ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਾਏਪੁਰ ’ਚ ਖਾਲਸਈ ਜਾਹੋ ਜਲਾਲ ਨਾਲ ਹੋਇਆ ਸਵਾਗਤ, ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ

ਅੰਮ੍ਰਿਤਸਰ, 8 ਸਤੰਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਛੱਤੀਸਗੜ੍ਹ ਦੇ ਸ਼ਹਿਰ ਰਾਏਪੁਰ ਵਿਖੇ ਰਾਤ ਦਾ ਵਿਸ਼ਰਾਮ ਕਰਨ ਮਗਰੋਂ ਅੱਜ ਖਾਲਸਈ ਰਵਾਇਤਾਂ ਅਨੁਸਾਰ ਸੰਗਤ ਦੀ ਭਰਵੀਂ ਸ਼ਮੂਲੀਅਤ ਦੌਰਾਨ ਗੋਂਦੀਆ (ਮਹਾਰਾਸ਼ਟਰ) ਲਈ ਰਵਾਨਾ ਹੋ ਗਿਆ ਹੈ।

ਰਵਾਨਗੀ ਤੋਂ ਪਹਿਲਾਂ ਇਥੇ ਗੁਰਦੁਆਰਾ ਬਾਬਾ ਬੁੱਢਾ ਜੀ ਤੇਲੀਬੰਦਾ ਵਿਚ ਸਜਾਏ ਗਏ ਧਾਰਮਿਕ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਜਿਥੇ ਨਗਰ ਕੀਰਤਨ ਦੇ ਭਰਵੇਂ ਸਵਾਗਤ ਲਈ ਸਥਾਨਕ ਸਿੱਖ ਪ੍ਰਤੀਨਿਧਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।

ਇਸ ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਪ੍ਰਧਾਨ ਸ. ਗੁਰਮੁੱਖ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲ ਕੇ ਆਏ ਨਗਰ ਕੀਰਤਨ ਦੇ ਦਰਸ਼ਨ ਦੀਦਾਰ ਦਾ ਸੰਗਤ ਨੂੰ ਸੁਭਾਗ ਮਿਲਣਾ ਜੀਵਨ ਦੇ ਬਿਹਤਰ ਪਲ ਹਨ।

ਇਸੇ ਦੌਰਾਨ ਰਾਏਪੁਰ ਤੋਂ ਜਾਣਕਾਰੀ ਦਿੰਦਿਆਂ ਸ. ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਇਥੇ ਇੱਕ ਲੱਖ ਤੋਂ ਵੱਖ ਸਿੱਖ ਵਸਦੇ ਹਨ, ਜਿਨ੍ਹਾਂ ਵਿੱਲੋਂ ਬਹੁਗਿਣਤੀ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਥਾਂ ਥਾਂ ਲਗਾਏ ਲੰਗਰਾਂ ਵਿਚ ਵੱਖ ਵੱਖ ਪਕਵਾਨਾਂ, ਚਾਹ-ਪਾਣੀ, ਫਰੂਟ ਅਦਿ ਨਾਲ ਸੇਵਾ ਕੀਤੀ ਗਈ।

ਰਾਏਪੁਰ ਦੇ ਕਾਰੋਬਾਰੀ ਲੋਕਾਂ ਵੱਲੋਂ ਵੀ ਆਪੋ ਅਪਣੀਆਂ ਦੁਕਾਨਾਂ ਦੇ ਬਾਹਰ ਸਵਾਗਤੀ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਊਧਮ ਸਿੰਘ ਨਗਰ ਤਾਤੀਬੰਦ ਵਿਖੇ ਸਥਾਨਕ ਵਿਧਾਇਕ ਸ੍ਰੀ ਵਿਕਾਸ ਉਪਾਧਿਆਏ ਵੀ ਨਗਰ ਕੀਰਤਨ ਦੇ ਸਵਾਗਤ ਲਈ ਪਹੁੰਚੇ।

ਇਸ ਤੋਂ ਇਲਾਵਾ ਸਥਾਨਕ ਸਿੱਖ ਪ੍ਰਤੀਨਿਧਾਂ ਵਿਚ ਸ. ਮਹਿੰਦਰ ਸਿੰਘ ਖਾਲਸਾ, ਸ. ਗੁਰਮੁੱਖ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਪ੍ਰਧਾਨ ਸ. ਗੁਰਮੁੱਖ ਸਿੰਘ, ਸਕੱਤਰ ਸ. ਹਰਕਿਸ਼ਨ ਸਿੰਘ, ਸਿੱਖ ਮਿਸ਼ਨ ਰਾਏਪੁਰ ਦੇ ਇੰਚਾਰਜ ਗਿਆਨੀ ਗੁਰਮੀਤ ਸਿੰਘ ਸੈਣੀ, ਜਥੇਦਾਰ ਬਾਬਾ ਸਾਹਿਬ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਲ, ਸ. ਬਲਦੇਵ ਸਿੰਘ. ਸ. ਦਲੇਰ ਸਿੰਘ, ਭਾਈ ਜਗਤਾਰ ਸਿੰਘ, ਬਾਬ ਦਲੀਪ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸ. ਰਜਵੰਤ ਸਿੰਘ ਆਦਿ ਮੌਜੂਦ ਸਨ।

Share News / Article

Yes Punjab - TOP STORIES