ਚੰਡੀਗੜ੍ਹ/ਜਲੰਧਰ, 08 ਜਨਵਰੀ, 2022 (ਦਲਜੀਤ ਕੌਰ ਭਵਾਨੀਗੜ੍ਹ)
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਅੱਜ ਕੱਢੀਆਂ ਗਈਆਂ ਮਾਸਟਰ ਕੇਡਰ ਦੇ ਅਧਿਆਪਕਾਂ ਦੀਆਂ 4161 ਅਸਾਮੀਆਂ ਦੇ ਨਵੇਂ ਇਸ਼ਤਿਹਾਰ ਤੋਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਇਹਨਾਂ ਨੂੰ ਮਾਮੂਲੀ ਅਸਾਮੀਆਂ ਦੱਸਦਿਆਂ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਅੰਸ਼ਿਕ ਜਿੱਤ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਦੋ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮੁਨੀਸ਼ ਕੁਮਾਰ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਕੜਕਦੀ ਠੰਡ ਅਤੇ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਵੀ ਟੈਂਕੀ ਉੱਤੇ ਬੈਠੇ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਦੇ ਨਵੇਂ ਇਸ਼ਤਿਹਾਰ ਜਾਰੀ ਹੋਣ ਕਾਰਨ ਟੈਂਕੀ ਤੇ ਚੜ੍ਹੇ ਇਨ੍ਹਾਂ ਦੋਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ 10 ਜਨਵਰੀ ਨੂੰ ਟੈਂਕੀ ਤੋਂ ਹੇਠਾਂ ਉਤਾਰ ਕੇ ਮਾਣ-ਸਤਿਕਾਰ ਸਹਿਤ ਉਨ੍ਹਾਂ ਦੇ ਘਰ ਛੱਡਿਆ ਜਾਵੇਗਾ ਅਤੇ ਨਵੀਂ ਸਰਕਾਰ ਬਣਨ ਉਪਰੰਤ ਫੇਰ 18 ਮਾਰਚ ਤੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਸ਼੍ਰੀ ਢਿੱਲਵਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਵਾਲੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਯੂਨੀਅਨ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰੀਆਂ ਜਾਣ, ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 9000 ਅਸਾਮੀਆਂ ਦਿੱਤੀਆਂ ਜਾਣ, ਪ੍ਰੰਤੂ ਸਰਕਾਰ ਨੇ ਪਿਛਲੇ ਸਮੇਂ ਸਿਰਫ ਕਰੀਬ 150 ਅਤੇ ਹੁਣ 4185 ਅਸਾਮੀਆਂ ਵਿੱਚ ਸਿਰਫ 1400 ਕਰੀਬ ਅਸਾਮੀਆਂ ਦਿੱਤੀਆਂ ਹਨ, ਜਿਹੜੀਆਂ ਕਿ ਫੇਰ ਬੇਰੁਜ਼ਗਾਰਾਂ ਨਾਲ ਕੋਝਾ ਮਜ਼ਾਕ ਹੈ।
ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਜ਼ੋਰਦਾਰ ਵਿਰੋਧ ਜਾਰੀ ਰਹੇਗਾ, ਕਿਉਂਕਿ ਪਿਛਲੇ 140 ਦਿਨਾਂ ਤੋਂ ਮੁਨੀਸ਼ ਕੁਮਾਰ ਅਤੇ ਪਿਛਲੇ 75 ਦਿਨਾਂ ਤੋਂ ਜਸਵੰਤ ਘੁਬਾਇਆ ਦੋਵੇਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਕੜਕਦੀ ਠੰਡ ਅਤੇ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਵੀ ਟੈਂਕੀ ਉੱਤੇ ਬੈਠੇ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਤੇ ਬਹੁਤ ਤਸ਼ੱਸਦ ਕੀਤੇ ਗਏ। ਉਨ੍ਹਾਂ ਕਿਹਾ ਕਿ ਜਾਰੀ ਅਸਾਮੀਆਂ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਅੰਸ਼ਿਕ ਜਿੱਤ ਹੈ, ਜਿਸ ਦਾ ਸਿਹਰਾ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਬੇਰੁਜ਼ਗਾਰਾਂ ਨੂੰ ਜਾਂਦਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ