ਅਮਿਤ ਸ਼ਾਹ ਨੇ ਅਕਾਲੀ ਦਲ ਨੂੰ ਰਵਿਦਾਸ ਮੰਦਿਰ ਦੀ ਪੁਰਾਣੀ ਥਾਂ ਉੱਤੇ ਮੁੜ ਉਸਾਰੀ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ: ਸੁਖ਼ਬੀਰ ਬਾਦਲ

ਚੰਡੀਗੜ੍ਹ, 27 ਅਗਸਤ, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪਾਰਟੀ ਨੂੰ ਭਰੋਸਾ ਦਿਵਾਇਆ ਹੈ ਕਿ ਕੇਂਦਰ ਗੁਰੂ ਰਵੀਦਾਸ ਮੰਦਿਰ ਨੂੰ ਤੁਗਲਕਾਬਾਦ ਵਿਖੇ ਪੁਰਾਣੀ ਥਾਂ ਉਤੇ ਮੁੜ ਉਸਾਰੇ ਜਾਣ ਦੀ ਅਕਾਲੀ ਦਲ ਦੀ ਤਜਵੀਜ਼ ਨੂੰ ਹਮਦਰਦੀ ਨਾਲ ਵਿਚਾਰੇਗਾ ਅਤੇ ਇਸ ਸੰਬੰਧੀ ਆਉਣ ਵਾਲੇ ਸਮੇਂ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਅਕਾਲੀ ਦਲ ਪ੍ਰਧਾਨ ਕੱਲ੍ਹ ਸ਼ਾਮੀਂ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਸਨ। ਦੋਵੇਂ ਆਗੂਆਂ ਨੇ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਇਆ ਸੀ ਕਿ ਲੋਧੀ ਵੰਸ਼ ਵੱਲੋਂ 15ਵੀ ਸਦੀ ਵਿਚ ਰਵੀਦਾਸੀਆ ਭਾਈਚਾਰੇ ਨੂੰ ਦਿੱਤੀ ਹੋਈ ਜਗ੍ਹਾ ਉੱਤੇ ਬਣੇ ਇਸ ਮੰਦਿਰ ਨੂੰ ਢਾਹੁਣ ਨਾਲ ਇਸ ਭਾਈਚਾਰੇ ਦੀਆਂ ਭਾਵਨਾਵਾਂ ਉੱਤੇ ਡੂੰਘੀ ਸੱਟ ਵੱਜੀ ਹੈ। ਦੁਨੀਆਂ ਭਰ ‘ਚ ਬੈਠੇ ਇਸ ਭਾਈਚਾਰੇ ਦੇ ਮੈਬਰਾਂ ਵੱਲੋਂ ਇਸ ਭੁੱਲ ਨੂੰ ਸੁਧਾਰਨ ਦੀ ਇੱਛਾ ਜਤਾਈ ਜਾ ਰਹੀ ਹੈ।

ਸਰਦਾਰ ਬਾਦਲ ਨੇ ਖੁਲਾਸਾ ਕੀਤਾ ਕਿ ਗ੍ਰਹਿ ਮੰਤਰੀ ਨੇ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਮੁੱਦੇ ਉੱਤੇ ਗੌਰ ਕਰਨਗੇ ਅਤੇ ਕੇਂਦਰ ਵੱਲੋਂ ਰਵੀਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕਾਰਵਾਈ ਤਹਿਤ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲੈ ਕੇ ਜਾਣਾ ਵੀ ਸ਼ਾਮਿਲ ਹੈ। ਇਸ ਭਰੋਸੇ ਲਈ ਅਸੀਂ ਕੇਂਦਰ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਮੁੱਦਾ ਜਲਦੀ ਹੱਲ ਹੋ ਜਾਵੇਗਾ।

ਸ੍ਰੀ ਅਮਿਤ ਸ਼ਾਹ ਨੂੰ ਇਸ ਕੇਸ ਬਾਰੇ ਦੱਸਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਤਿਹਾਸਿਕ ਰਿਕਾਰਡ ਅਨੁਸਾਰ ਇਸ ਮੰਦਰ ਵਾਸਤੇ ਰਵੀਦਾਸੀਆ ਭਾਈਚਾਰੇ ਨੂੰ ਇਹ ਜਗ੍ਹਾ ਸੁਲਤਾਨ ਸਿਕੰਦਰ ਲੋਧੀ ਵੱਲੋਂ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਮੰਦਿਰ ਦੀ ਪ੍ਰਬੰਧਕ ਕਮੇਟੀ ਅਦਾਲਤ ਵਿਚ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖ ਸਕੀ, ਜਿਸ ਕਰਕੇ ਉਹ ਇਹ ਕੇਸ ਹਾਰ ਗਈ।

ਸਰਦਾਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਅਕਾਲੀ ਦਲ ਰਵੀਦਾਸੀਆ ਭਾਈਚਾਰੇ ਦੀ ਇੱਛਾ ਅਨੁਸਾਰ ਇਸ ਮੰਦਿਰ ਦੀ ਪਹਿਲਾਂ ਵਾਲੀ ਥਾਂ ਉੱਤੇ ਮੁੜ ਉਸਾਰੀ ਕਰਵਾਉਣ ਲਈ ਵਚਨਬੱਧ ਹੈ ਅਤੇ ਪਾਰਟੀ ਦੇ ਖਰਚੇ ਉੱਤੇ ਅਜਿਹਾ ਕਰਨ ਦੀ ਪੇਸ਼ਕਸ਼ ਵੀ ਦੇ ਚੁੱਕਿਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਪੰਜਾਬ ਦੇ ਸਾਂਝੇ ਸੱਭਿਆਚਾਰ ਦਾ ਹਿੱਸਾ ਹੈ।

ਸਿੱਖ ਭਾਈਚਾਰੇ ਅਤੇ ਪੰਜਾਬੀਆਂ ਵੱਲੋਂ ਇਸ ਮਹਾਨ ਸੰਤ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ।ਇਹ ਮੰਦਿਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੂੰ ਪੁਰਾਣੀ ਥਾਂ ਉੱਤੇ ਹੀ ਮੁੜ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਵਜ੍ਹਾ ਕਰਕੇ ਹੀ ਅਸੀਂ ਤੁਹਾਨੂੰ ਮਿਲੇ ਹਾਂ ਤਾਂ ਕਿ ਇਹ ਮਸਲਾ ਜਲਦੀ ਹੱਲ ਹੋ ਜਾਵੇ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਅਤੇ ਬੀਬਾ ਹਰਸਿਮਰਤ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ।

Share News / Article

Yes Punjab - TOP STORIES