ਅਜੇ ਵੀ ਨਹੀਂ ਹੋਈ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀ ਸ਼ਨਾਖ਼ਤ; ਸਵੇਰੇ 11 ਵਜੇ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖ਼ਲ ਹੋ ਗਿਆ ਸੀ: ਸੁਖ਼ਜਿੰਦਰ ਸਿੰਘ ਰੰਧਾਵਾ

ਯੈੱਸ ਪੰਜਾਬ
ਅੰਮ੍ਰਿਤਸਰ, 19 ਦਸੰਬਰ, 2021:
ਸਨਿਚਰਵਾਰ ਨੂੰ ਸ਼ਾਮ ਦੇ ਦੀਵਾਨ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਪਰ ਸ੍ਰੀ ਦਰਬਾਰ ਸਾਹਿਬ ਦੀ ਸੀ.ਸੀ.ਟੀ.ਵੀ. ਕਵਰੇਜ ਤੋਂ ਉਸ ਬਾਰੇ ਕਈ ਖ਼ੁਲਾਸੇ ਹੋਏ ਹਨ।

ਇਹ ਪ੍ਰਗਟਾਵਾ ਰਾਜ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਐਤਵਾਰ ਸਵੇਰੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨਾਲ ਕੀਤੀ ਇਕ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਗ੍ਰਹਿ ਮੰਤਰੀ ਨੇ ਦੱਸਿਆ ਕਿ ਬੀਤੀ ਸ਼ਾਮ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਗੱਲਬਾਤ ਕੀਤੀ ਸੀ।

ਸ:ਰੰਧਾਵਾ ਨੇ ਦੱਸਿਆ ਕਿ ਉਕਤ ਵਿਅਕਤੀ ਸਵੇਰੇ 11.40 ’ਤੇ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਕਾਫ਼ੀ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੁੱਤਾ ਵੀ ਰਿਹਾ ਜਿਸ ਮਗਰੋਂ ਉਸਨੇ ਨਾ ਕੇਵਲ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਈ ਸਿਰੀ ਸਾਹਿਬ ਵੀ ਚੁੱਕ ਲਈ ਸੀ। ਇਸ ਤਰ੍ਹਾਂ ਇਹ ਦੋਸ਼ੀ ਲਗਪਗ 7 ਘੰਟੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਿਹਾ ਸੀ।

ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਧਾਰਾ 295-ਏ ਅਤੇ ਧਾਰਾ 307 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਜੇ ਤਕ ਸ੍ਰੀ ਦਰਬਾਰ ਸਾਹਿਬ ਤੋਂ ਮਿਲੀ ਸੀ.ਸੀ.ਟੀ.ਵੀ. ਫੁੱਟੇਜ ਦੇ ਆਧਾਰ ’ਤੇ ਉਸਦੀਆਂ ਤਸਵੀਰਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।

ਗ੍ਰਹਿ ਮੰਤਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਵਿੱਚ ਦਿੱਕਤ ਇਸ ਕਰਕੇ ਆ ਰਹੀ ਹੈ ਕਿਉਂਕਿ ਉਸ ਕੋਲੋਂ ਕੋਈ ਮੋਬਾਇਲ, ਕੋਈ ਪਰਸ ਅਤੇ ਆਧਾਰ ਕਾਰਡ ਸਣੇ ਕੋਈ ਵੀ ਹੋਰ ਸ਼ਨਾਖ਼ਤੀ ਸਬੂਤ ਨਹੀਂ ਮਿਲਿਆ।

ਸ:ਰੰਧਾਵਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਟਾਸਕ ਫ਼ੋਰਸ ਦਾ ਕੋਈ ਇੰਟੈਲੀਜੈਂਸ ਵਿੰਗ ਵੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਬੀਤੇ ਕਲ੍ਹ ਹੀ ਇਕ ਡਰੋਨ ਮਿਲਿਆ ਜਦਕਿ ਕੁਝ ਦਿਨ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖ਼ੇ ਬੇਹੁਰਮਤੀ ਦੀ ਕੋਸ਼ਿਸ਼ ਕੀਤੀ ਗਈ ਅਤੇ ਫ਼ਿਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚ ਸ੍ਰੀ ਗੁਟਕਾ ਸਾਹਿਬ ਸੁੱਟੇ ਜਾਣ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ।

ਪਤਾ ਲੱਗਾ ਹੈ ਕਿ ਪੁਲਿਸ ਨੇ ਇਸ ਦੋਸ਼ੀ ਦੀ ਲਾਸ਼ ਅਜੇ ਸਿਵਲ ਹਸਪਤਾਲ ਵਿਖ਼ੇ ਰਖ਼ਵਾ ਦਿੱਤੀ ਹੈ ਅਤੇ ਉਸਦੀ ਸ਼ਨਾਖ਼ਤ ਨੂੰ ਹੀ ਮੁੱਢਲੇ ਕਾਰਜ ਵਜੋਂ ਵੇਖ਼ਿਆ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ