ਅੰਤਰਰਾਸ਼ਟਰੀ ਨਗਰ ਕੀਰਤਨ ਔਰੰਗਾਬਾਦ ਤੋਂ ਪੂਨੇ ਲਈ ਰਵਾਨਾ

ਅੰਮ੍ਰਿਤਸਰ, 20 ਸਤੰਬਰ, 2019 –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਮਹਾਂਰਾਸ਼ਟਰ ਦੇ ਔਰੰਗਾਬਾਦ ਤੋਂ ਪੂਨੇ ਲਈ ਰਵਾਨਾ ਹੋ ਗਿਆ। ਇਸ ਦੌਰਾਨ ਸੰਗਤ ਦੀ ਭਰਵੀਂ ਸ਼ਮੂਲੀਅਤ ਵਿਚ ਗੁਰਦੁਆਰਾ ਗੁਰੂ ਤੇਗ ਬਹਾਦਰ ਲੰਗਰ ਸਾਹਿਬ ਔਰੰਗਾਬਾਦ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਭਗਵੰਤ ਸਿੰਘ ਸਿਆਲਾਕ ਤੇ ਸ. ਸੁਰਜੀਤ ਸਿੰਘ ਭਿੱਟੇਵਡ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ।

ਇਸ ਤੋਂ ਪਹਿਲਾਂ ਬੀਤੀ ਰਾਤ ਔਰੰਗਾਬਾਦ ਵਿਖੇ ਪਹੁੰਚਣ ’ਤੇ ਨਗਰ ਕੀਰਤਨ ਦਾ ਖ਼ਾਲਸਈ ਜਾਹੋ-ਜਲਾਲ ਨਾਲ ਸਵਾਗਤ ਹੋਇਆ। ਇਥੇ ਸਥਾਨਕ ਵਿਧਾਇਕ ਸ੍ਰੀ ਸੰਦੇਸ਼ ਸੁਭਾਸ਼ ਚੰਬਲ ਨੇ ਵੀ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ। ਸਥਾਨਕ ਸ਼ਹਿਰ ਤੋਂ ਇਲਾਵਾ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਵੀ ਔਰੰਗਾਬਾਦ ਪੁੱਜੀ ਹੋਈ ਸੀ। ਸੰਗਤ ਵੱਲੋਂ ਔਰੰਗਾਬਾਦ ਦੇ ਸਾਰੇ ਮਾਰਗਾਂ ’ਤੇ ਖੂਬਸੂਰਤ ਸਵਾਗਤੀ ਗੇਟ ਬਣਾਏ ਗਏ ਸਨ ਅਤੇ ਥਾਂ-ਥਾਂ ਲੰਗਰ ਵੀ ਲਗਾਏ ਗਏ।

ਔਰੰਗਾਬਾਦ ਤੋਂ ਪੂਨੇ ਲਈ ਰਵਾਨਗੀ ਸਮੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਿਨਹਾਸ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਬਿੰਦਰਾ, ਸ. ਜਸਪਾਲ ਸਿੰਘ ਓਬਰਾਏ, ਸ. ਕੁਲਦੀਪ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਹਰਮੇਸ਼ ਸਿੰਘ, ਸ. ਇੰਦਰਜੀਤ ਸਿੰਘ, ਸ. ਨਰਿੰਦਰ ਸਿੰਘ, ਸ. ਆਦੇਸ਼ਪਾਲ ਸਿੰਘ ਛਾਬੜਾ, ਸ. ਹਰੀ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸ. ਰਜਵੰਤ ਸਿੰਘ ਰੰਧਾਵਾ, ਸ. ਬਖ਼ਸ਼ੀਸ ਸਿੰਘ, ਸ. ਗੁਰਲਾਲ ਸਿੰਘ ਆਦਿ ਮੌਜੂਦ ਸਨ।

Share News / Article

Yes Punjab - TOP STORIES