ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਕਾਹਲੋਂ ਦਾ ਹੋਏਗਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

ਲੁਧਿਆਣਾ, 6 ਜੁਲਾਈ 2019 –

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਵਿੱਚ ਮੱਲਾਂ ਮਾਰਨ ਵਾਲੇ ਸੂਬੇ ਦੇ 93 ਖਿਡਾਰੀਆਂ ਨੂੰ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ।

ਪੰਜਾਬ ਦੇ ਇਸ ਵੱਕਾਰੀ ਖੇਡ ਐਵਾਰਡ ਨੂੰ ਹਾਸਲ ਕਰਨ ਵਾਲੇ ਹਰ ਖਿਡਾਰੀ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿੱਚ ਘੋੜੇ ‘ਤੇ ਸਵਾਰ ਟਰਾਫੀ,ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ। ਜਗਦੀਪ ਸਿੰਘ ਨੇ ਸਾਈਕਲਿੰਗ ਖੇਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਜਿਸ ਵਿੱਚ ਜਗਦੀਪ ਸਿੰਘ ਨੇ 2002 ਤੋ 2009 ਤੱਕ ਲਗਾਤਾਰ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਕੌਮੀ ਪੱਧਰ ਤੇ ਸੋਨ ਤਗਮੇ ਜਿੱਤੇ। 2006 ਤੇ 2009 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣ ਕੇ ਨਵਾਂ ਕਿਰਤੀਮਾਨ ਰਚਿਆ। 2007 ਵਿੱਚ ਨੈਸ਼ਨਲ ਗੇਮਾਂ ਵਿੱਚ ਵੀ ਜਗਦੀਪ ਸਿੰਘ ਨੇ ਪੰਜਾਬ ਲਈ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ 2007 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ।

ਜੋ ਸਾਈਕਲਿੰਗ ਇਤਿਹਾਸ ਦਾ ਸਭ ਤੋ ਲੰਮੇ ਸਮੇਂ ਤੱਕ ਨਾ ਟੁੱਟਣ ਵਾਲੇ ਰਾਸ਼ਟਰੀ ਰਿਕਾਰਡਾਂ ਵਿੱਚੋ ਇੱਕ ਸੀ ।ਜਗਦੀਪ ਸਿੰਘ ਸਾਈਕਲਿੰਗ ਦੇ ਪਰਸ਼ੂਟ ਈਵੈਂਟ ਵਿੱਚ ਪੰਜ ਵਾਰ ਲਗਾਤਾਰ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤਿਆ।

ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਲਈ 12 ਸੋਨ ਤਗਮੇ ਸਮੇਤ ਕੁੱਲ 23 ਤਗਮੇ ਜਿੱਤੇ।ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਈਕਲਿੰਗ ਟੀਮ ਦੀ ਕਪਤਾਨੀ ਵੀ ਕੀਤੀ।ਇਨ੍ਹਾਂ ਸਾਰੀਆਂ ਖੇਡਾਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕਰਨਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਪ ਸਿੰਘ ਕਈ ਅਹਿਮ ਖੇਡਾਂ ਨਾਲ ਸੰਬੰਧਿਤ ਅਹੁਦਿਆ ਤੇ ਕੰਮ ਕਰ ਰਹੇ ਹਨ, ਜਗਦੀਪ ਸਿੰਘ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ।ਜਗਦੀਪ ਸਿੰਘ ਭਾਰਤ ਸਰਕਾਰ ਦੀ ਖੇਲੋ ਇੰਡੀਆ ਸਕੀਮ ਦੇ ਟੀ.ਸੀ.ਐੱਸ ਕਮੇਟੀ ਦੇ ਮੈਂਬਰ ਹਨ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਕਨੀਕੀ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ। ਜਗਦੀਪ ਸਿੰਘ ਨੇ ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ, ਸਾਈਕਲਿੰਗ ਏਸ਼ੀਆ ਕੱਪ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿੱਚ ਤਕਨੀਕੀ ਅਧਿਕਾਰੀ ਤੌਰ ਤੇ ਕੰਮ ਕਰ ਚੱਕੇ ਹਨ ।

ਪਿਛਲੇ ਸਾਲ ਹੋਈ ਵਿਸ਼ਵ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਵੀ ਜਗਦੀਪ ਸਿੰਘ ਨੂੰ ਭਾਰਤ ਸਰਕਾਰ ਤੇ ਰੇਲਵੇ ਬੋਰਡ ਨੇ ਤਕਨੀਕੀ ਅਧਿਕਾਰੀ ਨਿਯੁਕਤ ਸੀ। ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ, ਨਰਿੰਦਰਪਾਲ ਸਿੰਘ ਸਿੱਧੂ ਏ. ਆਈ. ਜੀ ਫਿਰੋਜ਼ਪੁਰ, ਓਲੰਪੀਅਨ ਮਨਦੀਪ ਕੌਰ (ਡੀ.ਐੱਸ.ਪੀ), ਜਿਲ੍ਹਾ ਖੇਡ ਅਫ਼ਸਰ ਮਾਨਸਾ ਹਰਪਿੰਦਰ ਸਿੰਘ ਅੰਤਰਰਾਸ਼ਟਰੀ ਅਥਲੀਟ ਤੇ ਯੂਨੀਅਨ ਦੇ ਜਨਰਲ ਸਕੱਤਰ ਚਰਨਜੀਤ ਬਾਜਵਾ ਅਤੇ ਹੋਰ ਖੇਡ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਨੇ ਜਗਦੀਪ ਸਿੰਘ ਨੂੰ ਵਧਾਈ ਦਿੱਤੀ।

Share News / Article

Yes Punjab - TOP STORIES