ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਅੰਮ੍ਰਿਤਸਰ, 28 ਸਤੰਬਰ, 2019 –
ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪਹਿਲੇ ਸਿੱਖ ਪੁਲਿਸ ਅਫਸਰ ਸ. ਸੰਦੀਪ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੜੇ ਸ਼ਬਦਾਂ ਵਿਚ ਨਖੇਧੀ ਕੀਤੀ ਗਈ ਹੈ। ਇਸ ਮੰਦਭਾਗੀ ਘਟਨਾ ਨੂੰ ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖਾਂ ਲਈ ਸਦਮੇ ਵਾਲੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ’ਤੇ ਦੁੱਖ ਪ੍ਰਗਟ ਕੀਤਾ।

ਉਨ੍ਹਾਂ ਇਸ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੀ ਮੰਗ ਕੀਤੀ ਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕ ਕੇ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਤੁਰੰਤ ਰਾਬਤਾ ਬਣਾਏ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਅਮਰੀਕਾ ਅੰਦਰ ਸਿੱਖ ਦੀ ਹੱਤਿਆ ਨੂੰ ਅਫਸੋਸਨਾਕ ਦੱਸਿਆ ਹੈ।

ਉਨ੍ਹਾਂ ਸਿੱਖ ਪੁਲਿਸ ਅਫਸਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਡਾ. ਰੂਪ ਸਿੰਘ ਨੇ ਕਿਹਾ ਕਿ ਦੁਨੀਆਂ ਅੰਦਰ ਸਿੱਖਾਂ ਨੇ ਆਪਣੇ ਸੱਭਿਆਚਾਰ ਦੀ ਅਮੀਰੀ ਤੇ ਸਖਤ ਮਿਹਨਤ ਸਦਕਾ ਇੱਕ ਵਿਲੱਖਣ ਪਛਾਣ ਸਾਹਮਣੇ ਲਿਆਂਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਈਰਖਾ ਕਰਨ ਵਾਲੇ ਲੋਕ ਸਿੱਖਾਂ ਨਾਲ ਘਿਰਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਪੁਲਿਸ ਅਫਸਰ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਬਦਲੇ ਗੋਲੀਆਂ ਮਾਰ ਕੇ ਮਾਰ ਦੇਣਾ ਕਿਥੋਂ ਤੱਕ ਜਾਇਜ ਹੈ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕੀ ਇਸ ਵਰਤਾਰੇ ਮਗਰੋਂ ਅੱਗੇ ਤੋਂ ਕੋਈ ਡਿਊਟੀ ਸਮੇਂ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਵਰਜ ਸਕੇਗਾ।

ਅਮਰੀਕਾ ਸਰਕਾਰ ਨੂੰ ਇਸ ਬੇਹੱਦ ਦੁੱਖਮਈ ਘਟਨਾ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਉਥੇ ਵਸਦੇ ਹਰ ਸਿੱਖ ਦੀ ਸੁਰੱਖਿਆ ਨੂੰ ਲਾਜਮੀ ਬਣਾਉਣਾ ਚਾਹੀਦਾ ਹੈ।

Share News / Article

Yes Punjab - TOP STORIES