ਅਧਿਆਪਕਾਂ ਦੇ ਭਖ਼ਦੇ ਮਸਲਿਆਂ ’ਤੇ ਮੋਰਚੇ ਦੀ ਸਿੱਖ਼ਿਆ ਮੰਤਰੀ ਪਰਗਟ ਸਿੰਘ ਨਾਲ ਹੋਈ ਮੀਟਿੰਗ, ਮਸਲੇ ਹੱਲ ਕਰਨ ਦਾ ਮਿਲਿਆ ਭਰੋਸਾ

ਚੰਡੀਗੜ੍ਹ, 17 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਸਾਂਝੇ ਅਧਿਆਪਕ ਮੋਰਚੇ ਵੱਲੋਂ ਬੀਤੇ ਦਿਨੀ ਜਲੰਧਰ ਵਿਖੇ ਕੀਤੇ ਸੂਬਾਈ ਰੋਸ ਮੁਜ਼ਾਹਰੇ ਉਪਰੰਤ, ਮਿਲੇ ਸੱਦੇ ਅਨੁਸਾਰ ਸਿੱਖਿਆ ਮੰਤਰੀ ਸ੍ਰੀ ਪਰਗਟ ਸਿੰਘ ਨਾਲ ਮੋਰਚੇ ਦੇ ਆਗੂਆਂ ਦੀ ਵਿਸਤਾਰਿਤ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਸ੍ਰੀ ਅਜੋਏ ਸ਼ਰਮਾ ਵੀ ਸ਼ਾਮਿਲ ਰਹੇ।

ਮੋਰਚੇ ਵੱਲੋਂ ਸੂਬਾਈ ਕਨਵੀਨਰਜ਼ ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਬਸੋਤਾ ਅਤੇ ਜਸਵਿੰਦਰ ਸਿੰਘ ਔਲਖ, ਸੂਬਾਈ ਕੋ ਕਨਵੀਨਰਜ਼ ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਵਿਨੀਤ ਕੁਮਾਰ ਅਤੇ ਭਰਾਤਰੀ ਆਗੂ ਡਾ: ਕਸ਼ਮੀਰ ਸਿੰਘ ਕੁੰਡਾ ਸ਼ਾਮਿਲ ਹੋਏ।

ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਸੰਘਰਸ਼ੀ ਅਧਿਆਪਕਾਂ ਦੀਆਂ ਪੈਡਿੰਗ ਵਿਕਟੇਮਾਈਜ਼ੇਸ਼ਨਾਂ ਇੱਕ ਹਫਤੇ ਵਿੱਚ ਰੱਦ ਹੋਣਗੀਆਂ ਅਤੇ ਸੰਘਰਸ਼ਾਂ ਦੌਰਾਨ ਅਧਿਆਪਕਾਂ ‘ਤੇ ਦਰਜ ਪੁਲਿਸ ਕੇਸ ਗ੍ਰਹਿ ਵਿਭਾਗ ਰਾਹੀਂ ਰੱਦ ਕੀਤੇ ਜਾਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲ 2018 ਤੋਂ ਬਾਅਦ ਪ੍ਰੋਮੋਟ ਹੋਏ ਲੈਕਚਰਾਰਾਂ ‘ਤੇ ਲਗਾਈ ਵਿਭਾਗੀ ਟੈਸ਼ਟ ਦੀ ਸ਼ਰਤ ਪੂਰਨ ਤੌਰ ‘ਤੇ ਰੱਦ ਕੀਤੀ ਜਾਵੇਗੀ। ਸੇਵਾ ਨਿਯਮਾਂ ਵਿਚਲੀਆਂ ਸਿੱਖਿਆ ਵਿਰੋਧੀ ਤਬਦੀਲੀਆਂ ਨੂੰ ਰਿਵਿਊ ਕਰਨ ‘ਤੇ ਸਿਧਾਂਤਕ ਸਹਿਮਤੀ ਦਿੱਤੀ।

ਪੰਜਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਰੋਕੇ ਰੋਲ ਨੰਬਰ ਬਿਨਾਂ ਜੁਰਮਾਨੇ ਤੋਂ ਜਾਰੀ ਕਰਨ ਦੇ ਨਿਰਦੇਸ਼ ਵੀ ਸਿੱਖਿਆ ਬੋਰਡ ਨੂੰ ਦਿੱਤੇ। ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 ਨੂੰ ਪੰਜਾਬ ਵਿੱਚ ਇੰਨ ਬਿੰਨ ਲਾਗੂ ਕਰਨ ਦੀ ਬਜਾਏ ਸਥਾਨਕ ਹਾਲਾਤਾਂ ਅਨੁਸਾਰ ਸਿੱਖਿਆ ਨੀਤੀ ਤਿਆਰ ਕਰਨ ਦਾ ਭਰੋਸਾ ਦਿੱਤਾ। ਵਿਭਾਗ ਨੂੰ ਹਰੇਕ ਤਰ੍ਹਾਂ ਦੇ ਇੰਸਪੈਕਟਰੀ ਰਾਜ ਤੋਂ ਮੁਕਤ ਰੱਖਣ ਅਤੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪੜਾਅਵਾਰ ਪਿੱਤਰੀ ਸਕੂਲਾਂ ਵਿੱਚ ਭੇਜਣ ਦਾ ਭਰੋਸਾ ਦਿੱਤਾ ਗਿਆ।

ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਦਿਆਂ ਲੱਖਾਂ ਮੁਲਾਜ਼ਮਾਂ ਦਾ ਪੇਂਡੂ ਖੇਤਰ ਭੱਤਾ ਰੋਕਣ ਦਾ ਫ਼ੈਸਲਾ ਵਾਪਸ ਲੈਣ ਅਤੇ ਸਰਹੱਦੀ ਇਲਾਕਾ ਭੱਤਾ, ਹੈਂਡੀਕੈਪਡ ਭੱਤਾ, ਪ੍ਰਯੋਗੀ ਭੱਤਾ, ਟੀਚਿੰਗ ਭੱਤੇ ਸਮੇਤ 37 ਕਿਸਮ ਦੇ ਰੋਕੇ ਸਾਰੇ ਭੱਤਿਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ।

ਇਸੇ ਤਰ੍ਹਾਂ ਸਿੱਧੀ ਭਰਤੀ ਮੁਲਾਜ਼ਮਾਂ ਨੂੰ ਵੀ ਪੁਰਾਣਿਆਂ ਦੀ ਤਰਜ਼ ‘ਤੇ ਪਰਖ ਸਮੇਂ ਦੌਰਾਨ ਨਵੇਂ ਸਕੇਲਾਂ ਅਨੁਸਾਰ ਤਨਖਾਹ ਫਿਕਸ਼ੇਸ਼ਨ ਦੇ ਸਾਰੇ ਲਾਭ ਅਤੇ ਬਕਾਏ ਦੇਣ, ਪਰਖ ਸਮਾਂ ਐਕਟ-2015 ਰੱਦ ਕਰਨ, ਏ.ਸੀ.ਪੀ. ਤਹਿਤ ਅਗਲਾ ਉਚੇਰਾ ਗਰੇਡ ਦੇਣ ਦਾ ਫੈਸਲਾ ਸਮੂਹ ਮੁਲਾਜ਼ਮਾਂ ਲਈ ਲਾਗੂ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲਾਂ ਨਾਲ ਲਿੰਕ ਕਰਨ, ਸਾਰੀਆਂ ਪੈਡਿੰਗ ਭਰਤੀਆਂ ਪੂਰੀਆਂ ਕਰਨ ਅਤੇ ਨਵੇਂ ਇਸ਼ਤਿਹਾਰ ਫੌਰੀ ਜਾਰੀ ਕਰਨ ਦੀ ਮੰਗ ਵੀ ਕੀਤੀ।

ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ “ਬਰਾਬਰ ਕੰਮ ਬਰਾਬਰ ਤਨਖਾਹ” ਦੇ ਨਿਯਮ ਤਹਿਤ ਤਨਖਾਹਾਂ ਤੈਅ ਕੀਤੀਆਂ ਜਾਣ। ਓ.ਡੀ.ਐੱਲ. ਅਧਿਆਪਕਾਂ, ਕੰਪਿਊਟਰ ਫੈਕਲਟੀ, ਆਦਰਸ਼ ਤੇ ਮੈਰੀਟੋਰੀਅਸ ਸਕੂਲ ਸਟਾਫ ਨੂੰ ਵਿਭਾਗ ‘ਚ ਰੈਗੂਲਰ ਕਰਨ ਅਤੇ ਇੱਕ ਹੀ ਭਰਤੀ ਇਸ਼ਤਿਹਾਰ ਲਈ ਦੋ ਵੱਖਰੇ-ਵੱਖਰੇ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕਰਨ ਦੀ ਮੰਗ ਵੀ ਕੀਤੀ ਗਈ।

ਸਿੱਖਿਆ ਸਕੱਤਰ ਵੱਲੋਂ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ‘ਤੇ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕਰਨ ਸਬੰਧੀ ਜਲਦ ਠੋਸ ਫੈਸਲਾ ਲੈਣ ਦੇ ਸੰਕੇਤ ਦਿੱਤੇ ਗਏ। ਵਿਭਾਗ ‘ਚੋਂ ਸਿੱਧੀ ਭਰਤੀ ਹੋਏ ਸਕੂਲ ਮੁੱਖੀਆ ਦਾ ਪਰਖ ਸਮਾਂ ਘਟਾਕੇ ਇੱਕ ਸਾਲ ਕਰਨ ਦੀ ਮੰਗ ਕੀਤੀ ਗਈ।

ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਲਾਗੂ ਕਰਨ ਲਈ 50% ਸਟਾਫ/ਸਿੰਗਲ ਟੀਚਰ/ਬਦਲ ਹੋਣ/ਪਰਖ ਸਮਾਂ ਦੀ ਸ਼ਰਤ ਹਟਾ ਕੇ, ਹੋਈਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤੀ ਜਾਵੇ ਅਤੇ ਅਧਿਆਪਕਾਂ ਦੀ ਘਾਟ ਨੂੰ ਸਥਾਨਕ ਸਿੱਖਿਆ ਬਲਾਕ ‘ਚੋਂ ਪੂਰਾ ਕੀਤਾ ਜਾਵੇ। ਸਕੂਲ ਮੁਖੀਆਂ ਦੀ ਬਦਲੀ ਹੋਣ ਉਪਰੰਤ ਵੀ ਸੈਕੜੇ ਕਿਲੋਮੀਟਰ ਦੂਰ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦਾ ਫੈਸਲਾ ਸਿੱਖਿਆ ਮੰਤਰੀ ਨੇ ਜਲਦ ਵਾਪਿਸ ਲੈਣ ਦਾ ਠੋਸ ਭਰੋਸਾ ਦਿੱਤਾ।

ਮੋਰਚੇ ਵੱਲੋਂ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ ਮੁੜ ਤੋਂ 75% ਕਰਨ ਦੀ ਮੰਗ ਪ੍ਰਤੀ ਸਿੱਖਿਆ ਸਕੱਤਰ ਨੇ ਵਿਚਾਰਨ ਦਾ ਭਰੋਸਾ ਦਿੱਤਾ। ਪ੍ਰਾਇਮਰੀ ਕਾਡਰ ਦੀ ਐੱਚ.ਟੀ., ਸੀ.ਐੱਚ.ਟੀ. ਅਤੇ ਬੀਪੀਈਓ, ਈਟੀਟੀ ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਸੀ.ਐੱਚ.ਟੀ. ਦੀ ਸੀਨੀਆਰਤਾ ਸਟੇਟ ਦੀ ਥਾਂ, ਜਿਲ੍ਹਾ ਕਾਡਰ ਰੱਖਣ ਦੀ ਮੰਗ ਪ੍ਰਤੀ ਅਧਿਆਪਕ ਹਿੱਤਾਂ ਅਨੁਸਾਰ ਫੈਸਲਾ ਕੀਤਾ ਜਾਵੇਗਾ।

ਹਰੇਕ ਪ੍ਰਾਇਮਰੀ ਸਕੂਲ ਵਿੱਚ ਇੱਕ ਜਮਾਤ ਇੱਕ ਅਧਿਆਪਕ ਅਨੁਸਾਰ ਅਸਾਮੀਆਂ ਦੇਣ ਅਤੇ ਹੈਡ ਟੀਚਰ ਦੀ ਪੋਸਟ ਹਰੇਕ ਪ੍ਰਾਇਮਰੀ ਸਕੂਲ ਵਿੱਚ ਲਾਜ਼ਮੀ ਤੌਰ ‘ਤੇ ਦੇਣ, ਪ੍ਰੀ ਪ੍ਰਾਇਮਰੀ ਜਮਾਤਾਂ ਲਈ ਸਾਰੀਆਂ ਸਹੂਲਤਾਂ ਅਤੇ ਅਧਿਆਪਕ ਦੇਣ, ਖਤਮ ਕੀਤੀਆਂ ਸਾਰੀਆਂ ਅਸਾਮੀਆਂ ਸਮੇਤ ਪ੍ਰਾਇਮਰੀ ਐੱਚ.ਟੀ. ਦੀਆਂ 1904 ਪੋਸਟਾਂ ਅਤੇ ਮਿਡਲ ਸਕੂਲਾਂ ਦੀਆਂ ਸੀ.ਐਂਡ.ਵੀ. ਪੋਸਟਾਂ ਬਹਾਲ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਪ੍ਰਤੀ ਵਿਚਾਰ ਕਰਨ ਦੀ ਗੱਲ ਆਖੀ ਗਈ।

ਮੋਰਚੇ ਦੇ ਆਗੂਆਂ ਨੇ ਸੀ.ਐਂਡ.ਵੀ. ਤੋਂ ਮਾਸਟਰ (ਸਮੇਤ ਡੀ.ਪੀ.ਈ.) ਲਈ ਪੈਡਿੰਗ ਤਰੱਕੀ ਪੂਰੀ ਕਰਨ, ਮਾਸਟਰ ਅਤੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀਆਂ ਨੂੰ ਅਪਡੇਟ ਕਰਨ ਅਤੇ ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀ ਤਰੱਕੀਆਂ ਵੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ।

ਸਿੱਖਿਆ ਸਕੱਤਰ ਨੇ ਮੋਰਚੇ ਦੇ ਵਫ਼ਦ ਨੂੰ ਲੈਕਚਰਾਰ ਕਾਡਰ ਦੇ ਸਾਰੇ ਵਿਸ਼ਿਆਂ ਲਈ ਪੈਂਡਿੰਗ ਪਦਉਨਤੀਆਂ ਜਲਦ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ। ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੀ.ਈ.ਟੀ. ਪਾਸ ਹੋਣ ਦੀ ਸ਼ਰਤ ਹਟਾਉਣ ਅਤੇ ਪੈਡਿੰਗ ਵਿਸ਼ਿਆਂ ਲਈ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ। ਪ੍ਰਿੰਸੀਪਲ, ਜਿਲ੍ਹਾ ਸਿੱਖਿਆ ਅਫਸਰਾਂ, ਡਾਇਰੈਕਟਰਾਂ ਲਈ ਪੈਡਿੰਗ ਪਦਉੱਨਤੀਆਂ ਕਰਨ ਦੀ ਮੰਗ ਕੀਤੀ ਗਈ।

ਮੋਰਚੇ ਵੱਲੋਂ ਬੀ.ਪੀ.ਈ.ਓ. ਦਫਤਰਾਂ ‘ਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਿਸ ਮਿਡਲ ਸਕੂਲਾਂ ‘ਚ ਭੇਜਣ ਸਬੰਧੀ ਪ੍ਰਾਇਮਰੀ ਵਿੱਚ 2000 ਪੀ.ਟੀ.ਆਈ. ਦੀ ਨਵੀਂ ਭਰਤੀ ਹੋਣ ਉਪਰੰਤ ਹੱਲ ਕਰਨ ਦੀ ਗੱਲ ਆਖੀ ਗਈ। ਆਗੂਆਂ ਨੇ ਸਰੀਰਕ ਸਿੱਖਿਆ ਨੂੰ ਹਰ ਪੱਧਰ ‘ਤੇ ਲਾਜ਼ਮੀ ਵਿਸ਼ਾ ਰੱਖਣ ਦੀ ਮੰਗ ਕੀਤੀ।

ਮੋਰਚੇ ਵੱਲੋਂ ਵਿਦਿਆਰਥੀਆਂ ਦੀ ਵਧੀ ਗਿਣਤੀ ਅਨੁਸਾਰ ਹਰੇਕ ਕਾਡਰ ਦੀਆਂ ਨਵੀਂਆਂ ਅਸਾਮੀਆਂ ਦੇਣ, ਕਲਰਕਾਂ/ ਅਧਿਆਪਕਾਂ/ਸਕੂਲ ਮੁੱਖੀਆਂ ਨੂੰ ਕੇਵਲ ਇੱਕ ਸਕੂਲ ਦਾ ਹੀ ਚਾਰਜ ਦੇਣ ਅਤੇ ਖਾਲੀ ਅਸਾਮੀਆਂ ਅਨੁਸਾਰ ਨਵੀਂ ਭਰਤੀ ਕਰਨ। ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਸੱਤ ਪੋਸਟਾਂ ਅਨੁਸਾਰ ਪੁਰਾਣੀ ਸਥਿਤੀ ਬਹਾਲ ਕਰਨ ਸਬੰਧੀ ਸਿੱਖਿਆ ਸਕੱਤਰ ਨਾਲ ਖੁੱਲ ਕੇ ਚਰਚਾ ਹੋਈ। ਸਿੱਖਿਆ ਸਕੱਤਰ ਨੇ ਇਹਨਾਂ ਮਾਮਲਿਆਂ ਸਬੰਧੀ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਮੁੱਖ ਰੱਖਦਿਆਂ ਫੈਸਲੇ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਸਕੱਤਰ ਵੱਲੋਂ ਪੈਡਿੰਗ ਮਾਮਲਿਆਂ ‘ਤੇ ਅਗਲੇ ਦੌਰ ਵਿੱਚ ਮੁੜ 20 ਦਸੰਬਰ ਨੂੰ ਸਾਂਝੇ ਅਧਿਆਪਕ ਮੋਰਚੇ ਨਾਲ ਦੁਪਿਹਰ 12:30 ਵਜੇ ਦੁਬਾਰਾ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਕੁਲਦੀਪ ਸਿੰਘ ਦੌੜਕਾ, ਸ਼ਮਸ਼ੇਰ ਸਿੰਘ, ਜਸਪਾਲ ਸਿੰਘ ਧੀਰਪੁਰ ਅਤੇ ਸਤਨਾਮ ਸਿੰਘ ਫਗਵਾੜਾ ਵੀ ਮੌਜੂਦ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ