ਨਵੀਂ ਦਿੱਲੀ, 21 ਫਰਵਰੀ, 2020:
ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਚੇਅਰਮੈਨ ਸ੍ਰ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਦਿੱਲੀ ਦੀ ਮਾਣਯੋਗ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਚਲ ਰਹੇ ਮਾਮਲੇ ਵਿਚ ਰੋਜ਼ਾਨਾ ਆਧਾਰ ‘ਤੇ ਜਾਂਚ ਮੁਕੰਮਲ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਪੇਸ਼ ਹੋਏ ਵਕੀਲ ਪ੍ਰਸੁੰਨ ਕੁਮਾਰ ਨੇ ਅਦਾਲਤ ‘ਚ ਕਿਹਾ ਕਿ 10 ਸਾਲ ਹੋ ਗਏ ਹਨ ਚਾਰਜਸ਼ੀਟ ਦਾਖਿਲ ਨਹੀਂ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਇਸ ਕੇਸ ਇਕਨੋਕਿਮ ਵਿੰਗ ਤੋਂ ਕ੍ਰਾਇਮ ਬ੍ਰਾਂਚ ਨੂੰ ਟਰਾਂਸਫ਼ਰ ਕਰ ਦਿੱਤਾ। ਹੁਣ ਵੀ ਪ੍ਰਸੁੰਨ ਕੁਮਾਰ ਵੱਲੋਂ ਇਹ ਮੰਗ ਰੱਖੀ ਗਈ ਕਿ ਇਸ ਕੇਸ ਦੀ ਸੁਣਵਾਈ ਰੋਜ਼ਾਨਾ ਹੋਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਸੀ ਐਮ.ਐਮ. ਗੁਰਮੋਹਿਨਾ ਕੌਰ ਦੀ ਅਦਾਲਤ ਵਿਚ ਸਰਨਾ ਖਿਲਾਫ ਧਾਰਾ 420, 468 ਅਤੇ 471 ਆਈ ਪੀ ਸੀ ਤਹਿਤ ਦਰਜ ਕੇਸ ਦੀ ਸੁਣਵਾਈ ਹੋਈ ਜਿਸ ਦੌਰਾਨ ਸਬੰਧਤ ਕ੍ਰਾਈਮ ਬਰਾਂਚ ਦੇ ਡੀ ਸੀ ਪੀ ਵੱਲੋਂ ਸਟੇਟਸ ਰਿਪੋਰਟ ਦਾਇਰ ਕੀਤੀ ਗਈ।
ਉਹਨਾਂ ਦੱਸਿਆ ਕਿ ਅਦਾਲਤ ਵਿਚ ਦੱਸਿਆ ਗਿਆ ਕਿ ਕ੍ਰਾਈਮ ਬਰਾਂਚ ਰੋਜ਼ਾਨਾ ਆਧਾਰ ‘ਤ ਪੜਤਾਲ ਕਰ ਰਹੀ ਹੈ ਤੇ ਇਸ ਮਾਮਲੇ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ। ਜਾਂਚ ਅਫਸਰ ਨੇ ਅਗਲੀ ਰਿਪੋਰਟ ਦਾਇਰ ਕਰਨ ਵਾਸਤੇ ਮੋਹਲਤ ਮੰਗੀ।
ਸ੍ਰੀ ਭੋਗਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਦਿੱਲੀ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜਾਂਚ ਛੇਤੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਅਤੇ ਅਦਾਲਤ ਨੇ ਅਗਲੀ ਸੁਣਵਾਈ ਲਈ 16 ਮਾਰਚ ਦੀ ਤਾਰੀਕ ਤੈਅ ਕੀਤੀ ਹੈ ਜਿਸ ਦੌਰਾਨ ਸਬੰਧ ਆਈ ਓ ਵੱਲੋਂ ਤਾਜ਼ਾ ਸਟੇਟਸ ਰਿਪੋਰਟ ਦਾਇਰ ਕੀਤੀ ਜਾਵੇਗੀ।
ਸ੍ਰੀ ਭੋਗਲ ਨੇ ਦੱਸਿਆ ਕਿ ਸਰਨਾ ਵੱਲੋਂ ਮਾਰੀ ਠੱਗੀ ਦੇ ਮਾਮਲੇ ਵਿਚ ਉਸਨੂੰ ਸਜ਼ਾ ਹੋਣੀ ਤੈਅ ਹੈ ਤੇ ਮਾਮਲੇ ਵਿਚ ਅਦਾਲਤ ਦੀ ਨਿਗਰਾਨੀ ਹੇਠ ਹੋ ਰਹੀ ਜਾਂਚ ਵਿਚ ਸਰਨਾ ਵੱਲੋਂ ਕੀਤੇ ਬਜਰ ਪਾਪ ਸਾਬਤ ਹੋ ਜਾਣਗੇ। ਉਹਨਾਂ ਕਿਹਾ ਕਿ ਉਹ ਸਰਨਾ ਨੂੰ ਉਸ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਦੁਆਉਣ ਲਈ ਦ੍ਰਿੜ ਸੰਕਲਪ ਹਨ ਤੇ ਇਸ ਮਾਮਲੇ ਨੂੰ ਇਸਦੇ ਅੰਜਾਮ ਤੱਕ ਪਹੁੰਚਾ ਕੇ ਹੀ ਦਮ ਲੈਣਗੇ।
ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਤੇ ਕਾਂਗਰਸ ਪਾਰਟੀ ਦਾ ਹੱਥਠੋਕਾ ਬਣਾ ਕੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਨਮਾਨਤ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਅਜਿਹੇ ਆਗੂ ਨੂੰ ਮੁਆਫ ਨਹੀਂ ਕਰੇਗੀ ਤੇ ਇਸ ਵੱਲੋਂ ਗੁਨਾਹਾਂ ਦੀ ਸਜ਼ਾ ਜਰੂਰ ਦੁਆਈ ਜਾਵੇਗੀ।