ਅੰਤਰਰਾਸ਼ਟਰੀ ਨਗਰ ਕੀਰਤਨ ਕੱਟਕ ਭੁਵਨੇਸ਼ਵਰ ਤੋਂ ਸੰਬਲਪੁਰ (ਉੜੀਸਾ) ਲਈ ਰਵਾਨਾ

ਅੰਮ੍ਰਿਤਸਰ, 5 ਸਤੰਬਰ, 2019 –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਕੱਟਕ ਭੁਵਨੇਸ਼ਵਰ ਤੋਂ ਅਗਲੇ ਪੜਾਅ ਸੰਬਲਪੁਰ (ਉੜੀਸਾ) ਲਈ ਰਵਾਨਾ ਹੋ ਗਿਆ।

ਦੱਸਣਯੋਗ ਹੈ ਕਿ ਨਗਰ ਕੀਰਤਨ ਦਾ ਹਰ ਪੜਾਅ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਬੀਤੀ ਰਾਤ ਕੱਟਕ ਭੁਵਨੇਸ਼ਵਰ ਵਿਖੇ ਪਹੁੰਚਣ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਕੱਟਕ ਭੁਵਨੇਸ਼ਵਰ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਗਰ ਕੀਰਤਨ ਦੌਰਾਨ ਜਿਥੇ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਜਾ ਰਹੇ ਹਨ, ਉਥੇ ਹੀ ਪੰਜ ਪਿਆਰਿਆਂ ਨੂੰ ਵੀ ਸੰਗਤਾਂ ਸਿਰੋਪਾਓ ਨਾਲ ਸਤਿਕਾਰ ਦੇ ਰਹੀਆਂ ਹਨ। ਇਸ ਦੇ ਨਾਲ ਹੀ ਸੰਗਤਾਂ ਅੰਦਰ ਲੰਗਰਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਣ ਲਈ ਵੀ ਵੱਡਾ ਉਤਸ਼ਾਹ ਹੈ।

ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ’ਚ ਸ਼ਾਮਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਵੀ ਸੰਗਤ ਨੇ ਵਿਸ਼ੇਸ ਰੁਚੀ ਦਿਖਾਈ। ਸ. ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਕੱਟਕ ਤੋਂ ਚੱਲ ਕੇ ਨਗਰ ਕੀਰਤਨ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦਾਤਨ ਸਾਹਿਬ ਵਿਖੇ ਪੁੱਜਾ ਤਾਂ ਇਥੇ ਵੀ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ।

ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਨਾਲ ਸ. ਸਤਪਾਲ ਸਿੰਘ ਪਾਲੀ ਸਲਾਹਕਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਾਜਿੰਦਰ ਸਿੰਘ, ਸੈਕਟਰੀ ਸ. ਜਸਪਾਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਨਾਲ ਸੇਵਾ ਨਿਭਾਅ ਰਹੇ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ ਰੰਧਾਵਾ, ਸ. ਗੁਰਮੇਜ ਸਿੰਘ, ਸ. ਬਲਦੇਵ ਸਿੰਘ, ਸ. ਗੁਰਦੇਵ ਸਿੰਘ, ਸ. ਬਖ਼ਸ਼ੀਸ ਸਿੰਘ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਗੁਰਸੇਵਕ ਸਿੰਘ ਪ੍ਰਚਾਰਕ, ਭਾਈ ਰਾਜਬੀਰ ਸਿੰਘ ਤੇ ਭਾਈ ਖੁਸ਼ਬੀਰ ਸਿੰਘ ਸਮੇਤ ਹੋਰ ਮੌਜੂਦ ਸਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਨਗਰ ਕੀਰਤਨ ਦੇ ਕੋਆਰਡੀਨੇਟਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਹੈ ਕਿ 6 ਸਤੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੋਦੀਪਾਰਾ ਸੰਬਲਪੁਰ ਤੋਂ ਚੱਲ ਕੇ ਕੋਰਬਾ (ਉੜੀਸਾ) ਵਿਖੇ ਵਿਸ਼ਰਾਮ ਕਰੇਗਾ।

Share News / Article

Yes Punjab - TOP STORIES