆਪਣੇ ਖੇਤਾਂ ਵਿੱਚ ਹੀ ਵਾਹੁਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖੀ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁੱਢਾ ਨਾਲਾ ਦੀ ਸਫਾਈ ਅਤੇ ਸੁੰਦਰੀਕਰਨ ਲਈ ਬਕਾਇਦਾ ਖਾਕਾ ਤਿਆਰ ਕੀਤਾ ਗਿਆ ਹੈ। ਜਿਸ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਵੀ ਭੇਟ ਕੀਤਾ। ਉਹਨਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਇਕੱਠੇ ਹੋ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ।

ਇਸ ਤੋਂ ਉਪਰੰਤ ਮੁੱਖ ਮਹਿਮਾਨ ਸ੍ਰੀ ਸੋਨੀ ਨੂੰ ਐਨ.ਸੀ.ਸੀ. ਕੈਡੇਟਸ ਦੁਆਰਾ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰੋਗਰਾਮ ਦਾ ਆਰੰਭ ਉਹਨਾਂ ਦੀਪ ਜਗਾ ਕੇ ਕੀਤਾ। ਰੰਗਾਰੰਗ ਪ੍ਰੋਗਰਾਮ ਪੰਜਾਬੀ ਵਿਰਸਾ ਦਾ ਆਰੰਭ ਦੁਰਗਾ ਬੰਦਨਾ ਨਾਲ ਕੀਤਾ ਗਿਆ। ਸ੍ਰੀ ਸੋਨੀ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਨੈਤਿਕ ਮੁੱਲਾਂ ਦਾ ਮਹੱਤਵ ਦੱਸਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਗਿਆਨ ਹੈ ਜੋ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਹੋਣਗੇ।

ਉਹਨਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਵਿੱਚ ਉਤਸ਼ਾਹ ਦੀ ਭਾਵਨਾ ਜਗਾ ਕੇ ਸਮਾਜਿਕ ਬੁਰਾਈਆਂ ਤੋਂ ਬਚਾਉਂਦੇ ਹੋਏ ਉਹਨਾਂ ਨੂੰ ਨਿਰਸਵਾਰਥ ਸੇਵਾ ਸਿਖਾਉਣੀ ਚਾਹੀਦੀ ਹੈ। ਉਹਨਾਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਪ੍ਰਿੰਸੀਪਲ ਸ਼੍ਰੀਮਤੀ ਬਲਦੀਪ ਪੰਧੇਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੁਆਰਾ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਲਗਾਤਾਰ ਸਕੂਲ ਦੀ ਹੋ ਰਹੀ ਉੱਨਤੀ ਬਾਰੇ ਦੱਸਿਆ। ਵਿਦਿਆਰਥੀਆਂ ਦੁਆਰਾ ਕੀਤੀਆਂ ਅਲੱਗ ਅਲੱਗ ਪੇਸ਼ਕਸ਼ਾਂ ਵਿੱਚ ਉਹਨਾਂ ਨੇ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ।

ਨਾਟਕ ‘ਹੀਰ ਰਾਂਝਾ’ ਵਿੱਚ ਪੰਜਾਬੀ ਵਿਰਸੇ ਨੂੰ ਦਿਖਾਇਆ ਗਿਆ। ਡਾਂਸ ਪ੍ਰਫੋਰਮੈਂਸ ‘ਫਿੱਟ ਇੰਡੀਆ’ ਅਤੇ ‘ਨਵਰਸ’ ਨੇ ਤਾਂ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਰੰਗ ਬਿਰੰਗੇ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਪੰਜਾਬ ਦਾ ਲੋਕ ਨਾਚ ਪੇਸ਼ ਕੀਤਾ। ਗਰੀਨ ਲੈਂਡ ਸਕੂਲ ਦੇ ਚੇਅਰਮੈਨ-ਕਮ-ਡਾਇਰੈਕਟਰ ਡਾ. ਰਾਜੇਸ਼ ਰੁਦਰਾ ਨੇ ਸ਼੍ਰੀ ਸੋਨੀ ਦਾ ਸਕੂਲ ਪਹੁੰਚਣ ‘ਤੇ ਧੰਨਵਾਦ ਕੀਤਾ।

Share News / Article

Yes Punjab - TOP STORIES